Nazrana Times

ਪੰਜਾਬੀ

ਆਪਣਿਆਂ ਵੱਲੋਂ ਹੀ ਪੰਥਕ ਸਿਧਾਂਤਾਂ ਦਾ ਘਾਣ...

01 Feb, 2026 10:50 PM
ਆਪਣਿਆਂ ਵੱਲੋਂ ਹੀ ਪੰਥਕ ਸਿਧਾਂਤਾਂ ਦਾ ਘਾਣ...

ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਖੇਤਰਾਂ 'ਚ ਵਿਚਰਦੇ ਆਗੂਆਂ ਦੀ ਹਰ ਗਤੀਵਿਧੀ ਉੱਤੇ ਲੋਕਾਂ ਦੀ ਨਿਗ੍ਹਾ ਹੁੰਦੀ ਹੈ। ਲੋਕਾਈ ਇਹਨਾਂ ਤੋਂ ਚੰਗੇ ਬੋਲਾਂ, ਕੰਮਾਂ ਤੇ ਹੋਰ ਸੇਵਾਵਾਂ ਦੀ ਆਸ ਰੱਖਦੀ ਹੈ। ਇਹਨਾਂ ਦੇ ਬੋਲੇ ਹੋਏ ਲਫ਼ਜ਼ਾਂ ਅਤੇ ਕੀਤੇ ਹੋਏ ਕਾਰਜਾਂ ਬਾਰੇ ਸਮਾਜ ਵਿੱਚ ਚੰਗੀ-ਮਾੜੀ ਚਰਚਾ ਵੀ ਚੱਲਦੀ ਰਹਿੰਦੀ ਹੈ। ਹਰ ਇੱਕ ਨੂੰ ਆਸ ਹੁੰਦੀ ਹੈ ਕਿ ਵੱਖ-ਵੱਖ ਖੇਤਰਾਂ 'ਚ ਵਿਚਰਦੇ ਇਹ ਆਗੂ ਦੁਨੀਆਂ ਨੂੰ ਕੋਈ ਚੰਗੀ ਸੇਧ ਦੇਣਗੇ। ਕਈ ਆਗੂ ਆਪਣੇ ਧਰਮ, ਦੇਸ਼ ਤੇ ਸਮਾਜ ਲਈ ਅਜਿਹਾ ਕਾਰਜ ਕਰ ਜਾਂਦੇ ਹਨ ਜੋ ਸਦੀਆਂ ਤੱਕ ਯਾਦ ਰਹਿੰਦਾ ਹੈ, ਲੋਕ ਉਸ ਦਾ ਨਾਮ ਲੈ ਕੇ ਉਦਾਹਰਨਾਂ ਅਤੇ ਮਿਸਾਲਾਂ ਦਿੰਦੇ ਹਨ ਤੇ ਉਸ ਦੇ ਪਾਏ ਪੂਰਨਿਆਂ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਆਗੂਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਹਰ ਕਦਮ ਪੁੱਟਣ ਵੇਲੇ ਚੰਗੇ-ਮਾੜੇ ਦਾ ਖ਼ਿਆਲ ਰੱਖਣ, ਬੋਲਣ ਤੋਂ ਪਹਿਲਾਂ ਤੋਲਣ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ।

