ਪਰਵਿੰਦਰ ਸਿੰਘ ਝੋਟੇ ਦੇ ਕਤਲ ਲਈ ਸਰਕਾਰ ਜਿੰਮੇਵਾਰ : ਭਾਈ ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 16 ਅਕਤੂਬਰ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀ ਜਾਨ ਦੀ ਰਾਖੀ ਕਰਨ ਵਿੱਚ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਨੇ ਉਸ ਦੇ ਨਸ਼ਾ ਵਿਰੋਧੀ ਦਾਅਵਿਆਂ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਖਿਆ ਕਿ ਜੇ ਪੰਜਾਬ ਦੀ ਜਵਾਨੀ ਬਚਾਉਣ ਲਈ ਲੜਨ ਵਾਲੇ ਹੀ ਸੁਰੱਖਿਅਤ ਨਹੀਂ ਤਾਂ ਸਰਕਾਰ ਕਿਸ ਮੂੰਹ ਨਾਲ ਨਸ਼ਿਆਂ ਵਿਰੁੱਧ ਜੰਗ ਦੇ ਦਾਅਵੇ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਬਿਆਨਬਾਜ਼ੀ ਅਤੇ ਮਸ਼ਹੂਰੀ ਨਾਲ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ। ਪੰਜਾਬ ਦੇ ਲੋਕਾਂ ਨੂੰ ਠੋਸ ਕਾਰਵਾਈ ਅਤੇ ਆਪਣੇ ਪੁੱਤਾਂ ਦੀ ਸੁਰੱਖਿਆ ਚਾਹੀਦੀ ਹੈ। ਝੋਟੇ ਦੇ ਕਤਲ ਦੀ ਨਿਰਪੱਖ ਤੇ ਸਮਾਂਬੱਧ ਜਾਂਚ ਕਰਕੇ ਸਾਰੇ ਜ਼ਿੰਮੇਵਾਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਜੇ ਜਾਂਚ ਵਿੱਚ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਬਖ਼ਸ਼ਿਆ ਨਾ ਜਾਵੇ। ਭਾਈ ਗੁਰਪ੍ਰੀਤ ਸਿੰਘ ਨੇ ਪੀੜਤ ਪਰਿਵਾਰ ਨੂੰ ਇਨਸਾਫ਼, ਢੁੱਕਵੀਂ ਆਰਥਿਕ ਸਹਾਇਤਾ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਸ਼ਾਂਤਮਈ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪੁੱਤਾਂ ਦੀ ਜਾਨ ਦਾ ਹਿਸਾਬ ਸਰਕਾਰ ਨੂੰ ਦੇਣਾ ਪਵੇਗਾ।