Nazrana Times

ਪੰਜਾਬੀ

“ਅੰਮ੍ਰਿਤਸਰ ਬੰਬ ਧਮਾਕਾ”-ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ 'ਆਪ' ਸਰਕਾਰ ਦੀ ਸਖ਼ਤ ਨਿਖੇਧੀ

28 May, 2025 01:49 AM
“ਅੰਮ੍ਰਿਤਸਰ ਬੰਬ ਧਮਾਕਾ”-ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ 'ਆਪ' ਸਰਕਾਰ ਦੀ ਸਖ਼ਤ ਨਿਖੇਧੀ

ਪੰਜਾਬ 'ਚ ਮੁੜ ਸਿਰ ਚੁੱਕ ਰਹੀਆਂ ਕਾਲੇ ਦੌਰ ਦੀਆਂ ਤਾਕਤਾਂ,ਸਰਕਾਰ ਕੁੰਭਕਰਨੀ ਨੀਂਦ 'ਚ-ਬ੍ਰਹਮਪੁਰਾ

ਸਰਹੱਦ ਪਾਰੋਂ ਤਸਕਰੀ ਵੱਡਾ ਕੌਮੀ ਖਤਰਾ,ਐਨਆਈਏ ਜਾਂਚ ਹੋਵੇ: ਬ੍ਰਹਮਪੁਰਾ ਦੀ ਕੇਂਦਰ ਨੂੰ ਅਪੀਲ

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ,27 ਮਈ

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ 'ਤੇ ਹੋਏ ਬੰਬ ਧਮਾਕੇ ਦੀ ਘਟਨਾ 'ਤੇ ਡੂੰਘਾ ਦੁੱਖ ਅਤੇ ਰੋਸ ਪ੍ਰਗਟ ਕਰਦੇ ਹੋਏ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਮੁਕੰਮਲ ਨਾਕਾਮੀ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਮੁੜ ਕਾਲੇ ਦੌਰ ਦੀਆਂ ਤਾਕਤਾਂ ਸਿਰ ਚੁੱਕ ਰਹੀਆਂ ਹਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸ.ਬ੍ਰਹਮਪੁਰਾ ਨੇ ਕਿਹਾ,ਅੱਜ ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਹੋਇਆ ਬੰਬ ਧਮਾਕਾ ਕੋਈ ਮਾਮੂਲੀ ਘਟਨਾ ਨਹੀਂ,ਸਗੋਂ 'ਆਪ' ਸਰਕਾਰ ਦੇ ਉਨ੍ਹਾਂ ਸਾਰੇ ਝੂਠੇ ਦਾਅਵਿਆਂ ਦਾ ਜਨਾਜ਼ਾ ਹੈ ਜੋ ਉਹ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਰਾਹੀਂ ਕਰ ਰਹੀ ਹੈ।ਜਦੋਂ ਸੂਬੇ ਦੇ ਗ੍ਰਹਿ ਮੰਤਰੀ ਖੁਦ ਮੁੱਖ ਮੰਤਰੀ ਹੋਣ, ਤਾਂ ਅਜਿਹੀ ਘਟਨਾ ਲਈ ਸਿੱਧੀ ਜ਼ਿੰਮੇਵਾਰੀ ਉਨ੍ਹਾਂ ਦੀ ਬਣਦੀ ਹੈ।ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ 'ਤੇ ਇੱਕ ਮਿੰਟ ਵੀ ਆਪਣੀ ਕੁਰਸੀ 'ਤੇ ਰਹਿਣ ਦਾ ਹੱਕ ਨਹੀਂ ਹੈ।ਉਨ੍ਹਾਂ ਨੇ 'ਆਪ' ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ,ਮੈਂ ਕੁਝ ਦਿਨ ਪਹਿਲਾਂ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਇੱਕ ਵੱਡਾ ਰਾਸ਼ਟਰੀ ਖ਼ਤਰਾ ਹੈ ਅਤੇ ਇਸ ਦੀ ਜਾਂਚ ਐਨ.ਆਈ.ਏ. ਨੂੰ ਸੌਂਪੀ ਜਾਵੇ,ਪਰ ਸਰਕਾਰ ਨੇ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ,ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।ਪੁਲਿਸ ਦਾ ਇਹ ਕਹਿਣਾ ਕਿ ਧਮਾਕਾਖੇਜ਼ ਸਮੱਗਰੀ ਪਾਕਿਸਤਾਨ ਤੋਂ ਆਈ ਅਤੇ ਇਸ ਪਿੱਛੇ ਬੱਬਰ ਖਾਲਸਾ ਦਾ ਹੱਥ ਹੋ ਸਕਦਾ ਹੈ,ਇਹ ਸੂਬੇ ਦੇ ਖੁਫ਼ੀਆ ਤੰਤਰ ਦੇ ਪੂਰੀ ਤਰ੍ਹਾਂ ਫੇਲ੍ਹ ਹੋਣ ਦਾ ਪ੍ਰਤੱਖ ਸਬੂਤ ਹੈ।

ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਸਰਹੱਦੀ ਖ਼ੇਤਰ ਦੀ ਬਦਤਰ ਹਾਲਤ ਦਾ ਜ਼ਿਕਰ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ,ਇਹ ਸਿਰਫ਼ ਅੰਮ੍ਰਿਤਸਰ ਦੀ ਗੱਲ ਨਹੀਂ।ਤਰਨ ਤਾਰਨ ਵਿੱਚ ਥਾਣੇ 'ਤੇ ਆਰ.ਪੀ.ਜੀ ਹਮਲਾ, ਸਾਡੇ ਖੇਤਾਂ ਵਿੱਚ ਲਗਾਤਾਰ ਡਰੋਨਾਂ ਦਾ ਆਉਣਾ ਅਤੇ ਹਥਿਆਰ ਸੁੱਟਣਾ ਹੁਣ ਰੋਜ਼ ਦੀ ਗੱਲ ਹੋ ਗਈ ਹੈ।ਸਰਹੱਦੀ ਇਲਾਕੇ ਦੇ ਲੋਕ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀਅ ਰਹੇ ਹਨ,ਪਰ 'ਆਪ' ਸਰਕਾਰ ਦੇ ਮੰਤਰੀ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਵਿਰੋਧੀ ਧਿਰ 'ਤੇ ਸਿਆਸਤ ਕਰਨ ਦੇ ਝੂਠੇ ਦੋਸ਼ ਲਗਾ ਰਹੇ ਹਨ।ਸ.ਬ੍ਰਹਮਪੁਰਾ ਨੇ ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਅਤੇ ਸਰਹੱਦ ਪਾਰੋਂ ਹੋ ਰਹੀ ਤਸਕਰੀ ਦੇ ਪੂਰੇ ਨੈੱਟਵਰਕ ਦੀ ਜਾਂਚ ਤੁਰੰਤ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੂੰ ਸੌਂਪੀ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਉਹ ਜਲਦ ਹੀ ਇੱਕ ਵਫ਼ਦ ਨਾਲ ਮਾਣਯੋਗ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਨੂੰ ਪੰਜਾਬ ਦੀ ਅਸਲ ਸਥਿਤੀ ਤੋਂ ਜਾਣੂ ਕਰਵਾਉਣਗੇ ਅਤੇ ਜੇਕਰ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕੇ ਤਾਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਸੰਘਰਸ਼ ਕੀਤਾ ਜਾਵੇਗਾ।

Posted By: GURBHEJ SINGH ANANDPURI

Loading…
Loading the web debug toolbar…
Attempt #