 ਉਹ ਇਹ ਗੱਲ ਯਾਦ ਰੱਖਣ ਕਿ ਜਿਹੜੀ ਸਮਾਜ ਅਤੇ ਕੌਮ ਤੁਹਾਨੂੰ ਆਗੂ ਹੋਣ ਦਾ ਮਾਣ ਬਖ਼ਸ਼ਦੀ ਹੈ ਉਹ ਤੁਹਾਡੀਆਂ ਗ਼ਲਤੀਆਂ, ਗੁਨਾਹਾਂ ਤੇ ਚਲਾਕੀਆਂ ਕਰਕੇ ਤੁਹਾਨੂੰ ਨਕਾਰਨ ਲੱਗਿਆਂ ਵੀ ਦੇਰ ਨਹੀਂ ਲਾਵੇਗੀ। ਮੰਨਦੇ ਹਾਂ ਕਿ ਪਰਿਵਾਰ ਤੇ ਸਮਾਜ 'ਚ ਵਿਚਰਦਿਆਂ ਜਾਣੇ-ਅਨਜਾਣੇ ਵਿੱਚ ਗ਼ਲਤੀਆਂ ਹੋ ਜਾਂਦੀਆਂ ਹਨ ਪਰ ਸਮੇਂ ਸਿਰ ਹੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਖ਼ਿਮਾ ਯਾਚਨਾ ਕਰਕੇ ਅੱਗੇ ਤੋਂ ਧਿਆਨ ਨਾਲ ਚੱਲਣਾ ਚਾਹੀਦਾ ਹੈ, ਨਾ ਕਿ ਉਸ ਗਲਤੀ ਨੂੰ ਸਹੀ ਠਹਿਰਾ ਕੇ ਆਪਣੇ ਧਰਮ ਦੇ ਸਿਧਾਂਤਾਂ ਵਿਰੁੱਧ ਜਾ ਕੇ, ਲੋਕਾਂ ਨੂੰ ਚਿੜਾ ਕੇ, ਆਪਣੇ ਹਮਾਇਤੀਆਂ ਤੇ ਅਲੋਚਕਾਂ ਨੂੰ ਹੋਰ ਨਰਾਜ਼ ਕਰਕੇ ਹੰਕਾਰੇ ਹੋਏ ਤੁਰੇ ਫਿਰਨਾ ਹੈ। ਜੇ ਕੋਈ ਝੁਕ ਜਾਵੇ ਤਾਂ ਸੰਗਤ ਮਾਫ਼ ਵੀ ਕਰ ਦਿੰਦੀ ਹੈ ਤੇ ਜੇ ਕੋਈ ਅੜ ਜਾਵੇ ਤਾਂ ਫਿਰ ਸਾਰੀ ਉਮਰ ਲਈ ਕਲੰਕ ਨਹੀਂ ਲੱਥਦਾ ਤੇ ਥਾਂ-ਥਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੋਕੇ ਸਮੇਂ 'ਚ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਉਹ ਸਿੱਖੀ ਮਰਯਾਦਾ ਦੇ ਉਲ਼ਟ ਭੁਗਤ ਕੇ ਸੰਗਤਾਂ ਦੇ ਹਿਰਦੇ ਵਲੂੰਧਰ ਰਹੇ ਹਨ। ਪਹਿਲਾਂ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਡਾਹ ਕੇ ਲੱਤਾਂ ਲਮਕਾ ਕੇ ਬਹਿ ਗਏ, ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਸ. ਗੋਵਿੰਦ ਸਿੰਘ ਸੰਧੂ ਨੇ ਆਪਣੇ ਵਿਆਹ ਉੱਤੇ ਛਤਰ ਤੇ ਚੌਰ ਝੁਲਵਾ ਲਿਆ ਤੇ ਇਸ ਤੋਂ ਪਹਿਲਾਂ ਰਾਗੀ ਭਾਈ ਅਮਨਦੀਪ ਸਿੰਘ (ਬੀਬੀ ਕੌਲਾਂ ਜੀ ਟਰੱਸਟ ਵਾਲੇ) ਵੀ ਡਾਂਸਰਾ ਨਚਾਉਣ ਕਰਕੇ ਵਿਵਾਦਾਂ 'ਚ ਫਸੇ ਸਨ। ਇਹ ਸਭ ਵੇਖ ਕੇ ਸੰਗਤਾਂ ਦਾ ਮਨ ਬੇਹੱਦ ਦੁਖੀ ਹੋਇਆ ਹੈ ਤੇ ਸੋਸ਼ਲ ਮੀਡੀਆ ਉੱਪਰ ਵੀ ਭਾਰੀ ਵਿਰੋਧ ਹੋਇਆ ਹੈ। ਸ. ਗੋਵਿੰਦ ਸਿੰਘ ਸੰਧੂ ਨੇ ਤਾਂ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸਪੱਸ਼ਟੀਕਰਨ ਦਿੰਦਿਆਂ ਆਪਣੀ ਗ਼ਲਤੀ ਵੀ ਮੰਨੀ ਤੇ ਮਾਫ਼ੀ ਵੀ ਮੰਗ ਲਈ ਹੈ। 

ਦੂਜੇ ਪਾਸੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਅਜੇ ਤੱਕ ਆਪਣੀ ਗ਼ਲਤੀ ਨਹੀਂ ਮੰਨੀ ਤੇ ਨਾ ਹੀ ਸੰਗਤਾਂ ਤੋਂ ਮਾਫ਼ੀ ਮੰਗੀ ਹੈ, ਹਾਲਾਂਕਿ ਉਹਨਾਂ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਸ਼ਿਕਾਇਤ ਗਈ ਹੈ। ਇੱਕ ਗੱਲ ਜ਼ਰੂਰ ਹੈ ਕਿ ਵਿਵਾਦਾਂ ਵਿੱਚ ਫਸਣ ਤੋਂ ਬਾਅਦ ਬਾਬਾ ਧੁੰਮਾਂ ਨੇ ਬੈਂਚਾਂ ਤੋਂ ਬਾਅਦ ਗੱਦੇ ਲਾ ਕੇ ਸਾਰ ਲਿਆ ਹੈ। ਰਾਗੀ ਭਾਈ ਅਮਨਦੀਪ ਸਿੰਘ ਤਾਂ ਖ਼ੁਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪਹੁੰਚ ਗਏ ਸਨ। ਸਿੱਖ ਕੌਮ ਨੂੰ ਇਹਨਾਂ ਆਗੂਆਂ ਪਾਸੋਂ ਇਹ ਆਸ ਨਹੀਂ ਸੀ ਕਿ ਇਹ ਅਜਿਹਾ ਕਰਨਗੇ। ਇਹਨਾਂ ਪੰਥਕ ਜਥੇਬੰਦੀਆਂ, ਪੰਥਕ ਆਗੂਆਂ, ਪੰਥਕ ਪਰਿਵਾਰਾਂ ਤੇ ਪੰਥਕ ਪ੍ਰਚਾਰਕਾਂ ਪਾਸੋਂ ਕੌਮ ਨੇ ਸੇਧ ਲੈਣੀ ਹੁੰਦੀ ਹੈ, ਜੇਕਰ ਇਹੀ ਅਜਿਹੀਆਂ ਗ਼ਲਤੀਆਂ ਕਰਨਗੇ ਤਾਂ ਕੌਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕੌਣ ਕਰੇਗਾ ? ਫਿਰ ਆਮ ਲੋਕ ਕਿੱਧਰ ਨੂੰ ਜਾਣਗੇ ? ਇਹ ਸੋਚਣ, ਵਿਚਾਰਨ ਤੇ ਚਿੰਤਨ ਕਰਨ ਦੀ ਲੋੜ ਹੈ, ਗੁਰੂ ਸਾਹਿਬ ਸੁਮੱਤ ਬਖਸ਼ਣ। 
 

       ਰਣਜੀਤ ਸਿੰਘ ਦਮਦਮੀ ਟਕਸਾਲ 
 (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
          ਮੋ : 8872293883.

Posted By: GURBHEJ SINGH ANANDPURI