ਪੰਜਾਬ ਦੇ ਲੋਕੋ! ਨਸ਼ਈ ਅਤੇ ਗੈਂਗਸਟਰ ਸਾਡੇ ਆਗੂ ਨਹੀਂ ਹੋ ਸਕਦੇ...
24 Dec, 2025 01:42 AM
ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਦੇਸ ਪੰਜਾਬ ਨੂੰ ਗੰਧਲਾ ਕਰਨ ਲਈ ਸਰਕਾਰਾਂ ਵੱਲੋਂ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਪੰਜਾਬ ਦੇ ਜੁਝਾਰੂ ਨੌਜਵਾਨਾਂ ਨੂੰ ਗੈਂਗਸਟਰ, ਨਸ਼ਈ ਤੇ ਅੱਯਾਸ਼ ਬਣਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਬਲਕਿ ਇਹਨਾਂ ਨਸ਼ਈਆਂ ਅਤੇ ਗੈਂਗਸਟਰਾਂ ਨੂੰ ਪਾਲਿਸ਼ ਕਰਕੇ ਪੰਜਾਬ ਦੇ ਵੱਡੇ ਚਿਹਰੇ ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਅਸੀਂ ਇਸ ਸਾਜ਼ਿਸ਼ ਨੂੰ ਨਾ ਸਮਝਿਆ ਤੇ ਨਕਾਰਿਆ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਪੰਜਾਬ ਦੀ ਪਛਾਣ ਗੈਂਗਸਟਰਾਂ ਅਤੇ ਨਸ਼ਈਆਂ ਵਜੋਂ ਹੀ ਹੋਵੇਗੀ। ਇਸ ਉੱਤੇ ਸਾਨੂੰ ਲਿਖਣ, ਬੋਲਣ ਅਤੇ ਚੱਲਣ ਦੀ ਲੋੜ ਹੈ। ਚਾਹੇ ਕੋਈ ਰੁੱਸਦਾ ਤਾਂ ਰੁੱਸੇ, ਚਾਹੇ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ਪਰ ਸਾਨੂੰ ਆਪਣੇ ਲੋਕਾਂ ਨੂੰ ਅੱਜ ਜਗਾਉਣਾ ਹੀ ਪੈਣਾ ਹੈ, ਨਹੀਂ ਤਾਂ ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ। ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇੱਥੇ ਗੈਂਗਸਟਰ ਅਤੇ ਨਸ਼ਈ ਮੀਡੀਆ ਵਿੱਚ ਬਹੁਤ ਚਰਚਾ ਵਿੱਚ ਹਨ ਅਤੇ ਹੈਰਾਨੀ ਤੇ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਇਹਨਾਂ ਗੈਂਗਸਟਰਾਂ ਅਤੇ ਨਸ਼ਈਆਂ ਨੂੰ ਮੀਡੀਆ ਵਿੱਚ ਪੰਜਾਬ ਦੇ ਆਗੂਆਂ ਵਜੋਂ ਪੇਸ਼ ਕਰਨ ਅਤੇ ਸਥਾਪਿਤ ਕਰਨ ਦੀ ਘਟੀਆ ਚਾਲ ਚੱਲੀ ਜਾ ਰਹੀ ਹੈ। ਮੀਡੀਆ ਵੱਲੋਂ ਵੀ ਗੈਂਗਸਟਰਾਂ ਅਤੇ ਨਸ਼ਈਆਂ ਵੱਲੋਂ ਉਠਾਏ ਗਏ ਬੇਫਜ਼ੂਲ ਮੁੱਦਿਆਂ ਨੂੰ ਪੂਰੀ ਤਰਜ਼ੀਹ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਹੱਕ ਵਿੱਚ ਹਵਾ ਬਣਾਈ ਜਾਂਦੀ ਹੈ। ਲੋਕਾਂ ਨੂੰ ਇੰਝ ਲੱਗਣ ਲਾ ਦਿੱਤਾ ਜਾਂਦਾ ਕਿ ਜੇ ਇਸ ਦਾ ਸਾਥ ਨਾ ਦਿੱਤਾ ਤਾਂ ਪੰਜਾਬ ਲੁੱਟਿਆ, ਕੁੱਟਿਆ ਤੇ ਬਰਬਾਦ ਹੋ ਜਾਏਗਾ। ਇੰਝ ਜਚਾਇਆ ਜਾਂਦਾ ਜਿਵੇਂ ਹੋਰ ਕੋਈ ਪੰਥ ਅਤੇ ਪੰਜਾਬ ਦਾ ਗੰਭੀਰ ਮੁੱਦਾ ਹੀ ਨਾ ਹੋਵੇ, ਪੰਥ ਅਤੇ ਪੰਜਾਬ ਦੇ ਆਗੂ ਅਤੇ ਲੋਕ ਸਾਰੇ ਕੰਮ ਛੱਡ ਕੇ ਪਹਿਲਾਂ ਇਹਨਾਂ ਪਿੱਛੇ ਹੀ ਤੁਰ ਪੈਣ। ਇੱਥੇ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਉਹ ਗੈਂਗਸਟਰ ਨਾ ਤਾਂ ਬਦਮਾਸ਼ੀ ਛੱਡਦਾ ਹੈ ਤੇ ਨਾ ਹੀ ਉਹ ਨਸ਼ੱਈ ਨਸ਼ਾ ਛੱਡਦਾ ਹੈ। ਸਗੋਂ ਉਹ ਲੋਕਾਂ ਵਿੱਚ, ਮੀਡੀਆ ਵਿੱਚ ਤੇ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਕੇ ਆਪਣੇ ਗੈਂਗਸਟਰਪੁਣੇ ਅਤੇ ਨਸ਼ੱਈਪੁਣੇ ਨੂੰ ਬੜਾਵਾ ਦੇ ਰਿਹਾ ਹੁੰਦਾ ਹੈ ਤੇ ਆਮ ਲੋਕ ਚੁੱਪ ਕਰਕੇ ਉਸਦੀਆਂ ਵੀਡੀਓ-ਪੋਸਟਾਂ ਸ਼ੇਅਰ ਕਰੀ ਜਾਂਦੇ ਹਨ। ਪੰਥ ਅਤੇ ਪੰਜਾਬ ਪ੍ਰਤੀ ਸੁਹਿਰਦ ਲੋਕ ਇਹ ਸਭ ਕੁਝ ਵੇਖ ਕੇ ਬੜੇ ਚਿੰਤਤ ਹਨ ਕਿ ਪੰਜਾਬ ਕਿੱਧਰ ਨੂੰ ਤੁਰਦਾ ਜਾ ਰਿਹਾ ਹੈ!