Nazrana Times

ਪੰਜਾਬੀ

ਭਗਤ ਰਵਿਦਾਸ ਜੀ ਦਾ ਅਸਲੀ ਅਪਮਾਨ , ਉਹਨਾਂ ਦੇ ਨਾਮ ਤੇ ਨਕਲੀ ਬਾਈ

31 Jan, 2026 07:08 PM
ਭਗਤ ਰਵਿਦਾਸ ਜੀ ਦਾ ਅਸਲੀ ਅਪਮਾਨ  , ਉਹਨਾਂ ਦੇ ਨਾਮ ਤੇ ਨਕਲੀ ਬਾਈ

ਕਿਸੇ ਲੇਖਕ ਜਾਂ ਕਵੀ ਦੇ ਨਾਂ ‘ਤੇ ਫ਼ਰਜ਼ੀ ਰਚਨਾਵਾਂ ਘੜਨੀਆਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਪਰ ਭਗਤ ਰਵਿਦਾਸ ਜੀ ਦੇ ਨਾਂ ‘ਤੇ ਵੱਡਾ ਡੇਰਾ ਚਲਾਉਣ ਵਾਲਿਆਂ ਨੇ ਇਹ ਗੁਨਾਹ ਭਗਤ ਰਵਿਦਾਸ ਜੀ ਦੇ ਨਾਂ ‘ਤੇ ਕੀਤਾ।
ਇਹ ਮਾਰਚ 2013 ਦੀ ਖਬਰ ਹੈ। ਫਗਵਾੜੇ ਲਾਗੇ ਚੱਕ ਹਕੀਮ ਵਿਖੇ ਭਗਤ ਰਵਿਦਾਸ ਜੀ ਦੇ ਨਾਂ ‘ਤੇ ਬਣੇ ਦੇਹਰੇ ਦੇ ਮਹੰਤ ਪਰਸ਼ੋਤਮ ਦਾਸ ਨੇ ਠੋਕ ਵਜਾ ਕੇ ਦਾਅਵਾ ਕੀਤਾ ਸੀ ਕਿ ਡੇਰਾ ਬੱਲਾਂ ਵੱਲੋ ਛਪਵਾਏ ਗਏ ਅਮ੍ਰਿਤਬਾਣੀ ਗ੍ਰੰਥ ਅੰਦਰ ਅਸਲ 'ਚ 80% ਰਚਨਾਵਾਂ ਉਹ ਸਨ, ਜੋ ਕਿ ਇਸ ਦੇਹਰੇ ਦੇ ਸਾਧੂ ਹੀਰਾ ਦਾਸ ਜੀ ਦੇ ਲਿਖੇ ਤੇ 1912 ਵਿਚ ਛਪਵਾਏ "ਸ੍ਰੀ ਰਵਿਦਾਸ ਦੀਪ ਗ੍ਰੰਥ" ਵਿਚੋਂ ਨਕਲ ਕੀਤੀਆਂ ਗਈਆਂ ਸਨ ਤੇ ਜਗ੍ਹਾ-ਜਗ੍ਹਾ ਹੀਰਾ ਦਾਸ ਜੀ ਦਾ ਨਾਂ ਕੱਟ ਕੇ "ਰਵਿਦਾਸ" ਲਿਖ ਦਿੱਤਾ। ਹੀਰਾ ਦਾਸ ਜੀ ਭਗਤ ਜੀ ਦੇ ਸ਼ਰਧਾਲੂ ਸਨ ਤੇ ਉਨ੍ਹਾਂ ਦੀ ਉਸਤਤ 'ਚ ਜਾਂ ਉਨ੍ਹਾਂ ਨਾਲ ਜੋੜ ਕੇ ਉਨ੍ਹਾਂ ਇਹ ਗ੍ਰੰਥ ਲਿਖਿਆ।
ਕੀ ਮਹਾਪੁਰਸ਼ਾਂ ਦੀ ਬਾਣੀ ਨਾਲ ਇਹੀ ਜਿਹੀ ਛੇੜ-ਛਾੜ ਕਿਸੇ ਪਾਪ ਤੇ ਵੱਡੇ ਅਪਮਾਨ ਤੋਂ ਘੱਟ ਹੈ ? 
ਡੇਰਾ ਬੱਲਾਂ ਜਾਂ ਇਸਦੇ ਕਿਸੇ ਸਮਰਥਕ ਨੇ ਮਹੰਤ ਪਰਸ਼ੋਤਮ ਦਾਸ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਨਹੀਂ ਕੀਤਾ।
ਕੀ ਜੇ ਕੋਈ ਰਵਿਦਾਸੀਆ ਬਰਾਦਰੀ ਤੋਂ ਬਾਹਰਲਾ ਬੰਦਾ ਇਹੋ ਜਿਹੀ ਹਰਕਤ ਕਰਦਾ ਤਾਂ ਭਾਈਚਾਰੇ ਦੇ ਲੋਕ ਬਰਦਾਸ਼ਤ ਕਰਦੇ? ਸਾਰੇ ਅੰਬੇਡਕਰੀ ਤੇ ਹੋਰ ਭਗਤ ਰਵਿਦਾਸ ਜੀ ਦੇ ਨਾਂ ‘ਤੇ ਚਲਦੀਆਂ ਸੰਸਥਾਵਾਂ ਉਸ ਵਿਅਕਤੀ ‘ਤੇ ਨਾ ਸਿਰਫ 295A ਦਾ ਕੇਸ ਦਰਜ ਕਰਾਉਂਦੇ, ਉਸ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ, ਕਈ "ਦੋਸ਼ੀ" ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦੇ, ਕੋਈ ਤੋੜ-ਭੰਨ ਵੀ ਹੁੰਦੀ। ਪੰਜਾਬ ਦੇ ਬੋਧੀ ਸੱਜਣ ਵੀ ਇਸ ਮੁਹਿੰਮ 'ਚ ਅੱਗੇ ਹੁੰਦੇ।
ਜਿਹੜੇ ਬੰਦੇ ਭਗਤ ਰਵਿਦਾਸ ਜੀ ਨੂੰ ਭਗਤ ਲਿਖਣ ਬੋਲਣ ‘ਤੇ ਇਤਰਾਜ਼ ਕਰਦੇ ਨੇ ਤੇ ਧਮਕੀਆਂ ਤੱਕ ਦਿੰਦੇ ਨੇ, ਕੀ ਉਹ ਕਦੇ ਇਸ ਵੱਡੇ ਗੁਨਾਹ ਖਿਲਾਫ ਬੋਲੇ ? ਜਾਂ ਫਿਰ ਰਵਿਦਾਸੀਆ ਬਰਾਦਰੀ ਦੇ ਡੇਰਿਆਂ ਤੇ ਬੰਦਿਆਂ ਨੂੰ ਰਵਿਦਾਸ ਜੀ ਨੂੰ ਗੁਰੂ ਜਾਂ ਸਤਿਗੁਰੂ ਲਿਖ ਕੇ ਸਾਰਾ ਕੁਝ ਕਰਨ ਦੀ ਖੁੱਲ੍ਹ ਹੈ।
ਗੁਰੂ ਹਰ ਰਾਏ ਸਾਹਿਬ ਨੇ ਰਾਮ ਰਾਏ ਨਾਲੋਂ ਗੁਰਬਾਣੀ ਦੀ ਇਕ ਤੁਕ ਵਿਚੋਂ ਇਕ ਲਫ਼ਜ਼ ਬਦਲਣ ਕਰਕੇ ਨਾਤਾ ਤੋੜ ਲਿਆ ਸੀ। ਜੇ ਅੱਜ ਵੀ ਕੋਈ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰੇ ਤਾਂ ਸਿੱਖ ਬਰਦਾਸ਼ਤ ਨਹੀਂ ਕਰਦੇ।
ਪਰ ਭਗਤ ਲਿਖਣ, ਬੋਲਣ ਤੇ ਵੱਡਾ ਮੁੱਦਾ ਬਣਾਉਣ ਵਾਲੇ ਭਗਤ ਰਵਿਦਾਸ ਜੀ ਦੀ ਇੰਨੀ ਵੱਡੀ ਤੌਹੀਨ ‘ਤੇ ਬਿਲਕੁਲ ਚੁੱਪ ਰਹੇ ਨੇ ਤੇ ਅੱਜ ਤੱਕ ਚੁੱਪ ਨੇ।
