Nazrana Times

ਪੰਜਾਬੀ

ਧਰਮ ਯੁੱਧ ਮੋਰਚੇ ‘ਚ ਭਾਈ ਸੁਖਜੀਤ ਸਿੰਘ ਖੋਸਾ ਸਾਥੀਆਂ ਸਮੇਤ ਸ਼ਾਮਲ — ਦੋਸ਼ੀਆਂ ਖ਼ਿਲਾਫ ਸਖ਼ਤ ਕਾਨੂੰਨ ਦੀ ਗੂੰਜ ਤੇਜ਼

19 Mar, 2026 05:40 PM
ਧਰਮ ਯੁੱਧ ਮੋਰਚੇ ‘ਚ ਭਾਈ ਸੁਖਜੀਤ ਸਿੰਘ ਖੋਸਾ ਸਾਥੀਆਂ ਸਮੇਤ ਸ਼ਾਮਲ — ਦੋਸ਼ੀਆਂ ਖ਼ਿਲਾਫ ਸਖ਼ਤ ਕਾਨੂੰਨ ਦੀ ਗੂੰਜ ਤੇਜ਼

ਸਮਾਣਾ, ਨਜ਼ਰਾਨਾ ਟਾਈਮਜ 
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਰੱਖਿਆ ਲਈ ਚੱਲ ਰਹੇ ਸੰਘਰਸ਼ ਨੂੰ ਉਸ ਵੇਲੇ ਹੋਰ ਤਾਕਤ ਮਿਲੀ ਜਦੋਂ ਭਾਈ ਸੁਖਜੀਤ ਸਿੰਘ ਖੋਸਾ ਆਪਣੇ ਸਾਥੀਆਂ ਸਮੇਤ ਸਮਾਣਾ ਟਾਵਰ ਮੋਰਚੇ ਵਿੱਚ ਸ਼ਾਮਲ ਹੋਏ। ਇਸ ਮੋਰਚੇ ਨੂੰ ਹੁਣ “ਧਰਮ ਯੁੱਧ ਮੋਰਚਾ” ਦਾ ਨਾਂ ਦਿੱਤਾ ਗਿਆ ਹੈ, ਜੋ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਡਟ ਕੇ ਲੜ ਰਿਹਾ ਹੈ।
ਮੌਕੇ ‘ਤੇ ਸੰਬੋਧਨ ਕਰਦਿਆਂ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ
“ਜਦੋਂ ਤੱਕ ਬੇਅਦਬੀ ਕਰਨ ਵਾਲਿਆਂ ਨੂੰ ਕਾਨੂੰਨੀ ਸਜ਼ਾ ਨਹੀਂ ਮਿਲਦੀ, ਤਦ ਤੱਕ ਇਹ ਸੰਘਰਸ਼ ਰੁਕਣ ਵਾਲਾ ਨਹੀਂ। ਇਹ ਸਿਰਫ਼ ਇਕ ਮੋਰਚਾ ਨਹੀਂ, ਸਗੋਂ ਧਰਮ ਦੀ ਰੱਖਿਆ ਦੀ ਲੜਾਈ ਹੈ।”
ਉਨ੍ਹਾਂ ਹੋਰ ਤਿੱਖੇ ਬੋਲਾਂ ਵਿੱਚ ਕਿਹਾ ਕਿ
ਜਿਨ੍ਹਾਂ ਹਕੂਮਤਾਂ ਨੇ ਸਾਲਾਂ ਤੱਕ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਿਆ, ਉਹ ਹੁਣ ਜਵਾਬ ਦੇਣ ਲਈ ਤਿਆਰ ਰਹਿਣ। ਸਾਡਾ ਸਬਰ ਕਮਜ਼ੋਰੀ ਨਹੀਂ — ਜੇ ਲੋੜ ਪਈ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।”
ਸੰਗਤ ਵੱਲੋਂ ਅਰਦਾਸ ਕੀਤੀ ਗਈ ਕਿ ਸੱਚੇ ਪਾਤਸ਼ਾਹ ਸਾਰੇ ਸੰਘਰਸ਼ ਕਰ ਰਹੇ ਵੀਰਾਂ ਨੂੰ ਹੌਂਸਲਾ ਅਤੇ ਚੜ੍ਹਦੀ ਕਲਾ ਬਖ਼ਸ਼ਣ। ਖ਼ਾਸ ਤੌਰ ‘ਤੇ ਗੁਰਜੀਤ ਸਿੰਘ ਫੌਜੀ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਉਹ ਪੂਰੀ ਸ਼ਿੱਦਤ ਨਾਲ ਇਸ ਲੜਾਈ ਨੂੰ ਅੱਗੇ ਵਧਾ ਰਹੇ ਹਨ।
ਇਸ ਤੋਂ ਬਾਅਦ ਸਮਾਣਾ ਵਿੱਚ ਹੋਈ ਸੁਖਬੀਰ ਬਾਦਲ ਦੀ ਰੈਲੀ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ
“ਜੋ ਸਿੱਖ ਕੌਮ ਦੇ ਦਰਦ ਨੂੰ ਨਹੀਂ ਸਮਝੇ, ਉਹਨਾਂ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ।”
ਮੋਰਚੇ ‘ਚ ਸ਼ਾਮਲ ਸੰਗਤ ਦਾ ਜੋਸ਼ ਅਤੇ ਇਕਤਾ ਦੇਖਣਯੋਗ ਸੀ, ਜਿਸ ਨਾਲ ਸਪੱਸ਼ਟ ਹੈ ਕਿ ਇਹ ਲਹਿਰ ਹੁਣ ਹੋਰ ਵੱਡੇ ਪੱਧਰ ‘ਤੇ ਫੈਲਣ ਵਾਲੀ ਹੈ।

Posted By: GURBHEJ SINGH ANANDPURI