ਇਹ ਸਵਾਲ ਮੂੰਹ ਅੱਡੀ ਖੜ੍ਹੇ ਹਨ। ਕੀ ਹੁਣ ਇਹਨਾਂ ਨਸ਼ਈਆਂ ਅਤੇ ਗੈਂਗਸਟਰਾਂ ਨੂੰ ਹੀ ਆਪਣੇ ਆਗੂ ਮੰਨ ਲਈਏ ? ਕੀ ਸਾਡੇ ਕੋਲ ਕੋਈ ਹੋਰ ਚੰਗੇ ਬੰਦੇ ਨਹੀਂ ਹਨ ? ਕੀ ਸਾਡੇ ਕੋਲ ਪੜ੍ਹੇ-ਲਿਖੇ, ਉੱਚੇ-ਸੁੱਚੇ ਕਿਰਦਾਰ ਵਾਲੇ ਅਤੇ ਬਾਣੀ-ਬਾਣੇ ਦੇ ਧਾਰਨੀ ਗੁਰਸਿੱਖ ਨਹੀਂ ? ਸਿੱਧੇ ਲਫਜ਼ਾਂ ਵਿੱਚ ਕਹੀਏ ਤਾਂ ਬੜਾ ਹੀ ਤਮਾਸ਼ਾ ਬਣਦਾ ਜਾ ਰਿਹਾ ਹੈ। ਪਹਿਲਾਂ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦਾ ਹੈ ਜਾਂ ਉਹ ਬਦਮਾਸ਼ੀਪੁਣੇ ਵਿੱਚ ਪੈ ਕੇ ਚਾਰ-ਪੰਜ ਕਤਲ ਅਤੇ ਲੁੱਟਾਂ-ਖੋਹਾਂ ਕਰਦਾ ਤੇ ਫਿਰ ਕੁਝ ਸਮਾਂ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਮੀਡੀਆ ਵਿੱਚ ਆਪਣੀ ਚਰਚਾ ਚਲਾਉਂਦਾ ਹੈ ਤੇ ਕੁਝ ਮੁੱਦਿਆਂ ਦੀ ਗੱਲ ਕਰਕੇ ਲੋਕਾਂ ਨੂੰ ਮਗਰ ਲਗਾਉਂਦਾ ਹੈ ਤੇ ਫਿਰ ਵੋਟਾਂ ਵਿੱਚ ਖੜ੍ਹ ਕੇ ਸਿਆਸਤਦਾਨ ਬਣ ਜਾਂਦਾ ਹੈ। ਇਸੇ ਤਰ੍ਹਾਂ ਨਸ਼ਿਆਂ ਵਿੱਚ ਫਸਿਆ ਹੋਇਆ ਨੌਜਵਾਨ ਵੀ ਚਾਰ-ਪੰਜ ਪੁੱਠੀਆਂ-ਸਿੱਧੀਆਂ ਗੱਲਾਂ ਕਰਕੇ ਮੀਡੀਆ ਵਿੱਚ ਬ੍ਰੈਂਡ ਬਣ ਜਾਂਦਾ ਹੈ ਤੇ ਉਹ ਨਸ਼ਾ ਛੱਡਣ ਦੀ ਬਜਾਏ ਲੋਕਾਂ ਨੂੰ ਮੱਤਾਂ ਦੇਣ ਲੱਗ ਜਾਂਦਾ ਹੈ ਕਿ ਸ਼ਰਾਬ ਤੇ ਚਿੱਟਾ ਬਹੁਤ ਮਾੜੇ ਨੇ ਪਰ ਆਖਦਾ ਹੈ ਕਿ ਭੁੱਕੀ, ਅਫੀਮ ਤੇ ਡੋਡੇ ਬਹੁਤ ਵਧੀਆ ਨੇ। ਉਹ ਕੈਮਰੇ-ਮਾਈਕ ਦੇ ਮੂਹਰੇ ਹੀ ਕਹੀ ਜਾਂਦਾ ਹੈ ਕਿ ਮੈਂ ਤਾਂ ਹੁਣ ਵੀ ਅਫ਼ੀਮ ਖਾ ਕੇ ਆਇਆ ਹਾਂ ਤੇ ਅਫ਼ੀਮ ਦੇ ਲਾਭ ਗਿਣਾਉਣ ਲੱਗ ਜਾਂਦਾ ਹੈ ਤੇ ਬੜੀ ਚਲਾਕੀ ਨਾਲ ਆਪਣੇ ਆਪ ਨੂੰ ਵੀ ਸਹੀ ਠਹਿਰਾ ਕੇ ਪੰਜਾਬ ਦੇ ਨੌਜਵਾਨ ਗੱਭਰੂਆਂ ਨੂੰ ਨਸ਼ਿਆਂ ਦੀ ਲੱਤ ਲਗਾ ਜਾਂਦਾ ਹੈ। ਲੋਕ ਵੀ ਬਿਨਾਂ ਸੋਚੇ-ਸਮਝੇ ਹੀ ਉਸਦੀ ਵਾਹ-ਵਾਹ ਕਰੀ ਜਾਂਦੇ ਹਨ। ਉਸ ਨਸ਼ਈ ਅਤੇ ਗੈਂਗਸਟਰ ਨਾਲ ਇੰਟਰਵਿਊ ਕਰਨ ਲਈ ਯੂਟਿਊਬ ਚੈਨਲਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਉਹਨਾਂ ਗੈਂਗਸਟਰਾਂ ਦੇ ਨਾਲ ਪੰਥ ਅਤੇ ਪੰਜਾਬ ਦੇ ਮੁੱਦਿਆਂ ਦੀਆਂ ਗੱਲਾਂ ਤਾਂ ਇੰਝ ਕੀਤੀਆਂ ਜਾਂਦੀਆਂ ਹਨ ਜਿਵੇਂ ਉਹ ਪੰਥ ਅਤੇ ਪੰਜਾਬ ਦੇ ਬੜੇ ਵੱਡੇ ਰਖਵਾਲੇ ਅਤੇ ਚਿੰਤਤ ਹੋਣ। ਜਿਵੇਂ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸੰਘਰਸ਼ ਦਾ ਭਾਰ ਸਾਰਾ ਉਹਨਾਂ ਨੇ ਹੀ ਆਪਣੇ ਮੋਢਿਆਂ ਉੱਤੇ ਚੱਕਿਆ ਹੋਵੇ। ਓ ਮੀਡੀਆ ਵਾਲਿਓ! ਓ ਪੰਜਾਬ ਦੇ ਲੋਕੋ! ਕੁੱਝ ਹੋਸ਼ ਕਰੋ, ਜਰਾ ਸੋਚੋ, ਵਿਚਾਰੋ ਤੇ ਮੱਥੇ ਨੂੰ ਹੱਥ ਮਾਰੋ। ਇਹਨਾਂ ਨਸ਼ਈਆਂ ਅਤੇ ਗੈਂਗਸਟਰਾਂ ਨੇ ਪੰਜਾਬ ਦਾ ਕੁਝ ਨਹੀਂ ਜੇ ਸੰਵਾਰਨਾ। ਉਹ ਤਾਂ ਖ਼ੁਦ ਦਲਦਲ ਵਿੱਚ ਫਸੇ ਹੋਏ ਨੇ ਜਾਂ ਅਜੇ ਨਿਕਲਣ ਦਾ ਯਤਨ ਕਰ ਰਹੇ ਹਨ। ਉਹ ਤਾਂ ਕਾਨੂੰਨ ਅਤੇ ਸਿਆਸਤਦਾਨਾਂ ਦੇ ਜਾਲ ਤੋਂ ਬਚਣ ਲਈ ਵੱਖ-ਵੱਖ ਰਾਹ ਅਪਣਾ ਰਹੇ ਨੇ, ਉਹਨਾਂ ਵਿੱਚ ਬਦਲਾਖੋਰੀ ਦੀ ਭਾਵਨਾ ਵੀ ਉਬਾਲੇ ਮਾਰ ਰਹੀ ਹੈ। ਉਹ ਤਾਂ ਸਿੱਖੀ ਵਾਲਾ ਰਾਹ ਵੀ ਅਪਣਾਉਣ ਨੂੰ ਤਿਆਰ ਨਹੀਂ। ਸੋਚ ਕੇ ਤਾਂ ਵੇਖੋ ਇਹਨਾਂ ਤੋਂ ਨੌਜਵਾਨਾਂ ਨੂੰ ਕੀ ਸੇਧ ਮਿਲੇਗੀ! ਇਸ ਲਈ ਇਹ ਤੁਹਾਡੇ ਪੰਥ ਅਤੇ ਪੰਜਾਬ ਦੇ ਆਗੂ ਨਹੀਂ ਹਨ। 'ਅੱਗਾ ਦੌੜ ਪਿੱਛਾ ਚੌੜ' ਵਾਲੀ ਕਹਾਵਤ ਯਾਦ ਰੱਖਣ ਦੀ ਲੋੜ ਹੈ। ਬਾਕੀ ਇਨ੍ਹਾਂ ਨਸ਼ਾਈਆਂ ਅਤੇ ਗੈਂਗਸਟਰਾਂ ਨੂੰ ਇਸ ਭੈੜੇ ਨਰਕ ਵਿੱਚੋਂ ਕੱਢਣ ਲਈ ਹਰ ਸਿੱਖ ਅਤੇ ਪੰਜਾਬੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.
Posted By: GURBHEJ SINGH ANANDPURI








