Nazrana Times

ਪੰਜਾਬੀ

ਬੇਮੌਸਮੀ ਬਾਰਿਸ਼ ਹਨੇਰੀ ਝਖੜ ਗੜੇਮਾਰੀ ਕਾਰਣ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਦਿਤਾ ਜਾਵੇ - ਕਿਸਾਨ ਆਗੂ

05 Apr, 2026 07:57 PM

ਬਾਬਾ ਬਕਾਲਾ , ਸੁਰਜੀਤ ਸਿੰਘ ਖ਼ਾਲਸਾ -ਅੱਜ ਦੇ ਜੋਨ ਬਾਬਾ ਬਕਾਲਾ ਸਾਹਿਬ ਦੇ ਜੋਨ ਪੱਧਰੀ ਇਜਲਾਸ ਵਿੱਚ ਬੇਮੌਸਮੀ ਬਾਰਿਸ਼, ਝੱਖੜ, ਹਨੇਰੀ ਅਤੇ ਗੜੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਨੂੰ ਲੈ ਕੇ ਪ੍ਰਤੀ ਏਕੜ 70,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਗਰਦੌਰੀਆਂ ਕਰਨ ਲਈ ਮਤਾ ਪਾਸ ਕੀਤਾ ਗਿਆ। ਇਜਲਾਸ ਦੌਰਾਨ ਜੋਨ ਕੋਰ ਕਮੇਟੀ ਦਾ ਪੁਨਰਗਠਨ ਵੀ ਕੀਤਾ ਗਿਆ।
05/04/2026 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਚੱਲ ਰਹੀਆਂ ਜਥੇਬੰਦਕ ਚੋਣਾਂ ਦੇ ਤਹਿਤ, ਜੋਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਪੱਧਰੀ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਪਿੰਡ ਕਲੇਰ ਘੁੰਮਾਣ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਪ੍ਰਧਾਨਗੀ ਹੇਠ ਜੋਨ ਡੈਲੀਗੇਟ ਇਜਲਾਸ ਸੱਦ ਕੇ ਜੋਨ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਪਿੰਡਾਂ ਤੋਂ ਚੁਣ ਕੇ ਆਏ ਡੈਲੀਗੇਟਾਂ ਨੇ ਹਾਜ਼ਰੀ ਭਰਕੇ ਸਰਬ ਸੰਮਤੀ ਨਾਲ ਜੋਨ ਕੋਰ ਕਮੇਟੀ ਦੀ ਚੋਣ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਬੇਮੌਸਮੀ ਬਾਰਿਸ਼, ਝੱਖੜ ਅਤੇ ਗੜੇਮਾਰੀ ਕਾਰਨ ਕਣਕ, ਸਬਜ਼ੀਆਂ ਅਤੇ ਚਾਰੇ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਦੇ ਇਜਲਾਸ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਭਗਵੰਤ ਮਾਨ ਸਰਕਾਰ ਕੋਲ ਮੰਗ ਕੀਤੀ ਗਈ ਕਿ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਤੁਰੰਤ ਗਰਦੌਰੀਆਂ ਦੇ ਹੁਕਮ ਜਾਰੀ ਕੀਤੇ ਜਾਣ।
ਚੋਣ ਦੌਰਾਨ ਜੋਨ ਪ੍ਰਧਾਨ ਲਖਵਿੰਦਰ ਸਿੰਘ ਮੱਦ, ਸਕੱਤਰ ਪਰਗਟ ਸਿੰਘ ਲੋਹਗੜ੍ਹ, ਖਜਾਨਚੀ ਚਰਨ ਸਿੰਘ ਕਲੇਰ ਘੁੰਮਾਣ ਸਮੇਤ 13 ਮੈਂਬਰੀ ਜੋਨ ਕੋਰ ਕਮੇਟੀ ਦਾ ਗਠਨ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ ਫ੍ਰੀ ਟ੍ਰੇਡ ਸਮਝੌਤੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਲਈ ਖ਼ਤਰਨਾਕ ਹਨ ਅਤੇ ਇਸ ਨਾਲ ਭਾਰਤੀ ਕਿਸਾਨੀ ਨੂੰ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025, ਬੀਜ਼ ਬਿੱਲ, ਮਨਰੇਗਾ ਖ਼ਤਮ ਕਰਕੇ ਲਿਆਂਦੇ ਜਾ ਰਹੇ ਕਾਨੂੰਨ, 4 ਕਿਰਤ ਕੋਡ ਆਦਿ ਦੇ ਵਿਰੋਧ ਵਿੱਚ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਦੂਜੇ ਪਾਸੇ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਰਾਹੀਂ ਮਿਲਦੇ ਰੁਜ਼ਗਾਰ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਪੰਜਾਬ ਵਿੱਚ ਆਏ ਗੈਰ ਕੁਦਰਤੀ ਹੜ੍ਹਾਂ ਕਾਰਨ ਲੋਕਾਂ ਅਤੇ ਕਿਸਾਨਾਂ-ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋਇਆ ਪਰ 50% ਪੀੜਤਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼ੰਭੂ-ਖਨੌਰੀ ਬਾਰਡਰ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਸਮਾਨ ਦੀ ਚੋਰੀ ਨਾਲ ਹੋਏ 3 ਕਰੋੜ 77 ਲੱਖ ਰੁਪਏ ਦੇ ਨੁਕਸਾਨ ਦਾ ਮੁਆਵਜ਼ਾ ਸਰਕਾਰ ਤੁਰੰਤ ਜਾਰੀ ਕਰੇ। ਨਾਲ ਹੀ ਕਿਹਾ ਕਿ ਕਣਕ ਦੀ ਵਢਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਸ ਲਈ ਸਰਕਾਰ ਮੰਡੀਆਂ ਦੇ ਪ੍ਰਬੰਧ ਤੁਰੰਤ ਦਰੁਸਤ ਕਰੇ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਇਸ ਮੌਕੇ ਸਿੰਘ ਵਜ਼ੀਰ ਭੁੱਲਰ, ਗੁਰਪ੍ਰੀਤ ਸਿੰਘ ਬੂਲੇ ਨੰਗਲ, ਸਤਨਾਮ ਸਿੰਘ ਕਾਲੇਕੇ, ਪਰਮਿੰਦਰ ਸਿੰਘ ਛਾਪਿਆਂਵਾਲੀ, ਭਗਵਾਨ ਸਿੰਘ ਕਾਲੇਕੇ, ਡਾਕਟਰ ਕੁਲਦੀਪ ਸਿੰਘ ਜਸਪਾਲ, ਬੀਬੀ ਦੀਪੋ ਕਾਲੇਕੇ, ਬੀਬੀ ਸਰਬਜੀਤ ਕੌਰ ਜਸਪਾਲ, ਬੀਬੀ ਕਮਲਜੀਤ ਕੌਰ ਕਲੇਰ ਘੁੰਮਾਣ ਅਤੇ ਬਲਦੇਵ ਸਿੰਘ ਕਾਲੇਕੇ ਨੂੰ ਜੋਨ ਕੋਰ ਕਮੇਟੀ ਦੇ ਮੈਂਬਰਾਂ ਵਜੋਂ ਚੁਣਿਆ ਗਿਆ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #