Nazrana Times

ਪੰਜਾਬੀ

ਜੰਗ ਦਾ ਅਖਾੜਾ ਬਣਿਆ ਸੋਸ਼ਲ ਮੀਡੀਆ

10 Feb, 2026 01:41 AM
ਜੰਗ ਦਾ ਅਖਾੜਾ ਬਣਿਆ ਸੋਸ਼ਲ ਮੀਡੀਆ

ਸੋਸ਼ਲ ਮੀਡੀਆ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਇੱਕ ਵਧੀਆ ਜ਼ਰੀਆ ਹੈ। ਸੁਹਿਰਦ ਸਿੱਖ ਨੌਜਵਾਨ ਸੋਸ਼ਲ ਮੀਡੀਆ ਦੀ ਸਾਰਥਿਕ ਢੰਗ ਨਾਲ਼ ਵਰਤੋਂ ਕਰਦੇ ਹਨ ਪਰ ਵੱਡੀ ਗਿਣਤੀ ਉਨ੍ਹਾਂ ਨਾ-ਸਮਝ ਅਤੇ ਗੁੰਮਰਾਹ ਹੋਏ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਜੰਗ ਦਾ ਅਖਾੜਾ ਬਣਾਇਆ ਹੋਇਆ ਹੈ। ਉਹ ਇੱਕ-ਦੂਜੇ ਨੂੰ ਭੰਡਣ, ਬਦਨਾਮ ਕਰਨ ਅਤੇ ਨੀਂਵਾਂ ਗਰਦਾਨਣ ‘ਚ ਰੁੱਝੇ ਰਹਿੰਦੇ ਹਨ। ਕਈ ਤਾਂ ਵਿਵਾਦਿਤ ਮੁੱਦਿਆਂ ਨੂੰ ਉਛਾਲ ਕੇ ਵਾਰ-ਵਾਰ ਸਵਾਦ ਭਾਲੀ ਜਾਂਦੇ ਹਨ। ਕਈ ਆਪਣੇ ਧੜੇ ਦੇ ਪੱਖ ਨੂੰ ਸੌ ਪ੍ਰਤੀਸ਼ਤ ਸਹੀ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਦਿੰਦੇ ਹਨ ਅਤੇ ਦੂਜਿਆਂ ਨੂੰ ਗ਼ਲਤ ਅਤੇ ਗ਼ੱਦਾਰ ਕਹਿ ਕੇ ਭੰਡਦੇ ਹਨ। ਕਈ ਮਨਮਰਜ਼ੀ ਦੇ ਬੇ-ਬੁਨਿਆਦ ਇਲਜ਼ਾਮ ਲਗਾ ਕੇ ਝੂਠੀਆਂ ਲਿਖਤਾਂ ਦੇ ਸਹਾਰੇ ਕੁਰਬਾਨੀ ਵਾਲੇ ਸਿੰਘਾਂ ਦੀ ਪੱਤ ਰੋਲ ਰਹੇ ਹਨ। ਕਈਆਂ ਨੇ ਭੱਦੀਆਂ ਟਿੱਪਣੀਆਂ ਕਰਕੇ ਅਸਹਿਮਤੀ ਵਾਲ਼ੀ ਧਿਰ ਨਾਲ ਦੁਸ਼ਮਣੀਆਂ ਪਾ ਲਈਆਂ ਹਨ। ਨਕਲੀ ਫੇਸਬੁੱਕ ਖਾਤਿਆਂ ਰਾਹੀਂ ਸਰਗਰਮ ਲੋਕ ਅਸੱਭਿਅਕ ਅਤੇ ਅਸ਼ਲੀਲ ਗੱਲਾਂ ਲਿਖੀ ਜਾਂਦੇ ਹਨ, ਧੀਆਂ-ਭੈਣਾਂ ਦੀਆਂ ਤਸਵੀਰਾਂ ਐਡਿਟ ਕਰਕੇ ਸਮਾਜ ‘ਚ ਉਨ੍ਹਾਂ ਦੀ ਖਿੱਲੀ ਉਡਾਉਣ ਦੀ ਕੋਸ਼ਿਸ਼ ਕਰਦੇ ਹਨ, ਜਥੇਬੰਦੀਆਂ ‘ਚ ਦੁਫੇੜ ਪਾਇਆ ਜਾ ਰਿਹਾ ਹੈ। ਕਿਸੇ ਘਟਨਾ ਜਾਂ ਵਿਅਕਤੀ ਬਾਰੇ ਗਲ਼ਤ ਅਫ਼ਵਾਹਾਂ ਅਤੇ ਤੱਥ-ਹੀਣ ਖ਼ਬਰਾਂ ਨੂੰ ਅੱਗ ਵਾਂਗ ਫੈਲਾਇਆ ਜਾ ਰਿਹਾ ਹੈ। ਸਿੱਖ ਕੌਮ ਦੀਆਂ ਸਤਿਕਾਰਤ ਹਸਤੀਆਂ ਅਤੇ ਸੰਤਾਂ-ਮਹਾਂਪੁਰਖਾਂ ਪ੍ਰਤੀ ਸਿੱਖੀ ਭੇਸ ‘ਚ ਲੁਕੇ ਕੁਝ ਭੇਖੀ ਐਨੀ ਘਟੀਆ ਪੱਧਰ ਦੀ ਦੂਸ਼ਣਬਾਜੀ ਕਰਦੇ ਹਨ ਕਿ ਪੜ੍ਹ-ਦੇਖ ਕੇ ਸੰਤਾਪ ਚੜ੍ਹ ਜਾਂਦਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੁਰਾਤਨ ਸਿੰਘਾਂ ਨੇ ਮੱਸਾ ਰੰਘੜ, ਮੀਰ ਮੰਨੂ ਜਾਂ ਅਬਦਾਲੀ ਵਰਗੇ ਦੁਸ਼ਮਣਾਂ ਦੇ ਖਿਲਾਫ਼ ਵੀ ਐਨੀ ਨੀਚ ਕਿਸਮ ਦੀ ਕਦੇ ਭੈੜੀ ਸ਼ਬਦਾਵਲੀ ਨਹੀਂ ਵਰਤੀ ਹੋਣੀ, ਜਿੰਨੀ ਅੱਜ ਜਥੇਬੰਦੀਆਂ ਜਾਂ ਸੰਸਥਾਂਵਾਂ ਦੇ ਆਗੂ ਅਤੇ ਮੈਂਬਰ ਸੋਸ਼ਲ ਮੀਡੀਆ 'ਤੇ ਆਪਣੇ ਹੀ ਭਰਾਵਾਂ ਦੇ ਵਿਰੋਧ ‘ਚ ਭੰਡੀ ਅਤੇ ਕੂੜ ਪ੍ਰਚਾਰ ਕਰਨ ਸਮੇਂ ਵਰਤਦੇ ਹਨ। 
ਸੋਸ਼ਲ ਮੀਡੀਆ ਦਾ ਹੱਦ ਤੋਂ ਵੱਧ ਦੁਰ-ਉਪਯੋਗ ਹੋ ਰਿਹਾ ਹੈ, ਇਸ ਖ਼ਤਰਨਾਕ ਵਰਤਾਰੇ ਨੂੰ ਰੋਕਣਾ ਸੰਭਵ ਨਹੀਂ ਹੈ। ਕਿਉਂਕਿ ਹਰ ਕੋਈ ਆਪਣੀ ਡੁੱਗ-ਡੁਗੀ ਵਜਾ ਕੇ ਬਹੁਤ ਖੁਸ਼ ਹੈ। ਮੰਨਦੇ ਹਾਂ ਕਿ ਹਰੇਕ ਦਾ ਆਪਣਾ ਨਜ਼ਰੀਆ ਹੈ ਤੇ ਇਹ ਉਸ ਦਾ ਹੱਕ ਵੀ ਹੈ। ਪਰ ਬਾਣੀ-ਬਾਣਾ ਅਤੇ ਸਿੱਖ ਮਰਯਾਦਾ ਤੇ ਪ੍ਰੰਪਰਾਵਾਂ ਤੇ ਕਿੰਤੂ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਹੈ ? ਸਿੱਖ ਨੌਜਵਾਨੋਂ, ਸੋਸ਼ਲ ਮੀਡੀਆ ਦੀ ਜੇਕਰ ਤੁਸੀਂ ਚੰਗੇ ਤਰੀਕੇ ਨਾਲ ਵਰਤੋਂ ਕਰੋਗੇ ਤਾਂ ਬਹੁਤ ਮਸਲੇ ਹੱਲ ਹੋ ਸਕਦੇ ਹਨ। ਸਿੱਖੀ ਦਾ ਪ੍ਰਚਾਰ ਕਰਕੇ ਲੋਕਾਂ ‘ਚ ਧਾਰਮਿਕ ਜਾਗ੍ਰਿਤੀ ਲਿਆਓ, ਸਿਆਸੀ ਚੇਤਨਾ ਪ੍ਰਚੰਡ ਕਰੋ, ਕੌਮ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ ਪੇਸ਼ ਕਰੋ, ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਓ, ਨਸ਼ਿਆਂ ਅਤੇ ਪਤਿਤਪੁਣੇ ਦੇ ਵਿਰੁੱਧ ਲਹਿਰ ਖੜ੍ਹੀ ਕਰੋ। ਆਪਣੇ ਧਰਮ, ਬੋਲੀ, ਸੱਭਿਆਚਾਰ ਅਤੇ ਸੋਹਣੇ ਦੇਸ਼ ਪੰਜਾਬ ਨੂੰ ਬਚਾਉਣ ਲਈ ਸੋਸ਼ਲ ਮੀਡੀਆ 'ਤੇ ਅਜਿਹਾ ਮਾਹੌਲ ਸਿਰਜੋ ਕਿ ਲੋੜ ਪੈਣ 'ਤੇ ਸਮਾਜ ਤੁਹਾਡਾ ਸਾਥ ਦੇਵੇ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ : 8872293883.

Posted By: GURBHEJ SINGH ANANDPURI