Nazrana Times

ਪੰਜਾਬੀ

ਲਾਪਤਾ 328 ਸਰੂਪਾਂ ਦੇ ਦੋਸ਼ੀ ਸਤਿੰਦਰ ਕੋਹਲੀ ਦੇ ਹੱਕ 'ਚ ਖੜ੍ਹਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸਿਆਲਕਾ ਅਸਤੀਫ਼ਾ ਦੇਣ : ਭਾਈ ਵਡਾਲਾ/ਰਣਜੀਤ ਸਿੰਘ

02 Jan, 2026 08:05 PM
ਲਾਪਤਾ 328 ਸਰੂਪਾਂ ਦੇ ਦੋਸ਼ੀ ਸਤਿੰਦਰ ਕੋਹਲੀ ਦੇ ਹੱਕ 'ਚ ਖੜ੍ਹਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸਿਆਲਕਾ ਅਸਤੀਫ਼ਾ ਦੇਣ : ਭਾਈ ਵਡਾਲਾ/ਰਣਜੀਤ ਸਿੰਘ

ਅੰਮ੍ਰਿਤਸਰ, 2 ਜਨਵਰੀ , ਜੁਗਰਾਜ ਸਿੰਘ ਸਰਹਾਲੀ 
 

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਗ੍ਰਿਫ਼ਤਾਰ ਸਤਿੰਦਰ ਸਿੰਘ ਕੋਹਲੀ ਨੂੰ ਅਦਾਲਤ ਵਿੱਚੋਂ ਰਿਮਾਂਡ ਤੋਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਜੋ ਉਸ ਦੇ ਮੁਦੱਈ ਬਣ ਕੇ ਪੇਸ਼ ਹੋਏ ਹਨ। ਇਹ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਦੋਹਰਾ ਕਿਰਦਾਰ ਨਹੀਂ ਤਾਂ ਹੋਰ ਕੀ ਹੈ ? ਉਹਨਾਂ ਕਿਹਾ ਕਿ "ਇੱਕ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਖ ਰਹੇ ਹਨ ਕਿ ਉਹਨਾਂ 16 ਦੋਸ਼ੀਆਂ ਦੇ ਨਾਲ ਸਾਡਾ ਕੋਈ ਵਾਹ-ਵਾਸਤਾ ਨਹੀਂ ਹੈ, ਉਹਨਾਂ ਉੱਤੇ ਅਸੀਂ ਵਿਭਾਗੀ ਕਾਰਵਾਈ ਕਰ ਚੁੱਕੇ ਹਾਂ ਤੇ ਹੁਣ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ।" ਤੇ ਹੁਣ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਹੀ ਉਸ ਨੂੰ ਬਚਾਉਣ 'ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਆ ਚੁੱਕਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਅਤੇ ਸ਼੍ਰੋਮਣੀ ਕਮੇਟੀ ਦੇ ਚਾਰਟਰ ਅਕਾਊਟੈਂਟ ਨੂੰ ਬਚਾਉਣ ਲਈ ਹੀ ਸ਼੍ਰੋਮਣੀ ਕਮੇਟੀ ਕਾਨੂੰਨੀ ਕਾਰਵਾਈ ਤੋਂ ਪਿੱਛੇ ਹਟੀ ਸੀ ਤੇ ਇਸ ਦੋਸ਼ੀ ਕੋਹਲੀ ਪਾਸੋਂ ਸ਼੍ਰੋਮਣੀ ਕਮੇਟੀ ਨੇ 7 ਕਰੋੜ ਰੁਪਏ ਵਸੂਲਣੇ ਸਨ। ਪਰ ਅਜੇ ਤੱਕ ਉਸਨੇ ਗੁਰੂ ਘਰ ਦੇ ਪੈਸੇ ਵਾਪਸ ਨਹੀਂ ਮੋੜੇ। ਭਾਈ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵਿਖਾਵੇ ਮਾਤਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਉਸ ਕੋਲੋਂ 7 ਕਰੋੜ ਲੈਣ ਲਈ ਚਾਰ ਸਾਲ ਤੋਂ ਕੇਸ ਵੀ ਲਗਾਇਆ ਹੋਇਆ ਹੈ। ਪਰ ਹੁਣ ਜਦੋਂ 7 ਦਸੰਬਰ 2025 ਨੂੰ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੋਹਲੀ ਉੱਤੇ ਪਏ ਕੇਸ ਵਿੱਚ ਉਸ ਦਾ ਪੁਲਿਸ ਵੱਲੋਂ ਰਿਮਾਂਡ ਮੰਗਿਆ ਜਾ ਰਿਹਾ ਸੀ ਤਾਂ ਸ਼੍ਰੋਮਣੀ ਕਮੇਟੀ ਹੀ ਆਪਣਾ ਦੋਹਰਾ ਚਿਹਰਾ ਵਿਖਾਉਂਦੀ ਹੋਈ ਉਸ ਦੇ ਹੱਕ ਵਿੱਚ ਖੜ੍ਹ ਗਈ। ਭਾਈ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸੁਖਬੀਰ ਸਿੰਘ ਬਾਦਲ ਦਾ ਦੋਗਲਾ ਚਿਹਰਾ ਨੰਗਾ ਹੋ ਚੁੱਕਾ ਹੈ, ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੈਤਿਕਤਾ ਦੇ ਆਧਾਰ ਉੱਤੇ ਤੁਰੰਤ ਅਸਤੀਫ਼ਾ ਦੇਣ। ਉਹਨਾਂ ਕਿਹਾ ਕਿ ਵੈਸੇ ਵੀ ਪਿਛਲੇ 15 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ, ਇਹਨਾਂ ਨੇ ਤਾਨਾਸ਼ਾਹ ਬਣ ਕੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਅਤੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾ ਰਹੇ ਹਨ, ਗੁਰੂ ਘਰ ਦਾ ਪੈਸਾ ਬਾਦਲਕਿਆਂ ਨੂੰ ਲੁਟਾਇਆ ਜਾ ਰਿਹਾ ਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਦਿਨੋਂ ਦਿਨ ਰੁਲ ਰਿਹਾ ਹੈ। ਉਹਨਾਂ ਕਿਹਾ ਕਿ ਕੋਹਲੀ ਨੇ ਸ਼੍ਰੋਮਣੀ ਕਮੇਟੀ ਦਾ ਕੰਮ ਵੀ ਨਹੀਂ ਕੀਤਾ, ਕਰੋੜਾਂ ਰੁਪਏ ਵੀ ਲੈ ਲਏ ਤੇ ਉਹ ਲਾਪਤਾ 328 ਪਾਵਨ ਸਰੂਪਾਂ ਦਾ ਵੀ ਦੋਸ਼ੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਦੇ ਕਹੇ ਉੱਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਰਹੀ ਹੈ, ਜਦ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਾਂਚ ਵਿੱਚ ਸਰਕਾਰ ਦਾ ਸਹਿਯੋਗ ਕਰੇ। ਉਹਨਾਂ ਕਿਹਾ ਕਿ 16 ਦੋਸ਼ੀਆਂ ਉੱਤੇ ਕਾਰਵਾਈ ਕਰਵਾਉਣ ਲਈ ਪੰਥਕ ਜਥੇਬੰਦੀਆਂ ਨੂੰ ਸਾਢੇ ਪੰਜ ਸਾਲ ਸੰਘਰਸ਼ ਕਰਨਾ ਪਿਆ ਹੈ ਤੇ ਸ਼੍ਰੋਮਣੀ ਕਮੇਟੀ ਹੁਣ ਫਿਰ ਅੜਿੱਕੇ ਡਾਹ ਰਹੀ ਹੈ।

Posted By: TAJEEMNOOR KAUR

Loading…
Loading the web debug toolbar…
Attempt #