Nazrana Times

ਪੰਜਾਬੀ

ਧਰਮ ਯੁੱਧ ਮੋਰਚੇ ਤੋਂ ਖ਼ਾਲਿਸਤਾਨ ਦੇ ਸੰਘਰਸ਼ ਵੱਲ

03 Aug, 2025 12:10 AM

ਧਰਮ ਯੁੱਧ ਮੋਰਚੇ ਤੋਂ ਖ਼ਾਲਿਸਤਾਨ ਦੇ ਸੰਘਰਸ਼ ਵੱਲ

ਦਸਮੇਸ਼ ਪਿਤਾ ਦੇ ਸੰਤ-ਸਿਪਾਹੀ, ਜਰਨੈਲਾਂ ਦੇ ਜਰਨੈਲ, ਵੀਹਵੀਂ ਸਦੀ ਦੇ ਮਹਾਨ ਸਿੱਖ, ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਅਮਰ ਸ਼ਹੀਦ ਬਾਬਾ ਠਾਹਰਾ ਸਿੰਘ ਜੀ ਦੀ ਗ੍ਰਿਫ਼ਤਾਰੀ ਉਪਰੰਤ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਉਹਨਾਂ ਦੀ ਰਿਹਾਈ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੋਰਚਾ ਅਰੰਭ ਕਰ ਦਿੱਤਾ। ਸੰਤ ਭਿੰਡਰਾਂਵਾਲ਼ਿਆਂ ਦੀ ਉੱਚੀ-ਸੁੱਚੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਖ਼ਾਲਸਾ ਪੰਥ ਨੇ ਇਸ ਮੋਰਚੇ ਨੂੰ ਭਰਪੂਰ ਸਮਰਥਨ ਦਿੱਤਾ ਤੇ ਮੋਰਚਾ ਦਿਨਾਂ ’ਚ ਹੀ ਪੂਰਾ ਭਖ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਸੰਤ ਭਿੰਡਰਾਂਵਾਲ਼ਿਆਂ ਵੱਲੋਂ ਲਾਏ ਮੋਰਚੇ ਦਾ ਸਿਆਸੀ ਲਾਹਾ ਲੈਣ ਲਈ ‘ਸਤਲੁਜ-ਯਮੁਨਾ ਲਿੰਕ’ ਨਹਿਰ ਦਾ ਠੁੱਸ ਹੋਇਆ ਮੋਰਚਾ ਪਿੰਡ ਕਪੂਰੀ ਤੋਂ ਬਦਲ ਕੇ 4 ਅਗਸਤ 1982 ਨੂੰ ਅੰਮ੍ਰਿਤਸਰ ਲੈ ਆਂਦਾ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇਸ ਮੋਰਚੇ ਦਾ ਨਾਂ ‘ਧਰਮ ਯੁੱਧ ਮੋਰਚਾ’ ਰੱਖਿਆ। ਇਸ ਮੋਰਚੇ ਦੇ ਡਿਕਟੇਟਰ ਤਾਂ ਭਾਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਸਨ ਪਰ ਮੋਰਚੇ ਦੀ ਜ਼ਿੰਦ-ਜਾਨ ਅਤੇ ਸ਼ਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਹੀ ਸਨ। ਸਿੱਖ ਕੌਮ ਨੂੰ ਅਕਾਲੀਆਂ ਉੱਤੇ ਰੱਤਾ ਵੀ ਵਿਸ਼ਵਾਸ ਨਹੀਂ ਸੀ, ਪਰ ਸੰਤ ਭਿੰਡਰਾਂਵਾਲ਼ਿਆਂ ਕਰਕੇ ਮੋਰਚਾ ਸਿਖ਼ਰਾਂ ’ਤੇ ਪਹੁੰਚ ਗਿਆ, ਮੋਰਚੇ ਨੇ ਪੰਜਾਬ ਅਤੇ ਭਾਰਤ ਦੇ ਰਾਜਨੀਤਕ ਸਮੀਕਰਣ ਹੀ ਬਦਲ ਦਿੱਤੇ। ਇਸ ਮੋਰਚੇ ਕਾਰਨ ਸਿੱਖਾਂ ਵਿੱਚ ਇੱਕ ਨਵਾਂ ਜੋਸ਼, ਕ੍ਰਾਂਤੀ ਅਤੇ ਚੇਤਨਾ ਪ੍ਰਚੰਡ ਹੋਈ। ਸੰਤ ਭਿੰਡਰਾਂਵਾਲ਼ਿਆਂ ਦੀ ਦਿਨੋਂ-ਦਿਨ ਵਧ ਰਹੀ ਚੜ੍ਹਤ ਤੋਂ ਘਬਰਾਅ ਕੇ ਅਕਾਲੀ ਆਗੂ ਗ਼ੱਦਾਰੀਆਂ ’ਤੇ ਉੱਤਰ ਆਏ ਤੇ ਮੋਰਚਾ ਲੰਮਾ ਹੁੰਦਾ ਵੇਖ ਕੇ ਦਿੱਲੀ ਵੱਲ ਭੱਜਣ ਲੱਗੇ। ਪਰ ਸੰਤ ਭਿੰਡਰਾਂਵਾਲ਼ਿਆਂ ਨੇ ਅਕਾਲੀਆਂ ਨੂੰ ਇਸ ਮੋਰਚੇ ਤੋਂ ਪਿਛਾਂਹ ਨਾ ਹੋਣ ਦਿੱਤਾ। ਸਿੱਖ ਨੌਜਵਾਨ ਤਾਂ ਸੰਤ ਭਿੰਡਰਾਂਵਾਲ਼ਿਆਂ ਦੇ ਅਣਖੀ ਬੋਲਾਂ ਤੋਂ ਜਾਨਾਂ ਵਾਰਨ ਲਈ ਤਿਆਰ ਹੋ ਗਏ। ਇਸ ਸ਼ਾਂਤਮਈ ਮੋਰਚੇ ਨੇ ਕੇਂਦਰ ਸਰਕਾਰ ਦੇ ਨੱਕ ’ਚ ਦਮ ਕਰ ਦਿੱਤਾ। ਪੰਜਾਬ, ਭਾਰਤ ਅਤੇ ਵਿਦੇਸ਼ਾਂ ਦੇ ਸਿੱਖਾਂ ਨੇ ਵੱਧ-ਚੜ੍ਹ ਕੇ ਮੋਰਚੇ ’ਚ ਹਿੱਸਾ ਲਿਆ ਤੇ ਆਪਣੀ ਕੌਮੀ ਸ਼ਕਤੀ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਪੰਜਾਬ ਦੀਆਂ ਜੇਲ੍ਹਾਂ ਧਰਮੀ ਯੋਧਿਆਂ ਨਾਲ਼ ਭਰ ਗਈਆਂ, ਪ੍ਰਸ਼ਾਸਨ ਬੇਵੱਸ ਹੋ ਗਿਆ। ਕਈ ਆਰਜੀ ਜੇਲ੍ਹਾਂ ਵੀ ਬਣਾਈਆਂ ਗਈਆਂ ਪਰ ਖ਼ਾਲਸਾ ਪੰਥ ਦੇ ਜਾਹੋ-ਜਲਾਲ ਨੂੰ ਕੋਈ ਰੋਕ ਨਾ ਸਕਿਆ। ਕੇਂਦਰ ਦੀ ਬ੍ਰਾਹਮਣੀ ਸਰਕਾਰ ਪੰਜਾਬ ਨੂੰ ਕੋਈ ਵੀ ਅਜਿਹਾ ਅਧਿਕਾਰ ਨਹੀਂ ਸੀ ਦੇਣਾ ਚਾਹੁੰਦੀ, ਜਿਸ ਨਾਲ਼ ਸਿੱਖਾਂ ਅਤੇ ਪੰਜਾਬੀਆਂ ਦਾ ਭਲਾ ਹੋਵੇ।

ਸਰਕਾਰ ਨੇ ਸੰਤ ਭਿੰਡਰਾਂਵਾਲ਼ਿਆਂ ਦੀ ਸੱਚੀ-ਸੁੱਚੀ ਤੇ ਰੂਹਾਨੀਅਤ ਭਰੀ ਅਗੰਮੀ ਸ਼ਖ਼ਸੀਅਤ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਾ ਛੱਡੀ ਪਰ ਸਿੱਖ ਜਵਾਨੀ ’ਤੇ ਸਰਕਾਰ ਦੀਆਂ ਇਹਨਾਂ ਚਾਲਾਂ ਦਾ ਕੋਈ ਅਸਰ ਨਾ ਹੋਇਆ। ਸਰਕਾਰ ਅਤੇ ਮੀਡੀਆ ਨੇ ਮੋਰਚੇ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਵਿਰੋਧੀ ਦੱਸ ਕੇ ਤਾਰਪੀਡੋ ਕਰਨ ਦਾ ਬਥੇਰਾ ਜ਼ੋਰ ਲਾਇਆ ਪਰ ‘ਸੂਰਬੀਰ ਬਚਨ ਕੇ ਬਲੀ’ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਟੱਸ ਤੋਂ ਮੱਸ ਨਾ ਹੋਏ ਤੇ ਦ੍ਰਿੜਤਾ ਸਹਿਤ ਡਟੇ ਰਹੇ ਤੇ ਦੂਜੇ ਪਾਸੇ ਅਖੌਤੀ ਅਕਾਲੀ ਛੇਤੀ ਹੀ ਇੰਦਰਾ ਗਾਂਧੀ ਦੇ ਬੀਬੇ ਪੁੱਤ ਬਣ ਗਏ ਤੇ ਚੋਰੀ-ਛਿਪੇ ਦਿੱਲੀ ਜਾ ਕੇ ਮੀਟਿੰਗਾਂ ਕਰਨ ਲੱਗੇ।

ਆਖ਼ਰ ਹਿੰਦੁਸਤਾਨ ਦੇ ਹਿੰਦੂ ਹਾਕਮਾਂ ਨੇ ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂਆਂ ਨੂੰ ਖ਼ਤਮ ਕਰਨ, ਮੋਰਚੇ ਨੂੰ ਕੁਚਲਣ, ਸਿੱਖਾਂ ਨੂੰ ਹਮੇਸ਼ਾਂ ਵਾਸਤੇ ਗ਼ੁਲਾਮ ਬਣਾਉਣ ਤੇ ਸਿੱਖਾਂ ਦੇ ਮਨਾਂ ’ਚ ਹਕੂਮਤ ਦੀ ਦਹਿਸ਼ਤ ਫੈਲਾਉਣ ਅਤੇ ਸਿੱਖ ਕੌਮ ਦੇ ਸਵੈਮਾਣ ਅਤੇ ਸ਼ਕਤੀ ਨੂੰ ਦਰੜਨ ਲਈ ਜੂਨ 1984 ਦੇ ਪਹਿਲੇ ਹਫ਼ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾ-ਤੋਪਾਂ ਨਾਲ਼ ਢਹਿ-ਢੇਰੀ ਕਰ ਦਿੱਤਾ। ਇੰਡੀਅਨ ਆਰਮੀ ਵੱਲੋਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ’ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇ-ਰਹਿਮੀ ਨਾਲ਼ ਕਤਲ ਕੀਤਾ ਗਿਆ। ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰਾਂ ਸੂਬਿਆਂ ’ਚ ਸਿੱਖਾਂ ਦੇ ਗਲ਼ਾਂ ’ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਪੱਤ ਸ਼ਰ੍ਹੇ-ਬਜ਼ਾਰ ਰੋਲੀ ਗਈ। ਸਿੱਖ ਹੋਣਾ ਹੀ ਇਸ ਦੇਸ਼ ’ਚ ਪਾਪ ਹੋ ਗਿਆ।

