ਬਾਦਲ ਦਲੀਓ! ਹੁਣ ਪਛਤਾਉਣ ਦਾ ਕੀ ਫਾਇਦਾ...?
21 Mar, 2026 02:30 AM
ਆਰ.ਐੱਸ.ਐੱਸ./ਭਾਜਪਾ ਨੇ ਹਿੰਦੂ ਹਿੱਤ ਵਿੱਚ ਲਗਾਤਾਰ ਕੰਮ ਕਰਦਿਆਂ ਹਿੰਦੂਆਂ ਦੇ ਮਨਾਂ ਵਿੱਚ ਥਾਂ ਬਣਾਇਆ, ਭਰੋਸਾ ਕਾਇਮ ਕੀਤਾ ਤੇ ਐਨਾ ਜ਼ੋਰਦਾਰ ਵਿਸ਼ਵਾਸ ਬਣਾਇਆ ਕਿ ਹਿੰਦੂ ਬੇਸ਼ੱਕ ਆਰ.ਐੱਸ.ਐੱਸ./ਭਾਜਪਾ ਦੀ ਲੀਡਰਸ਼ਿਪ ਦੇ ਬੜੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਹੁੰਦੇ ਤਾਂ ਵੀ ਵੋਟ ਪਾਉਣ ਮੌਕੇ ਆਪਣਾ ਭਰੋਸਾ ਆਰ.ਐੱਸ.ਐੱਸ./ਭਾਜਪਾ ਵਿੱਚ ਹੀ ਰੱਖਦੇ ਨੇ। ਹਿੰਦੂ ਹਿੱਤ ਵਿੱਚ ਲਗਾਤਾਰ ਕੰਮ ਕਰਦਿਆਂ ਆਰ.ਐੱਸ.ਐੱਸ./ਭਾਜਪਾ ਨੇ ਹਿੰਦੂਆਂ ਦੇ ਮਨਾਂ ਵਿੱਚ ਓਹੀ ਭਰੋਸੇ ਦੀ ਭਾਵਨਾ ਜਗਾ ਦਿੱਤੀ ਜੋ ਕਦੇ ਪੁਰਾਤਨ ਅਕਾਲੀਆਂ ਪ੍ਰਤੀ ਸਿੱਖਾਂ ਦੇ ਮਨਾਂ ਵਿੱਚ ਹੁੰਦੀ ਸੀ। ਸਿਤਮਜ਼ਰੀਫ਼ੀ ਦੀ ਇੰਤਹਾ ਵੇਖੋ ਕਿ ਅੱਜ ਆਰ.ਐੱਸ.ਐੱਸ./ਭਾਜਪਾ ਨੂੰ ਸਿਰਫ਼ ਉਹ ਹਿੰਦੂ ਹੀ 'ਸਭ ਤੋਂ ਵੱਧ ਪਿਆਰੇ' ਨੇ ਜਿਹੜੇ ਹਿੰਦੂਤਵ ਪ੍ਰਤੀ ਦ੍ਰਿੜ੍ਹ ਹੋਣ ਜਦੋਂ ਕਿ ਅਕਾਲੀਆਂ ਨੂੰ 'ਸਭ ਤੋਂ ਮਾੜੇ ਸਿੱਖ' ਉਹ ਲੱਗਦੇ ਨੇ ਜਿਹੜੇ ਸਿੱਖੀ ਵਿੱਚ ਦ੍ਰਿੜ ਹੋਣ। ਆਰ.ਐੱਸ.ਐੱਸ./ਭਾਜਪਾ ਨੂੰ ਸਭ ਤੋਂ ਪਿਆਰੇ ਉਹ ਹਿੰਦੂ ਨੇ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀ ਭਾਵਨਾ ਰੱਖਦੇ ਹੋਣ ਜਦਕਿ ਅਕਾਲੀਆਂ ਨੂੰ ਸਭ ਤੋਂ ਭੈੜੇ ਉਹ ਲੱਗਦੇ ਨੇ ਜਿਹੜੇ 'ਰਾਜ ਕਰੇਗਾ ਖ਼ਾਲਸਾ' ਦੀ ਭਾਵਨਾ ਰੱਖਦੇ ਹੋਣ। ਆਰ.ਐੱਸ.ਐੱਸ./ਭਾਜਪਾ ਨੇ ਅਕਾਲੀਆਂ ਤੋਂ ਸਬਕ ਸਿੱਖ ਕੇ ਹਿੰਦੂਆਂ ਦੀ ਐਨੀ ਚੜ੍ਹਤ ਬਣਾ ਦਿੱਤੀ ਕਿ ਅੱਜ ਉਹ ਪਾਰਲੀਮੈਂਟ ਰਾਹੀਂ ਜੋ ਚਾਹੁਣ ਕਰਨ ਜੋਗੇ ਨੇ ਤੇ ਇਸ ਸਥਿਤੀ ਲਈ ਕਾਮਰੇਡ ਹਿੰਦੂ, ਕਾਂਗਰਸੀ ਹਿੰਦੂ, ਬਸਪਾਈ ਹਿੰਦੂ ਤੇ ਹਰ ਤਰ੍ਹਾਂ ਦਾ ਹਿੰਦੂ ਆਰ.ਐੱਸ.ਐੱਸ./ਭਾਜਪਾ ਦਾ ਕਾਇਲ ਹੈ ਕਿ ਇਸ ਜਮਾਤ ਨੇ ਹਿੰਦੂ ਨੂੰ ਬੇਮਿਸਾਲ ਚੜ੍ਹਤ ਦੇ ਦਿੱਤੀ ਹੈ। ਆਰ.ਐੱਸ.ਐੱਸ./ਭਾਜਪਾ ਇਸ ਨਾਲੋਂ ਵਧੀਆ ਹੋਰ ਕਿਹੜੀ ਸਥਿਤੀ ਪੈਦਾ ਕਰ ਸਕਦੀ ਹੈ ? ਅੱਜ ਪਾਰਲੀਮੈਂਟ ਰਾਹੀਂ ਹਿੰਦੂ ਜੋ ਚਾਹੁਣ ਕਰਨ ਜੋਗੇ ਨੇ। ਆਰ.ਐੱਸ.ਐੱਸ./ਭਾਜਪਾ ਦੇ ਸਿਆਸੀ ਵਿਰੋਧੀ ਵੀ ਕਾਇਲ ਹੋ ਗਏ ਹਨ ਜਦਕਿ ਦੂਜੇ ਪਾਸੇ ਅਕਾਲੀਆਂ ਦੇ ਸਾਰੇ ਸਿਆਸੀ ਵਿਰੋਧੀ ਅਤੇ ਖ਼ਾਲਸਾ ਪੰਥ ਜੁੱਤੀ ਲੈ ਕੇ ਲੱਭਦਾ ਫਿਰਦਾ ਹੈ ਕਿ ਬਾਦਲਕਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨਾਲ਼ ਡਟ ਕੇ ਸ਼ਰਮਨਾਕ ਸਥਿਤੀ ਪੈਦਾ ਕਰ ਦਿੱਤੀ। ਜਿਸ ਆਰ.ਐੱਸ.ਐੱਸ./ਭਾਜਪਾ ਨੂੰ ਹਿੰਦੂ ਮਨ ਕੱਟੜਵਾਦੀ ਸਮਝ ਕੇ ਨੇੜੇ ਨਹੀਂ ਸੀ ਆਉਂਦਾ ਅੱਜ ਓਹੀ ਹਿੰਦੂ-ਮਨ ਆਰ.ਐੱਸ.ਐੱਸ./ਭਾਜਪਾ ਦੀ ਸਦਾ ਖੈਰ-ਸੁੱਖ ਮੰਗਦਾ ਹੈ ਜਦਕਿ ਉਹ ਸਿੱਖ-ਮਨ ਜਿਹੜਾ ਹਰ ਮੌਕੇ ਅਕਾਲੀਆਂ ਦੇ ਕੁਰਬਾਨ ਜਾਂਦਾ ਸੀ ਅੱਜ ਦੇ ਅਕਾਲੀਆਂ ਨੂੰ ਲਾਹਣਤਾਂ ਪਾ ਰਿਹਾ ਹੈ। ਆਰ.ਐੱਸ.