ਗੱਲ ਸਾਫ ਹੈ ਕਿ ਅਮ੍ਰਿਤਬਾਣੀ ਗ੍ਰੰਥ ਦਾ ਹਾਲੇ ਵੀ ਕਈ ਜਗ੍ਹਾ ਪ੍ਰਕਾਸ਼ ਹੋਏਗਾ ਤੇ ਇਹ ਤੌਹੀਨ ਅਜੇ ਵੀ ਜਾਰੀ ਹੈ।
ਇਹ ਸਧਾਰਨ ਸ਼ਰਧਾਲੂਆਂ ਨਾਲ ਵੱਡਾ ਧੋਖਾ ਹੈ। ਕਿਸੇ ਡੇਰੇ ਕੋਲ ਨਵੀਂ ਰਵਿਦਾਸ ਬਾਣੀ ਪੈਦਾ ਕਰਨ ਦਾ ਅਧਿਕਾਰ ਕਿਵੇਂ ਆ ਗਿਆ, ਜਿਸ ਨਾਲ ਭਗਤ ਜੀ ਦੀ ਵਿਚਾਰਧਾਰਾ ਪ੍ਰਤੀ ਉਲਝਾਆ ਪੈਦਾ ਹੋਵੇ ? ਇਹੀ ਕੁਝ ਹਿੰਦੂਤਵੀ ਤਾਕਤਾਂ ਪਹਿਲਾਂ ਹੀ ਕਰ ਰਹੀਆਂ ਹਨ।
ਕੀ ਇਸ ਦਾ ਵੱਡਾ ਮਕਸਦ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦਾ ਤੇ ਸਿੱਖਾਂ ਅਤੇ ਗੈਰ-ਸਿੱਖ ਜਾਂ ਹਿੰਦੂ ਪਛਾਣ ਵਾਲੇ ਰਵਿਦਾਸੀਆਂ ਵਿਚਾਲੇ ਕੁੜੱਤਣ ਵਧਾਉਣੀ ਨਹੀਂ ਸੀ ? ਮਤਲਬ ਬਾਬੂ ਕਾਂਸ਼ੀ ਰਾਮ ਵੱਲੋਂ ਕੀਤੇ ਕੰਮ ਨੂੰ ਪੁੱਠਾ ਗੇੜਾ ਦੇਣਾ। 
ਇਹ ਗੱਲ ਵੀ ਸਪਸ਼ਟ ਹੈ ਕਿ ਭਗਤ ਲਿਖਣ, ਬੋਲਣ ਤੇ ਰੌਲਾ ਪਾਉਣ ਵਾਲਿਆਂ ਦਾ ਅਸਲ ਏਜੰਡਾ ਸਿਰਫ ਪਾੜਾ ਪਾਉਣਾ, ਜਾਤੀਵਾਦੀ ਪਛਾਣ ਤੇ ਸਿਆਸਤ ਨੂੰ ਅੱਗੇ ਵਧਾਉਣਾ ਹੈ। ਅਸਲ 'ਚ ਇਹ ਸਾਰਾ ਕੁਝ ਮਨੂਵਾਦੀ /ਜਾਤਵਾਦੀ ਮਾਨਸਿਕਤਾ 'ਚੋਂ ਨਿਕਲਦਾ ਹੈ। ਹੁਣ ਇਹ ਸਾਰਾ ਕੁਝ ਹਿੰਦੂਤਵੀ ਤਾਕਤਾਂ ਨੂੰ ਵੀ ਸੂਤ ਬੈਠਦਾ ਹੈ।
ਬਾਕੀ ਜੇ ਕੋਈ ਭਗਤ ਰਵਿਦਾਸ ਲਿਖਣ, ਬੋਲਣ ‘ਤੇ ਕੇਸ ਦਰਜ ਕਰਾਉਣਾ ਚਾਹੁੰਦਾ ਹੈ ਤਾਂ ਕੋਈ ਮਿੰਨਤਾਂ ਕਰਨ ਦੀ ਲੋੜ ਨਹੀਂ, ਕੇਸ ਦਰਜ ਕਰਾਉਣ ਦਿਓ। ਕਿਸੇ ਅਦਾਲਤ 'ਚ ਇਹੋ ਜਿਹਾ ਜਾਅਲੀ ਕੇਸ ਨਹੀਂ ਖੜ ਸਕਦਾ, ਪੁਲਿਸ ਦਾ ਫਿਰਕੂ ਚਿਹਰਾ ਵੀ ਨੰਗਾ ਹੋਏਗਾ, ਨਾਲੇ ਸੰਘੀ ਏਜੰਡੇ ‘ਤੇ ਕੰਮ ਕਰਨ ਵਾਲੇ ਨੰਗੇ ਹੋਣਗੇ।

Posted By: GURBHEJ SINGH ANANDPURI