Nazrana Times

ਪੰਜਾਬੀ

ਭਾਈ ਜਗਤਾਰ ਸਿੰਘ ਜੱਗੀ ਜੌਹਲ ਨੌਂ ਸਾਲਾਂ ਬਾਅਦ ਤਿਹਾੜ ਜੇਲ੍ਹ 'ਚੋਂ ਹੋਏ ਰਿਹਾਅ, ਪੰਥਕ ਹਲਕਿਆਂ 'ਚ ਖੁਸ਼ੀ ਦੀ ਲਹਿਰ

01 Oct, 2026 09:35 PM

ਦਿੱਲੀ, 1 ਅਕਤੂਬਰ (ਕੁਲਵਿੰਦਰ ਸਿੰਘ ਚੰਦੀ): ਪੰਥਕ ਹਲਕਿਆਂ ਵਿੱਚ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਪਈ ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਭਾਈ ਜਗਤਾਰ ਸਿੰਘ ਜੱਗੀ ਜੌਹਲ ਰਿਹਾਅ ਹੋ ਗਏ। ਉਹਨਾਂ ਨੂੰ ਪੁਲਿਸ ਨੇ 4 ਨਵੰਬਰ 2017 ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਕਈ ਵੱਖ-ਵੱਖ ਕੇਸਾਂ ਵਿੱਚ ਉਲਝਾ ਕੇ ਨੌਂ ਸਾਲ ਜੇਲ੍ਹਾਂ ਵਿੱਚ ਲੰਘਾ ਦਿੱਤੇ। ਉਹ ਬ੍ਰਿਟਿਸ਼ ਨਾਗਰਿਕ ਹਨ ਅਤੇ ਆਪਣੇ ਵਿਆਹ ਲਈ ਪੰਜਾਬ ਆਏ ਸਨ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਚੁੱਕ ਲਿਆ ਗਿਆ ਤੇ ਭਾਰੀ ਤਸ਼ੱਦਦ ਦਾ ਸ਼ਿਕਾਰ ਵੀ ਬਣਾਇਆ ਗਿਆ ਸੀ। ਦਿੱਲੀ ਹਾਈ ਕੋਰਟ ਨੇ 18 ਸਤੰਬਰ 2026 ਨੂੰ ਯੂਏਪੀਏ ਅਤੇ ਕਤਲ ਦੇ ਬਾਕੀ ਸਾਰੇ 7 ਮਾਮਲਿਆਂ ਵਿੱਚ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ। ਅਦਾਲਤੀ ਫੈਸਲੇ ਤੋਂ ਬਾਅਦ ਜ਼ਮਾਨਤੀ ਮੁਚੱਲਕੇ ਭਰਨ ਅਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅੱਜ ਉਹ ਲਗਭਗ 9 ਸਾਲਾਂ ਦੀ ਨਜ਼ਰਬੰਦੀ ਤੋਂ ਬਾਅਦ ਜੇਲ੍ਹ ਦੇ ਦਰਵਾਜ਼ਿਆਂ ਤੋਂ ਬਾਹਰ ਆ ਗਏ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਰਿਹਾਈ ਵਿੱਚ 2 ਹਫ਼ਤਿਆਂ ਦੀ ਦੇਰੀ ਦੇ ਮੁੱਖ ਕਾਰਨ ਅਤੇ ਜੇਲ੍ਹ ਪ੍ਰਸ਼ਾਸਨ ਤੇ ਭਾਰਤੀ ਏਜੰਸੀਆਂ ਵੱਲੋਂ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਸਨ। ਪੁਲਿਸ ਨੇ ਉਹਨਾਂ ਨੂੰ ਭਾਈ ਰਮਨਦੀਪ ਸਿੰਘ ਬੱਗਾ ਤੇ ਭਾਈ ਹਰਦੀਪ ਸਿੰਘ ਸ਼ੇਰਾ ਵੱਲੋਂ ਕੀਤੀ ਜੁਝਾਰੂ ਕਾਰਨਾਮਿਆਂ ਨਾਲ ਜੋੜਿਆ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਅਤੇ ਹੋਰ ਜੁਝਾਰੂ ਸਿੰਘਾਂ ਦੀਆਂ ਤਸਵੀਰਾਂ ਅਤੇ ਜੀਵਨੀਆਂ ਨੈਵਰ ਫੋਰਗੈਟ 1984 ਵੈੱਬਸਾਈਟ ਉੱਤੇ ਅਪਲੋਡ ਕਰਨ ਦਾ ਦੋਸ਼ੀ ਦੱਸਿਆ ਸੀ। ਜੱਗੀ ਜੌਹਲ ਦੀ ਰਿਹਾਈ ਲਈ ਇੰਗਲੈਂਡ ਅਤੇ ਹੋਰ ਦੇਸ਼ਾਂ ਦੇ ਮੰਤਰੀਆਂ ਵੱਲੋਂ ਸਮੇਂ ਸਮੇਂ ਉੱਤੇ ਆਵਾਜ਼ ਉਠਾਈ ਜਾਂਦੀ ਰਹੀ ਅਤੇ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਵੀ ਹੁੰਦੇ ਰਹੇ। ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਵਾਸਤੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਬੜੇ ਸਿਰਤੋੜ ਯਤਨ ਕੀਤੇ ਤੇ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਜਿਸ ਕਾਰਨ ਉਹ ਵਧਾਈ ਦੇ ਪਾਤਰ ਹਨ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਜਗਤਾਰ ਸਿੰਘ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ 18 ਸਤੰਬਰ 2026 ਨੂੰ ਜ਼ਮਾਨਤ ਦੇ ਦਿੱਤੀ ਸੀ ਤੇ 19 ਸਤੰਬਰ ਨੂੰ ਜ਼ਮਾਨਤਾਂ ਭਰ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੀ ਤਸਦੀਕ 28 ਸਤੰਬਰ ਨੂੰ ਹੋਣ ਤੋਂ ਬਾਅਦ ਐਨ.ਆਈ.ਏ. ਸਪੈਸ਼ਲ ਜੱਜ ਵਲੋਂ ਜੱਗੀ ਜੌਹਲ ਦੀ ਰਿਹਾਈ ਦਾ ਹੁਕਮ ਤਿਹਾੜ ਜੇਲ੍ਹ ਨੰਬਰ 5 ਨੂੰ ਭੇਜ ਦਿੱਤਾ ਸੀ ਪਰ ਜੇਲ੍ਹ ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ 268 ਸੀ.ਆਰ.ਪੀ.ਸੀ. ਤਹਿਤ ਜਾਰੀ ਕਿਤੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਜੱਗੀ ਜੌਹਲ ਨੂੰ ਰਿਹਾਅ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਐਨ.ਆਈ.ਏ. ਸਪੈਸ਼ਲ ਕੋਰਟ ਨੇ ਇਸ ਮਸਲੇ ਦੀ ਸੁਣਵਾਈ ਲਈ 6 ਅਕਤੂਬਰ ਤਰੀਕ ਪਾ ਦਿੱਤੀ ਸੀ ਪਰ ਜੱਗੀ ਜੌਹਲ ਵਲੋਂ 30 ਸਤੰਬਰ ਨੂੰ ਦਿੱਲੀ ਹਾਈ ਕੋਰਟ ਵਿੱਚ ਆਪਣੀ ਨਜ਼ਾਇਜ਼ ਤੇ ਗੈਰ ਕਾਨੂੰਨੀ ਹਿਰਾਸਤ ਨੂੰ ਚੈਲੰਜ ਕਰਦਿਆਂ ਬੰਦੀ ਪ੍ਰਤੱਖੀਕਰਨ ਰਿੱਟ ਦਾਖ਼ਲ ਕੀਤੀ ਸੀ ਜਿਸਦੀ ਸੁਣਵਾਈ ਕਰਦਿਆਂ ਜਸਟਿਸ ਨਵੀਨ ਚਾਵਲਾ ਨੇ ਸਵੇਰੇ 11 ਵਜੇ ਸੰਬੰਧਤ ਵਿਰੋਧੀ ਧਿਰਾਂ ਨੂੰ ਝਾੜ ਪਾਉਂਦਿਆਂ ਹੁਕਮ ਦਿੱਤਾ ਕਿ ਜੱਗੀ ਜੌਹਲ ਨੂੰ ਰਿਹਾਅ ਕਰੋ, ਨਹੀਂ ਤਾਂ ਕੋਰਟ ਵਲੋਂ ਆਪਣਾ ਹੁਕਮ ਸੁਣਾਇਆ ਜਾਵੇਗਾ ਜਿਸ ਦੇ ਚਲਦਿਆ ਜੱਗੀ ਜੌਹਲ ਨੂੰ ਰਿਹਾ ਕਰ ਦਿੱਤਾ ਗਿਆ।

Posted By: GURBHEJ SINGH ANANDPURI

Latest News