ਐੱਸ./ਭਾਜਪਾ ਨੇ ਅਕਾਲੀਆਂ ਤੋਂ ਸੇਧ ਲੈ ਕੇ ਸਭ ਕੁਝ ਹਾਸਲ ਕਰ ਲਿਆ ਜਦਕਿ ਅਕਾਲੀਆਂ ਨੇ ਆਰ.ਐੱਸ.ਐੱਸ./ਭਾਜਪਾ ਵਾਲੇ ਰਾਹ ਤੁਰ ਕੇ ਸਭ ਕੁਝ ਗਵਾ ਲਿਆ। ਇਸ ਸਥਿਤੀ ਵਿੱਚ ਬਾਦਲਕਿਆਂ ਦਾ ਕੁਝ ਨਹੀਂ ਜਾਣਾ। ਜਾਣਾ ਤਾਂ ਪੰਥ ਦਾ ਹੈ, ਪੰਜਾਬ ਦਾ ਹੈ। ਸੁਖਬੀਰ ਸਿੰਘ ਬਾਦਲ ਨੇ ਤਾਂ ਚੁੱਪ ਕਰ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਲੰਬੀ ਬਲਾਕ ਦਾ ਪ੍ਰਧਾਨ ਬਣ ਜਾਣਾ ਪਰ ਜਿਹੜੇ ਉਸ ਦੇ ਮਗਰ ਲੱਗ ਕੇ ਅਕਾਲੀ ਦਲ ਦਾ ਭੋਗ ਪਾਉਣ ਦਾ ਪਾਪ ਕਰਦੇ ਰਹੇ ਨੇ ਇਹਨਾਂ ਨੂੰ ਕਿਸੇ ਨੇ ਪੰਚਾਇਤ ਮੈਂਬਰ ਵੀ ਨਹੀਂ ਬਣਾਉਣਾ। ਪੰਥ ਤੇ ਪੰਜਾਬ ਦੇ ਰਾਖੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਬਾਦਲ ਦਲ ਬਣਾਉਣਾ ਵਾਲਿਆ ਦੀਆਂ ਅਗਲੀਆਂ ਪੁਸ਼ਤਾਂ ਓਵੇਂ ਰੁਲਣਗੀਆਂ ਜਿਵੇਂ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਦਾ ਪਰਿਵਾਰ ਹੁਣ ਚਾਹ ਦੀ ਰੇਹੜੀ ਲਾਈ ਬੈਠਾ ਹੈ। ਪੰਥ-ਪ੍ਰਸਤ ਸਿੱਖ ਤਾਂ ਫੇਰ ਗੁਰੂ-ਆਸਰੇ ਕੱਟ ਲੈਣਗੇ ਪਰ ਬਾਦਲਕਿਆਂ ਨੂੰ ਗੁਰੂ ਘਰ ਤੋਂ ਵੀ ਢੋਈ ਨਹੀਂ ਮਿਲਣੀ ਜਦ ਓਥੇ ਭਵਿੱਖ ਵਿੱਚ ਢਾਡੀ-ਕਵੀਸ਼ਰ ਸੁਣਾਇਆ ਕਰਨਗੇ ਕਿ 'ਸਾਡਾ ਬੇੜਾ ਇਉਂ ਗਰਕਿਆ।' ਪਿਛਲੇ ਪੰਦਰਾਂ-ਵੀਹ ਸਾਲ ਵਿੱਚ ਜੋ ਕੁਝ ਬਾਦਲਕਿਆਂ ਨੇ ਪੰਥ ਤੇ ਪੰਜਾਬ ਨਾਲ ਕੀਤਾ ਹੈ, ਉਹ ਇਤਿਹਾਸ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸੁਣਨਾ-ਸੁਣਾਉਣਾ ਹੈ। ਬੱਸ ਇੱਕੋ ਅਰਦਾਸ ਹੈ ਕਿ ਬਾਦਲ ਦਲ ਦੇ ਹਰ ਆਗੂ, ਵਰਕਰ ਦੀ ਉਮਰ ਘੱਟੋ-ਘੱਟ ਦੋ ਸੌ ਸਾਲ ਲੰਮੀ ਜ਼ਰੂਰ ਹੋਵੇ ਤਾਂ ਕਿ ਇਹ ਆਪਣੇ ਅੱਖੀਂ ਆਪਣੇ ਬੀਜੇ ਹੋਏ ਕੰਢੇ ਵੇਖ ਲੈਣ। ਨਾਲੇ ਜਦ ਪੁੱਤ-ਪੋਤਰੇ ਲਾਹਣਤਾਂ ਪਾਉਣਗੇ ਤਾਂ ਹੀ ਉਹ ਦਿਨ ਆਉਣਗੇ ਕਿ ਮੰਗਿਆ ਮੌਤ ਨਹੀਂ ਮਿਲਣੀ। ਲੱਗਦਾ ਕਿ ਜੇ ਬਾਦਲਕਿਆਂ ਨੂੰ ਸਮਝ ਪੈ ਗਈ ਕਿ ਗੱਲ ਹੱਥੋਂ ਨਿਕਲਦੀ ਜਾਂਦੀ ਹੈ ਤਾਂ ਬਾਦਲਕੇ ਪੰਥਕ ਏਜੰਡੇ ਵੱਲ ਪਰਤਣ ਦਾ ਡਰਾਮਾ ਕਰ ਸਕਦੇ ਨੇ। ਵੇਖ ਲਿਓ, ਇੱਕ ਵਾਰ ਤਾਂ ਆਪਾਂ ਨੂੰ ਐਂ ਲੱਗਣ ਲਾ ਦੇਣਗੇ ਕਿ ਇਹ ਤਾਂ ਉਹਨਾਂ ਖ਼ਾਲਿਸਤਾਨੀ ਜੁਝਾਰੂਆਂ ਨਾਲੋਂ ਵੀ ਕਿਤੇ ਵੱਡੇ ਪੰਥ-ਪ੍ਰਸਤ ਨੇ ਜਿਨ੍ਹਾਂ ਨੇ ਕੌਮ ਲਈ ਹੱਸ-ਹੱਸ ਕੇ ਸੀਸ ਵਾਰੇ ਨੇ। ਜਿੰਨਾ ਜ਼ਿਆਦਾ ਬਾਦਲਕਿਆਂ ਨੂੰ ਅਪ੍ਰਸੰਗਕ ਹੋਣ ਦਾ ਡਰ ਪਵੇਗਾ, ਜਿੰਨਾ ਜ਼ਿਆਦਾ ਭਾਜਪਾ ਦੀ ਮਜ਼ਬੂਤੀ ਹੋਵੇਗੀ, ਓਨਾ ਹੀ ਜ਼ਿਆਦਾ ਬਾਦਲਕੇ ਪੰਥਕ ਹੋਣ ਦਾ ਭਰਮ ਪਾਉਣਗੇ। ਆਉਣ ਵਾਲੇ ਦਿਨਾਂ ਵਿੱਚ ਬਾਦਲਕਿਆਂ ਦੇ ਪੰਥਕ ਜਜ਼ਬਾਤਾਂ ਵਾਲੇ ਬਿਆਨਾਂ ਦੀ ਹਨੇਰੀ ਵਗ ਸਕਦੀ ਹੈ। ਪਰ ਹੁਣ ਤਾਂ ਸਿੱਖ ਬਾਦਲਕਿਆਂ ਬਾਰੇ ਇੱਕੋ ਗੱਲ ਵਿੱਚ ਸਾਰ ਦਿੰਦੇ ਨੇ 'ਡਰਾਮੇਬਾਜ਼!' ਜਦ ਚਿੜੀਆਂ ਨੇ ਖੇਤ ਹੀ ਚੁਗ ਲਿਆ ਹੈ ਤਾਂ ਹੁਣ ਪਛਤਾਉਣ ਦਾ ਕੀ ਫਾਇਦਾ ?
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