ਫਿਰ ਅਣਖੀ ਸਿੱਖ ਨੌਜਵਾਨਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਸੇ ਸਿਧਾਂਤ ’ਤੇ ਪਹਿਰਾ ਦਿੰਦਿਆਂ, ਖ਼ਾਲਸਾ ਪੰਥ ਦੀ ਅਣਖ਼, ਇੱਜ਼ਤ, ਸਵੈਮਾਣ ਅਤੇ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਚੁੱਕ ਲਏ। ਖ਼ਾਲਿਸਤਾਨ ਕਮਾਂਡੋਫ਼ੋਰਸ, ਭਿੰਡਰਾਂਵਾਲ਼ਾ ਟਾਈਗਰਫ਼ੋਰਸ, ਖ਼ਾਲਿਸਤਾਨ ਲਿਬਰੇਸ਼ਨਫ਼ੋਰਸ, ਦੁਸ਼ਟ ਸੋਧ ਕਮਾਂਡੋਫ਼ੋਰਸ ਆਦਿ ਜੁਝਾਰੂ ਜਥੇਬੰਦੀਆਂ ਹੋਂਦ ’ਚ ਆਈਆਂ। ਦਮਦਮੀ ਟਕਸਾਲ, ਬੱਬਰ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੇ ਹੋਰਾਂ ਸਿੱਖ ਜੁਝਾਰੂਆਂ ਦੀ ਲਲਕਾਰ ਉੱਠੀ। ਦੁਸ਼ਟਾਂ ਨੂੰ ਸੋਧੇ ਲੱਗਣ ਲੱਗੇ ਤੇ ਇਸ ਧਰਤੀ ਉੱਤੇ ਖ਼ਾਲਿਸਤਾਨ ਦੇ ਡੰਕੇ ਵੱਜ ਗਏ। ਦੁਸ਼ਮਣ ਦੀ ਸ਼ੁਰੂ ਕੀਤੀ ਜੰਗ ਨੂੰ ਇਹਨਾਂ ਮਰਜੀਵੜਿਆਂ ਨੇ ਦੁਸ਼ਮਣ ਦੇ ਘਰ ਤਕ ਪਹੁੰਚਾਇਆ। ਦਸ ਸਾਲ ਹਥਿਆਰਬੰਦ ਲੜਾਈ ਲੜਦਿਆਂ ਹਜ਼ਾਰਾਂ ਨੌਜਵਾਨ ਸ਼ਹੀਦੀਆਂ ਪਾ ਗਏ। ਕੌਮ ਦੇ ਜਰਨੈਲ ਆਪਾ ਵਾਰ ਗਏ ਤੇ ਕਈ ਗ੍ਰਿਫ਼ਤਾਰ ਹੋ ਗਏ। ਹਥਿਆਰਬੰਦ ਸੰਘਰਸ਼ ਤੋਂ ਬਾਅਦ ਸਿੱਖ ਕੌਮ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਅੱਜ ਵੀ ਰਾਜਨੀਤਕ, ਜ਼ਮਹੂਰੀਅਤ ਤੇ ਸ਼ਾਂਤਮਈ ਢੰਗ ਨਾਲ਼ ਸੰਘਰਸ਼ਸ਼ੀਲ ਤੇ ਯਤਨਸ਼ੀਲ ਹੈ। ਅਨੰਦਪੁਰ ਸਾਹਿਬ ਦੇ ਮਤੇ ਦਾ ਮੋਰਚੇ ਨੇ ਹੀ ਖ਼ਾਲਿਸਤਾਨ ਦੇ ਸੰਘਰਸ਼ ਦਾ ਰੂਪ ਧਾਰਿਆ ਹੈ। ਅਖੌਤੀ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂੰਵਾਲੀਆ, ਸੁਰਜੀਤ ਸਿੰਘ ਬਰਨਾਲਾ ਅਤੇ ਹੋਰ ਤਾਂ ਗ਼ੱਦਾਰੀਆਂ ਕਰ ਗਏ ਪਰ ਕੌਮ ਅੱਜ ਵੀ ਆਪਣੇ ਸ਼ਹੀਦਾਂ ਦੇ ਨਿਸ਼ਾਨੇ ਉੱਤੇ ਪਹਿਰਾ ਦੇ ਰਹੀ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨ ਸਿੱਖ ਕੌਮ ਨੂੰ ਯਾਦ ਹਨ ਕਿ “ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” “ਦੁਨੀਆਂ ’ਚ ਇਹ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆਂ, ਖ਼ਾਲਿਸਤਾਨ ਜ਼ਰੂਰ ਬਣੇਗਾ।”

                         ਰਣਜੀਤ ਸਿੰਘ ਦਮਦਮੀ ਟਕਸਾਲ

                    (ਪ੍ਰਧਾਨ ਸਿੱਖ ਯੂਥਫ਼ੈਡਰੇਸ਼ਨ ਭਿੰਡਰਾਂਵਾਲ਼ਾ)

                                 ਮੋ: 88722-93883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #