ਪੁਰਾਣੇ ਪੰਥਕ/ਖ਼ਾਲਿਸਤਾਨੀ ਆਗੂ ਬਨਾਮ ਅਜੋਕੇ ਸਿੱਖ ਨੌਜਵਾਨ ਆਗੂ
05 Jan, 2026 01:02 AM
ਪੁਰਾਣੇ ਪੰਥਕ ਤੇ ਖ਼ਾਲਿਸਤਾਨੀ ਆਗੂਆਂ ਨੂੰ ਤਾਂ ਇਸ ਗੱਲ ਦੀ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਸਿੱਖ ਸੰਘਰਸ਼ ਦੀ ਅਗਵਾਈ ਸਿੱਖ ਨੌਜਵਾਨੀ ਨੇ ਆਪਣੇ ਹੱਥਾਂ 'ਚ ਲੈ ਲਈ ਹੈ। ਤੁਹਾਡਾ ਸੰਘਰਸ਼ ਰੰਗ ਲਿਆਇਆ ਹੈ ਜਿਸ ਕਰਕੇ ਅੱਜ ਸਿੱਖ ਜਵਾਨੀ ਆਪਣੇ ਧਰਮ, ਇਤਿਹਾਸ, ਵਿਰਸੇ, ਸੱਭਿਆਚਾਰ ਤੇ ਖ਼ਾਲਸਈ ਮੁੱਖਧਾਰਾ ਨਾਲ਼ ਜੁੜ ਰਹੀ ਹੈ। ਤੁਹਾਡੇ ਲਈ ਤਾਂ ਇਹ ਮਾਣ ਵਾਲ਼ੀ ਗੱਲ ਹੋਣੀ ਚਾਹੀਦੀ ਹੈ ਕਿ ਜਿਸ ਖ਼ਾਲਿਸਤਾਨ ਦੀ ਅਜ਼ਾਦੀ ਲਈ ਤੁਸੀਂ ਹਥਿਆਰਬੰਦ ਲੜਾਈ ਲੜੀ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਤੇ ਸੰਘਰਸ਼ ਨੂੰ ਜਾਰੀ ਰੱਖਣ ਲਈ ਪੂਰੀ ਵਾਹ ਲਾ ਦਿੱਤੀ ਉਸ ਨੂੰ ਅੱਗੇ ਤੋਰਨ ਲਈ ਸਿੱਖ ਜਵਾਨੀ ਨੇ ਅਹਿਦ ਕਰ ਲਿਆ ਹੈ, ਨੌਜਵਾਨਾਂ ਨੇ ਖ਼ਾਲਿਸਤਾਨ ਦਾ ਝੰਡਾ ਚੁੱਕ ਲਿਆ ਹੈ। ਅਜੋਕੇ ਸਿੱਖ ਨੌਜਵਾਨ ਆਪਣੇ ਪੰਥ ਅਤੇ ਪੰਜਾਬ ਦੇ ਹੱਕਾਂ-ਹਕੂਕਾਂ ਪ੍ਰਤੀ ਜਾਗਰੂਕ ਹਨ। ਉਹਨਾਂ ਨੂੰ ਪਤਾ ਹੈ ਕਿ ਸਾਡੀ ਕੌਮ ਨਾਲ਼ ਕੀ ਕੁਝ ਹੋਇਆ, ਸਾਡੇ ਪੰਥ ਨੇ ਕੀ ਦੁਸ਼ਵਾਰੀਆਂ ਝੱਲੀਆਂ, ਪੰਜਾਬ ਨਾਲ਼ ਕਿਵੇਂ ਧੋਖੇ-ਵਿਤਕਰੇ ਤੇ ਬੇਇਨਸਾਫ਼ੀਆਂ ਹੋਈਆਂ, ਪੰਜਾਬ ਕਿਵੇਂ ਵੱਢਿਆ-ਟੁੱਕਿਆ ਗਿਆ, ਕਿਵੇਂ ਲੰਗੜਾ-ਲੂਲਾ ਹੋਇਆ। ਉਹ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਨ, ਕੌਮ ਦਾ ਅਜ਼ਾਦ ਘਰ ਵੇਖਣਾ ਚਾਹੁੰਦੇ ਹਨ, ਉਹ ਵੀ ਸਿਰ ਧੜ ਦੀ ਬਾਜੀ ਲਾਉਣਾ ਚਾਹੁੰਦੇ ਹਨ, ਉਹਨਾਂ ਨੇ ਸੀਸ ਤਲੀ 'ਤੇ ਟਿਕਾਅ ਲਿਆ ਹੈ, ਉਹ ‘ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ’ ਗਾਉਂਦੇ ਹਨ, ‘ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ’ ਦੇ ਬੋਲ ਉਹਨਾਂ ਦੇ ਕੰਨਾਂ 'ਚ ਹਰ ਪਲ ਗੂੰਜਦੇ ਹਨ। ਉਹ ਕੌਮ, ਪੰਥ, ਧਰਮ ਤੇ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ। ਨੌਜਵਾਨ ਜਾਣਦੇ ਹਨ ਕਿ 1849 'ਚ ਸਿੱਖ ਰਾਜ ਦਾ ਸੂਰਜ ਡੁੱਬਣ ਮਗਰੋਂ ਸਿੱਖਾਂ ਨਾਲ਼ ਕੀ ਕੁਝ ਹੋਇਆ, ਕਿਵੇਂ ਬਾਦਸ਼ਾਹਤ ਭੋਗਣ ਤੋਂ ਬਾਅਦ ਸਿੱਖ ਰੁਲ਼ਦੇ ਫਿਰਦੇ ਨੇ, 1947 'ਚ ਸਿੱਖ ਆਪਣਾ ਵੱਖਰਾ ਰਾਜ ਲੈਣੋਂ ਕਿਵੇਂ ਖੁੰਝ ਗਏ, ਉਹ ਗ਼ੱਦਾਰੀਆਂ ਕਰਨ ਵਾਲ਼ਿਆਂ ਨੂੰ ਵੀ ਜਾਣਦੇ ਹਨ। 13 ਅਪ੍ਰੈਲ 1978 ਦਾ ਸਾਕਾ ਵੀ ਨੌਜਵਾਨਾਂ ਨੂੰ ਯਾਦ ਹੈ, ਜੂਨ 1984 ਦਾ ਘੱਲੂਘਾਰਾ ਉਹਨਾਂ ਦੇ ਦਿਲ 'ਚ ਅੱਜ ਵੀ ਭਾਂਬੜ ਬਾਲ ਰਿਹਾ ਹੈ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਉਹਨਾਂ ਦੀ ਦਿਲ ਦੀ ਧੜਕਣ ਹਨ, ਉਹ ਸੰਤਾਂ ਖ਼ਿਲਾਫ਼ ਇੱਕ ਲਫ਼ਜ ਵੀ ਨਹੀਂ ਸੁਣ ਸਕਦੇ ਤੇ ਮਰਨ-ਮਾਰਨ ਲਈ ਤਿਆਰ ਹੋ ਜਾਂਦੇ ਨੇ, ਖ਼ਾਲਿਸਤਾਨ ਦੇ ਸ਼ਹੀਦ ਉਹਨਾਂ ਦੇ ਚੇਤਿਆਂ 'ਚ ਵਸੇ ਹੋਏ ਹਨ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਉਹ ਆਸ਼ਕ ਹਨ, ਸ਼ਹੀਦ ਜਨਰਲ ਸ਼ਬੇਗ ਸਿੰਘ ਦੀ ਬਹਾਦਰੀ ਦੇ ਉਹ ਕਾਇਲ ਹਨ। ਉਹ ਬਾਬਾ ਥਾਹਰਾ ਸਿੰਘ ਵਾਂਗ ਦੁਸ਼ਮਣਾਂ ਨੂੰ ਅੱਖਾਂ ਕੱਢਣ ਲੱਗ ਪਏ ਹਨ। ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਨਾਂ ਲੈਂਦਿਆਂ ਨੌਜਵਾਨਾਂ ਨੂੰ ਜੋਸ਼ ਚੜ੍ਹ ਆਉਂਦਾ ਹੈ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲ਼ਾ ਵਾਂਗ ਉਹ ਦੁਮਾਲੇ ਸਜਾਉਂਦੇ ਨੇ, ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਵਾਂਗ ਉਹ ਫ਼ੋਰਸ ਬਣਾਉਣਾ ਚਾਹੁੰਦੇ ਨੇ, ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵਾਂਗ ਯੁੱਧ ਲੜਨਾ ਚਾਹੁੰਦੇ ਨੇ, ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਵਾਂਗ ਦਲੇਰੀ ਵਿਖਾਉਣੀ ਚਾਹੁੰਦੇ ਨੇ, ਸ਼ਹੀਦ ਜਨਰਲ ਲਾਭ ਸਿੰਘ ਵਾਂਗ ਗੱਜਣਾ ਚਾਹੁੰਦੇ ਨੇ, ਸ਼ਹੀਦ ਭਾਈ ਜੁਗਰਾਜ ਸਿੰਘ ਤੁਫ਼ਾਨ ਵਾਂਗ ਉੱਡਣਾ ਚਾਹੁੰਦੇ ਨੇ, ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਵਾਂਗ ਉਹ ਦੁਸ਼ਮਣਾਂ ਦੇ ਪਰਖੱਚੇ ਉਡਾਉਣਾ ਚਾਹੁੰਦੇ ਨੇ, ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦੇ ਜੀਵਨ ਤੋਂ ਸੇਧ ਲੈਂਦਿਆਂ ਸ਼ਹਾਦਤ ਸਮੇਂ ਵੀ ਉਹ ਖ਼ਾਲਿਸਤਾਨ ਦੇ ਨਾਹਰੇ ਲਾਉਣਾ ਚਾਹੁੰਦੇ ਨੇ ਅਤੇ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਜੋੜੀ ਨੌਜਵਾਨਾਂ ਨੂੰ ਬੜੀ ਪਿਆਰੀ ਲੱਗਦੀ ਹੈ। ਝੂਠੇ ਪੁਲੀਸ ਮੁਕਾਬਲਿਆਂ ਅਤੇ ਸਿੱਖ ਨਸਲਕੁਸ਼ੀ ਤੋਂ ਵੀ ਸਿੱਖ ਨੌਜਵਾਨ ਚੰਗੀ ਤਰ੍ਹਾਂ ਜਾਣੂੰ ਹਨ। ਇੰਦਰਾ ਗਾਂਧੀ, ਜਨਰਲ ਵੈਦਿਆ, ਬੇਅੰਤੇ ਬੁੱਚੜ ਅਤੇ ਕੇ.ਪੀ.ਐੱਸ. ਗਿੱਲ ਉੱਤੇ ਉਹ ਥੁੱਕਦੇ ਹਨ। ਦਰਬਾਰੇ, ਬਰਨਾਲੇ ਤੇ ਬਾਦਲ, ਕੈਪਟਨ ਨੂੰ ਵੀ ਉਹ ਲਾਹਣਤਾਂ ਪਾਉਂਦੇ ਹਨ। ਅਖੌਤੀ ਅਕਾਲੀਆਂ ਤੇ ਅਖੌਤੀ ਜਥੇਦਾਰਾਂ ਨੂੰ ਵੀ ਉਹ ਬਖ਼ਸ਼ਦੇ ਨਹੀਂ। ਰਵਨੀਤ ਬਿੱਟੂ, ਰਾਜਾ ਵੜਿੰਗ, ਗੁਰਸਿਮਰਨ ਮੰਡ, ਹਰੀਸ਼ ਸਿੰਗਲੇ ਵਰਗੇ ਹਿੰਦੁਤਵੀਆਂ ਨੂੰ ਉਹ ਸਬਕ ਸਿਖਾਉਂਦੇ ਰਹਿੰਦੇ ਹਨ, ਹਾਲੇ ਕੁਝ ਚਿਰ ਪਹਿਲਾਂ ਹੀ ਸੁਧੀਰ ਸੂਰੀ ਦਾ ਪਟਾਕਾ ਪਾਇਆ ਹੈ। ਕਾਮਰੇਡਾਂ ਲਈ ਤਾਂ ਇਹ ਕਾਲ ਹਨ, ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦੇ ਯਾਰ ਹਨ। ਮੋਦੀ, ਅਮਿਤ ਸ਼ਾਹ ਤੇ ਗੋਦੀ ਮੀਡੀਆ ਨੂੰ ਅੱਗੇ ਹੋ ਕੇ ਟੱਕਰਦੇ ਹਨ। ਸਰਕਾਰ ਦੀਆਂ ਚਾਲਾਂ 'ਤੇ ਬਾਜ਼ ਅੱਖ ਰੱਖਦੇ ਹਨ, ਮੋਰਚਿਆਂ-ਪ੍ਰਦਰਸ਼ਨਾਂ 'ਚ ਸਰਗਰਮ ਰਹਿੰਦੇ ਹਨ ਤੇ ਸੋਸ਼ਲ ਮੀਡੀਆ 'ਤੇ ਵੀ ਧੁੱਕੀ ਕੱਢੀ ਆਉਂਦੇ ਹਨ। ਇਹ ਆਪਣੇ ਸ਼ਹੀਦਾਂ ਦਾ ਖ਼ੂਨ ਅਜਾਈਂ ਨਹੀਂ ਜਾਣ ਦੇਣਗੇ। ਇਹ ਪੰਥ ਅਤੇ ਪੰਜਾਬ ਦੇ ਪਹਿਰੇਦਾਰ ਬਣ ਕੇ ਤੁਰੇ ਹਨ। ਪੁਰਾਣੀ ਪੰਥਕ ਲੀਡਰਸ਼ਿਪ ਦਾ ਤਾਂ ਫ਼ਰਜ ਬਣਦਾ ਹੈ ਕਿ ਉਹ ਨੌਜਵਾਨਾਂ ਦੇ ਸਿਰਾਂ 'ਤੇ ਹੱਥ ਰੱਖਣ। ਨੌਜਵਾਨਾਂ ਦਾ ਵੀ ਫ਼ਰਜ ਹੈ ਕਿ ਉਹ ਪਹਿਲਾਂ ਸੇਵਾ ਨਿਭਾਅ ਚੁੱਕੇ ਗੁਰਸਿੱਖਾਂ ਅਤੇ ਸੰਘਰਸ਼ੀ ਯੋਧਿਆਂ ਦਾ ਪੂਰਨ ਸਤਿਕਾਰ ਕਰਨ। ਮਮੂਲੀ ਗੱਲਾਂ, ਮੱਤਭੇਦ, ਵਖਰੇਵਿਆਂ ਕੰਮ ਕਰਨ ਦੇ ਢੰਗ-ਤਰੀਕਿਆਂ ਅਤੇ ਕਿਸੇ ਮੁੱਦੇ ’ਤੇ ਅਸਹਿਮਤੀਆਂ ਨੂੰ ਲੈ ਕੇ ਇੱਕ-ਦੂਜੇ ਦਾ ਤ੍ਰਿਸਕਾਰ ਕਰਨਾ ਬੰਦ ਕਰੋ। ਇਹ ਆਪਸੀ ਪਾਟੋਧਾੜ, ਨਫ਼ਰਤ, ਈਰਖਾ, ਕਾਟੋ-ਕਲੇਸ਼, ਖਾਨਾਜੰਗੀ, ਆਪੋ-ਧਾਪੀ, ਹਫੜਾ-ਦਫੜੀ ਅਤੇ ਵੈਰ-ਵਿਰੋਧ ਬੰਦ ਕਰੋ। ਸ਼ਖ਼ਸੀਅਤ ਟਕਰਾਅ ਅਤੇ ਪੰਥਕ ਜਥੇਬੰਦੀਆਂ ’ਚ ਬਣ ਰਹੀਆਂ ਦੀਵਾਰਾਂ ਨੂੰ ਤੋੜੋ ਤੇ ਆਪਸੀ ਪਿਆਰ, ਮੁਹੱਬਤ, ਏਕਤਾ, ਇਤਫ਼ਾਕ ਵਧਾਓ। ਸਾਡਾ ਕਿਹੜਾ ਕੋਈ ਵੱਟ, ਬੰਨਾ ਜਾਂ ਪੈਲ਼ੀ ਦਾ ਰੌਲ਼ਾ ਏ ਜਾਂ ਕੋਈ ਘਰੇਲੂ ਲੜਾਈ ਏ, ਇਹ ਤਾਂ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਅਜ਼ਾਦੀ ਦੀ ਲੜਾਈ ਏ। ਆਓ ਇੱਕਮੁੱਠ ਹੋ ਕੇ ਲੜੀਏ ਜੋ ਸਮੇਂ ਦੀ ਮੰਗ ਹੈ, ਇਸ ਨਾਲ਼ ਸੰਗਤਾਂ ’ਚ ਨਿਰਾਸ਼ਾ ਟੁੱਟੇਗੀ। ਜਦੋਂ ਦੁਸ਼ਮਣ ਇੱਕ ਹੈ ਫਿਰ ਅਸੀਂ ਵੱਖ ਕਿਉਂ ? ਆਓ ਇੱਕ ਦੂਜੇ ਦੀ ਤਾਕਤ ਬਣੀਏ, ਸਤਿਕਾਰ ਕਰੀਏ ਤੇ ਕਰਵਾਈਏ, ਸ਼ਾਨਾਮੱਤਾ ਇਤਿਹਾਸ ਬਣਾਈਏ, ਕੌਮ ਦਾ ਭਵਿੱਖ ਰੁਸ਼ਨਾਈਏ ਤੇ ਖ਼ਾਲਿਸਤਾਨ ਅਜ਼ਾਦ ਕਰਾਈਏ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ:8872293883
Posted By: GURBHEJ SINGH ANANDPURI








