ਨਿਊਜੀਲੈਂਡ ‘ਚ ਨਗਰ ਕੀਰਤਨ ਨੂੰ ਰੋਕਣਾ ਅਤਿ ਨਿੰਦਣ ਯੋਗ ਘਟਨਾ :- ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ।
23 Dec, 2025 03:35 AM
ਮਹਿਤਾ ਚੌਂਕ , ਜੁਗਰਾਜ ਸਿੰਘ ਸਰਹਾਲੀ
ਨਿਊਜੀਲੈਂਡ ਵਿਚ ਸਥਾਨਕ ਕੁਝ ਕੁ ਲੋਕਾਂ ਨੇ ਸਿੱਖਾਂ ਵੱਲੋਂ ਕੱਢਿਆ ਜਾ ਰਿਹਾ ਨਗਰ ਕੀਰਤਨ ਰੋਕਿਆ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਾਡੀ ਧਰਤੀ ਹੈ ਇਥੋ ਵਾਪਿਸ ਜਾਓ ।
ਸਿੱਖ ਧਰਮ ਦੀ ਮੂਲ ਸਿੱਖਿਆ “ਸਰਬੱਤ ਦਾ ਭਲਾ” ਹੈ। ਇਸ ਮਸਲੇ ਵਿਚ ਕਿਸੇ ਵੀ ਉਕਸਾਏ ਜਾਂ ਭਾਵੁਕ ਨਾਅਰਿਆਂ, ਤਕਰਾਰ ਜਾਂ ਹਿੰਸਕ ਪ੍ਰਤੀਕਿਰਿਆ ਤੋਂ ਬਚਿਆ ਜਾਣਾ ਚਾਹੀਦਾ ਸੀ ਜਦਕਿ ਸਿੱਖਾਂ ਵੱਲੋਂ ਬਹੁਤ ਸ਼ਾਂਤਮਈ ਵਿਵਹਾਰ ਸਦਕਾ ਇਸ ਘਟਨਾ ਨਾਲ ਨਜਿੱਠਿਆ ਗਿਆ ਜੋ ਕਿ ਸਿੱਖੀ ਦੀ ਅਸਲ ਤਾਕਤ ਹੈ।
ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਆਪਣੇ ਤੌਰ ਤੇ ਅਤੇ ਸਮੂਹ ਸਿੱਖਾਂ ਦੇ ਨੁਮਾਇੰਦਿਆਂ ਨੂੰ ਇਕੱਤਰ ਹੋਕੇ ਸਥਾਨਕ (ਮਾਓਰੀ ਜਾਂ ਹੋਰ) ਸਮੁਦਾਇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਥੋਂ ਦੀ ਸਰਕਾਰ ਨੂੰ ਮਿਲਕੇ ਵੀ ਇਸ ਮਸਲੇ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ।
ਉਥੋਂ ਦੇ ਲੋਕਾਂ ਨੂੰ ਅਤੇ ਸਰਕਾਰਾ ਨੂੰ ਦੱਸਣਾ ਚਾਹੀਦਾ ਹੈ ਕਿ ਸਿੱਖ ਕਿਸੇ ਦੀ ਧਰਤੀ ‘ਤੇ ਕਬਜ਼ਾ ਕਰਨ ਨਹੀਂ ਆਏ, ਸਿੱਖ ਹਰ ਦੇਸ਼ ਦੇ ਕਾਨੂੰਨ ਅਤੇ ਸਥਾਨਕ ਸੱਭਿਆਚਾਰ ਦਾ ਅਤੇ ਧਾਰਮਿਕ ਰਹੁ ਰੀਤਾਂ ਦਾ ਸਨਮਾਨ ਕਰਦੇ ਹਨ, ਨਗਰ ਕੀਰਤਨ ਸਿਰਫ਼ ਆਤਮਿਕ ਅਤੇ ਸ਼ਾਂਤਮਈ ਧਾਰਮਿਕ ਪ੍ਰਕਿਰਿਆ ਹੈ।
ਨਿਊਜੀਲੈਂਡ ਦੀ ਸਰਕਾਰ ਨੂੰ ਵੀ ਪੂਰੀ ਸ਼ਖਤੀ ਵਰਤੇ ਹੋਏ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਿੱਖ ਪੰਥ ਅੰਦਰ ਪੈਦਾ ਹੋ ਰਹੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ ।
Posted By: GURBHEJ SINGH ANANDPURI








