ਅੱਜ ਕਿੱਥੇ ਹੈ ਦਮਦਮੀ ਟਕਸਾਲ...?
27 Jan, 2026 06:26 PM
ਬੀਤੇ ਕੱਲ੍ਹ ਚਾਰ ਪੰਥਕ ਜਥੇਬੰਦੀਆਂ ਵੱਲੋਂ ਜਦੋਂ ਸ੍ਰੀ ਅੰਮ੍ਰਿਤਸਰ 'ਚ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਦੇ 40 ਸਾਲ ਪੂਰੇ ਹੋਣ 'ਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ ਤਾਂ ਓਥੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ "ਦਮਦਮੀ ਟਕਸਾਲ ਨੇ ਕੌਮ ਦੀ ਬਹੁਤ ਸੇਵਾ ਕੀਤੀ ਹੈ, 26 ਜਨਵਰੀ ਦਾ ਸਰਬੱਤ ਖ਼ਾਲਸਾ ਵੀ ਦਮਦਮੀ ਟਕਸਾਲ ਵੱਲੋਂ ਬੁਲਾਇਆ ਗਿਆ ਸੀ ਤੇ ਬਾਅਦ ਵਿੱਚ ਖ਼ਾਲਿਸਤਾਨ ਦਾ ਐਲਾਨ ਵੀ ਕੀਤਾ ਗਿਆ ਪਰ ਅਫ਼ਸੋਸ ਜਿਹੜੀਆਂ ਸਾਡੀਆਂ ਮਾਣਮੱਤੀ ਸੰਸਥਾਵਾਂ ਸਿੱਖ ਕੌਮ ਨੂੰ ਕਾਮਯਾਬ ਕਰਦੀਆਂ ਸਨ ਤੇ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦੀਆਂ ਸਨ, ਅੱਜ ਉਹ ਖੁਰਦੀਆਂ ਜਾ ਰਹੀਆਂ ਹਨ, ਵੱਡੇ-ਵੱਡੇ ਸਿੱਖ ਆਗੂ ਬੀ.ਜੇ.ਪੀ. ਵਿੱਚ ਜਾ ਰਹੇ ਹਨ ਜਦ ਕਿ ਅੱਜ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ।" ਖ਼ਾਲਿਸਤਾਨੀ ਆਗੂ ਸਿਮਰਨਜੀਤ ਸਿੰਘ ਮਾਨ ਦੇ ਇਹ ਬੋਲ ਸੁਣ ਕੇ ਸਭ ਪਾਸੇ ਇਹ ਚਰਚਾ ਚੱਲ ਪਈ ਕਿ ਅੱਜ ਦਮਦਮੀ ਟਕਸਾਲ ਕਿੱਥੇ ਹੈ ? ਤੇ ਦਮਦਮੀ ਟਕਸਾਲ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਉਹ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਭੁੱਲ ਕੇ ਹਿੰਦੂਤਵੀ ਪਾਰਟੀ ਭਾਜਪਾ ਦਾ ਸਮਰਥਨ ਕਿਉਂ ਕਰ ਰਹੇ ਹਨ ? ਉਹ ਪੰਥਕ ਅਤੇ ਖ਼ਾਲਿਸਤਾਨੀ ਜਥੇਬੰਦੀਆਂ ਤੋਂ ਦੂਰੀ ਬਣਾ ਕੇ ਹਿੰਦੂਤਵੀਆਂ ਨਾਲ ਕਿਉਂ ਰਲ-ਮਿਲ ਗਏ ਹਨ ? ਉਹ ਕਦੇ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਤੋਂ ਸਿਰੋਪੇ ਲੈ ਕੇ, ਕਦੇ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਕੇ, ਕਦੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿੱਚ ਬਹਿ ਕੇ, ਕਦੇ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਨਾਲ ਸਟੇਜ ਸਾਂਝੀ ਕਰਕੇ, ਕਦੇ ਕੁੰਭ ਦੇ ਮੇਲੇ 'ਚ ਗੰਗਾ ਨਹਾ ਕੇ, ਕਦੇ ਬਾਦਲਾਂ ਅਤੇ ਕਦੇ ਭਾਜਪਾ ਲਈ ਵੋਟਾਂ ਮੰਗ ਕੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਕਿਉਂ ਰੋਲ ਰਹੇ ਹਨ ? ਜਿਹੜੀ ਦਮਦਮੀ ਟਕਸਾਲ ਕਲਗੀਧਰ ਪਾਤਸ਼ਾਹ ਵੱਲੋਂ ਵਰੋਸਾਈ ਹੋਵੇ ਜਿਸ ਦੇ ਪਹਿਲੇ ਦੋ ਮੁਖੀਆਂ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸੀਸ ਵਾਰੇ ਹੋਣ, ਜਿਸ ਜਥੇਬੰਦੀ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਐਮਰਜੰਸੀ ਲੱਗੀ ਹੋਣ ਦੇ ਬਾਵਜੂਦ 37 ਨਗਰ ਕੀਰਤਨ ਕੱਢ ਕੇ ਦਿੱਲੀ 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਲਕਾਰਿਆ ਹੋਵੇ ਤੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਇੰਡੀਅਨ ਸਟੇਟ, ਕਾਂਗਰਸੀਆਂ, ਭਾਜਪਾਈਆਂ, ਸੰਘੀਆਂ, ਕਾਮਰੇਡਾਂ ਤੇ ਫ਼ਿਰਕੂ ਹਿੰਦੂਵਾਦੀ ਤਾਕਤਾਂ ਨਾਲ ਟੱਕਰ ਲਈ ਹੋਵੇ ਅਤੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਮੋਰਚਾ ਲਗਾਇਆ, ਸਿੱਖ ਕੌਮ ਨੂੰ ਕੁੰਭਕਰਨੀ ਨੀਂਦ 'ਚੋਂ ਜਗਾਇਆ, ਵੱਖਰੇ ਅਤੇ ਨਿਆਰੇਪਨ ਦਾ ਅਹਿਸਾਸ ਕਰਵਾਇਆ, ਗ਼ੁਲਾਮੀ ਤੋਂ ਅਜ਼ਾਦੀ ਦਾ ਰਾਹ ਵਿਖਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਦਿਆਂ ਟੈਂਕਾਂ-ਤੋਪਾਂ ਅੱਗੇ ਸੀਨਾ ਡਾਹਿਆ ਹੋਵੇ ਅੱਜ ਓਸੇ ਟਕਸਾਲ ਦਾ ਮੁਖੀ ਅਖਵਾਉਂਦਾ ਬਾਬਾ ਹਰਨਾਮ ਸਿੰਘ ਧੁੰਮਾ ਜੋ ਸਿਆਸੀ ਆਗੂਆਂ ਅੱਗੇ ਲੇਲਕੜੀਆਂ ਲੈਂਦਾ ਸ਼ੋਭਦਾ ਨਹੀਂ ਹੈ। ਟਕਸਾਲ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਨੇ ਜੂਨ 1984 ਘੱਲੂਘਾਰਾ ਅਤੇ ਨਵੰਬਰ 1984 ਨਸਲਕੁਸ਼ੀ ਵਾਪਰਨ ਤੋਂ ਬਾਅਦ ਬਹੁਤ ਭਿਆਨਕ ਸਮੇਂ ਵਿੱਚ ਸਿੱਖ ਕੌਮ ਦੀ ਸੁਚੱਜੀ ਅਗਵਾਈ ਕੀਤੀ, ਭਾਰਤੀ ਹਾਕਮਾਂ ਨੂੰ ਵੰਗਾਰਦਿਆਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਕਰਵਾਇਆ, ਖਿੰਡੇ-ਪੁੰਡੇ ਸਿੰਘਾਂ ਨੂੰ ਇਕੱਠਿਆਂ ਕੀਤਾ, ਜੁਝਾਰੂ ਸਿੰਘਾਂ ਨੂੰ ਥਾਪੜੇ ਦੇ ਕੇ ਖ਼ਾਲਿਸਤਾਨ ਦੀ ਜੰਗ-ਏ-ਅਜ਼ਾਦੀ ਵੱਲ ਤੋਰਿਆ, ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜੀ, ਬਾਬਾ ਜੋਗਿੰਦਰ ਸਿੰਘ ਰੋਡੇ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਚੋਣਾਂ 'ਚ ਸਾਥ ਦਿੱਤਾ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਹੋਰ ਉੱਚਾ ਕੀਤਾ। ਪਰ ਅੱਜ ਬਾਬਾ ਹਰਨਾਮ ਸਿੰਘ ਧੁੰਮਾ ਕਿਹੜੇ ਰਾਹ ਪੈ ਗਏ ਹਨ ? ਉਹ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਅਤੇ 29 ਅਪ੍ਰੈਲ 1986 ਦੇ ਖ਼ਾਲਿਸਤਾਨ ਐਲਾਨ ਨੂੰ ਕਿਉਂ ਭੁੱਲੇ ਹੋਏ ਹਨ ? ਬਾਬਾ ਧੁੰਮਾ ਨੇ ਉਸ ਭਾਜਪਾ ਨਾਲ ਯਾਰੀ ਕਿਉਂ ਪਾ ਲਈ ਹੈ ਜਿਹੜੀ ਸੰਤ ਜਰਨੈਲ ਸਿੰਘ ਜੀ ਨੂੰ ਅੱਤਵਾਦੀ ਅਤੇ ਭਸਮਾਸੁਰ ਰਾਖਸ਼ਸ਼ ਆਖਦੀ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਸਮਰਥਨ ਕੀਤਾ, ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕੀਤਾ ਤੇ ਸਿੱਖਾਂ ਵਿਰੁੱਧ ਨਾਹਰੇ ਲਾਏ, ਜਿਹੜੀ ਅੱਜ ਵੀ ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਵਾ ਚੁੱਕੀ ਹੈ, ਜਿਹੜੀ ਭਾਜਪਾ ਤੇ ਆਰ ਐਸ ਐਸ ਲਗਾਤਾਰ ਸਿੱਖਾਂ 'ਤੇ ਸਿਧਾਂਤਕ ਅਤੇ ਸਰੀਰਕ ਹਮਲੇ ਕਰ ਰਹੀ ਹੈ ਤੇ ਪੰਥ ਅਤੇ ਪੰਜਾਬ ਦੇ ਹੱਕ ਖੋਹ ਰਹੀ ਹੈ। ਉਸ ਭਾਜਪਾ ਲਈ ਬਾਬਾ ਹਰਨਾਮ ਸਿੰਘ ਧੁੰਮਾ ਮਹਾਂਰਾਸ਼ਟਰ ਵਿੱਚ ਵੋਟਾਂ ਮੰਗ ਕੇ, ਉਹਨਾਂ ਦੇ ਆਗੂਆਂ ਨੂੰ ਸਿਰੋਪੇ-ਕਿਰਪਾਨਾਂ ਅਤੇ ਗੁਲਦਸਤੇ ਭੇਟ ਕਰਕੇ ਸੰਤ ਜਰਨੈਲ ਸਿੰਘ ਜੀ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਦੇ ਉਲਟ ਕਿਉਂ ਚੱਲ ਰਹੇ ਹਨ ?

ਟਕਸਾਲ ਮੁਖੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਵੀ ਫਟਕਾਰ ਪਾ ਦਿੰਦੇ ਸਨ ਪਰ ਹੁਣ ਬਾਬਾ ਧੁੰਮਾ ਭਾਜਪਾ ਆਗੂਆਂ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆਂ ਖ਼ੁਦ ਹੀ ਗੁਰੂ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਲੱਤਾਂ ਲਮਕਾ ਕੇ ਬੇਅਦਬੀ ਕਰਦੇ ਹਨ। ਜਦੋਂ ਬਾਬਾ ਧੁੰਮਾ ਨੇ ਕੁੰਭ ਵਿੱਚ ਇਸ਼ਨਾਨ ਕੀਤਾ ਸੀ ਤਾਂ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੂੰ ਵੀ ਰੋਹ 'ਚ ਆ ਕੇ ਕਹਿਣਾ ਪੈ ਗਿਆ ਸੀ ਕਿ "ਬਾਬਾ ਹਰਨਾਮ ਸਿੰਘ ਜੀ! ਰੱਬ ਦਾ ਵਾਸਤਾ ਜੇ ਟਕਸਾਲ ਦਾ ਥੋੜ੍ਹਾ ਜਿਹਾ ਖਿਆਲ ਰੱਖੋ, ਜੇ ਗੰਗਾ ਐਨੀ ਚੰਗੀ ਲੱਗਦੀ ਏ ਤਾਂ ਗਾਤਰੇ-ਕਿਰਪਾਨਾਂ ਛੱਡ ਦਿਓ ਘਰਾਂ 'ਚ ਅਤੇ ਲਾਹ ਦਿਓ ਟਕਸਾਲ ਵਾਲਾ ਬਾਣਾ, ਫਿਰ ਗੰਗਾ ਛੱਡ ਕੇ ਭਾਵੇਂ ਬੁੱਢੇ ਨਾਲ਼ੇ 'ਚ ਤੁਰੇ ਫਿਰੋ ਅਸੀਂ ਕੀ ਲੈਣਾ! ਸਾਨੂੰ ਦਰਦ ਓਦੋਂ ਆਉਂਦਾ ਜਦੋਂ ਸਾਡੀਆਂ ਸੰਸਥਾਵਾਂ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਜਾਂਦੇ ਓ, ਇੱਕ ਪਾਸੇ ਸੰਤ ਜਰਨੈਲ ਸਿੰਘ ਮਹਾਨ ਯੋਧਾ ਜੋ ਓਸੇ ਟਕਸਾਲ ਦੇ ਮੁਖੀ ਸਨ ਪਰ ਹਿੰਦੁਸਤਾਨ ਦੀ ਹਕੂਮਤ ਅੱਗੇ ਹਿੱਕ ਡਾਹ ਕੇ ਖੜ੍ਹੇ ਤੇ ਦੂਜੇ ਪਾਸੇ ਉਸ ਥਾਂ 'ਤੇ ਆਪਣੇ ਆਪ ਨੂੰ ਬੈਠੇ ਕਹਿਣ ਵਾਲੇ ਅੱਜ ਹਿੰਦੂਤਵੀਆਂ ਦੀਆਂ ਲੱਤਾਂ ਦੇ ਥੱਲਿਓਂ ਲੰਘ ਕੇ ਗੰਗਾ ਵਿੱਚ ਡੁਬਕੀਆਂ ਮਾਰਦੇ ਫਿਰਦੇ ਨੇ, ਇਹ ਸਾਡੀ ਕੌਮ ਦੇ ਲੀਡਰਾਂ ਦਾ ਹਾਲ ਹੋ ਗਿਆ।" ਸੱਚਮੁੱਚ ਬਾਬਾ ਧੁੰਮਾ ਨੇ ਅੱਜ ਦਮਦਮੀ ਟਕਸਾਲ ਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਸੁੱਟਿਆ ਹੈ ਤੇ ਉਹ ਸਿੱਖ ਸੰਘਰਸ਼ ਦਾ ਭੋਗ ਪਾ ਰਹੇ ਹਨ ਤਾਂ ਹੀ ਤਾਂ ਲੋਕ ਸੋਸ਼ਲ ਮੀਡੀਆ ਅਤੇ ਹੋਰ ਪੰਥਕ ਸਟੇਜਾਂ ਉੱਤੇ ਕਹਿ ਰਹੇ ਹਨ ਕਿ ਅੱਜ ਕਿੱਥੇ ਹੈ ਦਮਦਮੀ ਟਕਸਾਲ ? ਅੱਜ ਹਲਾਤ ਇਹ ਬਣ ਗਏ ਹਨ ਕਿ ਬਾਬਾ ਧੁੰਮਾਂ ਦੀਆਂ ਗਲਤੀਆਂ ਕਰਕੇ ਕੁਝ ਲੋਕ ਦਮਦਮੀ ਟਕਸਾਲ ਨੂੰ ਨਾਗਪੁਰੀ ਟਕਸਾਲ ਆਖ ਰਹੇ ਹਨ। ਪੰਥਕ ਜਥੇਬੰਦੀਆਂ ਦੇ ਆਗੂ, ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਸਿੱਖ ਸੰਗਤਾਂ ਦਮਦਮੀ ਟਕਸਾਲ ਨੂੰ ਬਚਾਉਣ ਲਈ ਦੁਹਾਈ ਦੇ ਰਹੀਆਂ ਹਨ। ਦਮਦਮੀ ਟਕਸਾਲ ਦੇ ਪੁਰਾਣੇ ਅਤੇ ਨਵੇਂ ਸੁਹਿਰਦ ਵਿਦਿਆਰਥੀ ਬਹੁਤ ਚਿੰਤਾ ਵਿੱਚ ਹਨ ਤੇ ਉਹ ਸਿੱਖ ਕੌਮ ਅਤੇ ਦਮਦਮੀ ਟਕਸਾਲ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਲਈ ਯਤਨਸ਼ੀਲ ਹਨ। ਅਸੀਂ ਵੀ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਦਮਦਮੀ ਟਕਸਾਲ ਦਾ ਪੁਰਾਤਨ ਖ਼ਾਲਸਾਈ, ਪੰਥਕ, ਸਿਧਾਂਤਕ ਅਤੇ ਜੁਝਾਰੂ ਸਰੂਪ ਵੇਖਣ ਨੂੰ ਮਿਲੇ ਤੇ ਸਿੱਖ ਕੌਮ ਦਾ ਆਪਣਾ ਮੁਲਕ ਖ਼ਾਲਿਸਤਾਨ ਆਜ਼ਾਦ ਹੋਵੇ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.
Posted By: GURBHEJ SINGH ANANDPURI








