Nazrana Times

ਪੰਜਾਬੀ

ਗੱਤਕਾ ਮੁਕਾਬਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਦੂਜਾ ਸਥਾਨ ਹਾਸਲ ਕੀਤਾ : ਗਿਆਨੀ ਸਿਮਰਨਜੀਤ ਸਿੰਘ

04 Sep, 2026 08:36 PM

ਅੰਮ੍ਰਿਤਸਰ, 4 ਸਤੰਬਰ (ਚਰਨਜੀਤ ਸਿੰਘ): ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਵਿੱਚ ਗੱਤਕੇ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਹ ਸਿਰਫ਼ ਇੱਕ ਯੁੱਧ ਕਲਾ ਹੀ ਨਹੀਂ, ਬਲਕਿ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਦਾ ਇੱਕ ਸਾਧਨ ਹੈ। ਗੱਤਕਾ ਖੇਡਣ ਨਾਲ ਸਰੀਰ ਵਿੱਚ ਫੁਰਤੀ, ਤਾਕਤ ਅਤੇ ਸਹਿਣਸ਼ੀਲਤਾ (ਸਟੈਮਿਨਾ) ਵੱਧਦੀ ਹੈ। ਇਸ ਖੇਡ ਵਿੱਚ ਪੈਰਾਂ ਦੀ ਹਰਕਤ (ਪੈਂਤੜਾ) ਅਤੇ ਵਾਰ ਬਚਾਉਣ ਲਈ ਬਹੁਤ ਜ਼ਿਆਦਾ ਧਿਆਨ ਅਤੇ ਇਕਾਗਰਤਾ ਦੀ ਲੋੜ ਹੁੰਦੀ ਹੈ, ਜਿਸ ਨਾਲ ਮਾਨਸਿਕ ਸ਼ਕਤੀ ਮਜ਼ਬੂਤ ਹੁੰਦੀ ਹੈ। ਇਹ ਅੱਜ ਦੇ ਸਮੇਂ ਵਿੱਚ ਹਰ ਵਰਗ, ਖਾਸ ਕਰਕੇ ਬੱਚਿਆਂ ਅਤੇ ਬੀਬੀਆਂ ਲਈ ਆਤਮ-ਰੱਖਿਆ ਦਾ ਇੱਕ ਵਧੀਆ ਸਾਧਨ ਹੈ। ਗੱਤਕਾ ਪੰਜਾਬੀ ਵਿਰਸੇ ਅਤੇ ਸਿੱਖ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ।
ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਦੀਆਂ 14 ਸਾਲ ਦੀਆਂ ਲੜਕੀਆਂ ਅਤੇ 17 ਸਾਲ ਦੇ ਲੜਕਿਆਂ ਨੇ ਪੰਜਾਬ ਜ਼ਿਲ੍ਹਾ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਲੜਕੀਆਂ ਨੇ ਪਹਿਲਾ ਸਥਾਨ ਅਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਲੜਕੀਆਂ ਅਜੇ ਸਿਰਫ ਡੇਢ ਮਹੀਨੇ ਤੋਂ ਗੱਤਕਾ ਸਿੱਖ ਰਹੀਆਂ ਸਨ। ਉਹ ਚਾਰ ਤੋਂ ਪੰਜ ਸਾਲ ਦੇ ਤਜਰਬੇ ਵਾਲੀਆਂ ਕੁੜੀਆਂ ਨੂੰ ਹਰਾ ਕੇ ਜੇਤੂ ਰਹੀਆਂ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਗੱਤਕਾ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ੧੫ ਮੈਡਲ ਜਿੱਤੇ ਜਿਸਦੇ ਵਿੱਚ U14 ਵਿੱਚ ੩ ਗੋਲ਼ਡ, ੨ ਸਿਲਵਰ ਤੇ ੧ ਬਰੌਜ਼ , U-17 ਵਿੱਚ ੭ ਸਿਲਵਰ ਤੇ ੨ ਬਰੌਜ਼ ਮੈਡਲ ਜਿੱਤੇ। ਡਾਇਰੈਕਟਰ ਸਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ. ਸਿਮਰਨਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਚੰਗੇ ਯੋਗਦਾਨ ਦੀ ਸ਼ਲਾਘਾ ਕੀਤੀ।

Posted By: GURBHEJ SINGH ANANDPURI

Latest News