Nazrana Times

ਪੰਜਾਬੀ

ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਵਿੱਚ ਨਿੰਦਾ

23 May, 2026 07:06 PM

ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਸਰਕਾਰ ਹੋਵੇਗੀ ਜਿੰਮੇਵਾਰ - ਐਡਵੋਕੇਟ ਧਾਮੀ 

ਅੰਮ੍ਰਿਤਸਰ, 23 ਮਈ-ਪਰਮਜੀਤ ਸਿੰਘ ਸੰਗਾਲਾ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਲੋਕਾਂ ਵੱਲੋਂ ਬਰਨਾਲਾ ਜਿਲ੍ਹੇ ਦੇ ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਲੰਮੇ ਸਮੇਂ ਤੋਂ ਚਲਦੇ ਆ ਮੈਂਬਰ ਅਤੇ ਸਿੱਖੀ ਪ੍ਰਚਾਰ ਲਈ ਸੇਵਾਵਾਂ ਨਿਭਾ ਰਹੇ ਬਾਬਾ ਬੂਟਾ ਸਿੰਘ ਇਸ ਅਸਥਾਨ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਨਿਭਾ ਰਹੇ ਹਨ, ਜਿਨ੍ਹਾਂ ਨੂੰ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਦਾ ਵੀ ਸਹਿਯੋਗ ਹੈ। ਪਰ ਕੁਝ ਲੋਕਾਂ ਵੱਲੋਂ ਆਪਣੇ ਤੌਰ ਤੇ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਜਾਇਦਾਦ ਨੂੰ ਹਥਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮਾਨਯੋਗ ਹਾਈਕੋਰਟ ਨੇ ਵੀ ਸਟੇਅ ਕੀਤਾ ਹੋਇਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਕਮੇਟੀ ਨੂੰ ਭੰਗ ਕੀਤਾ ਹੋਇਆ ਹੈ‌। ਅਜਿਹੇ ਵਿਚ ਕੁਝ ਲੋਕਾਂ ਦਾ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦਾ ਯਤਨ ਸਿੱਖ ਸੰਗਤਾਂ ਅੰਦਰ ਵੱਡਾ ਰੋਸ ਪੈਦਾ ਕਰਨ ਵਾਲਾ ਹੈ। 

ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਕਬਜ਼ਾ ਕਰਨ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਹਨ ਜਦਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰ ਦੀ ਅਜਿਹੀ ਨੀਤੀ ਜ਼ਬਰੀ ਕਬਜ਼ਾ ਕਰਨ ਵਾਲਿਆਂ ਨੂੰ ਮੂਕ ਸਹਿਮਤੀ ਲਗਦਾ ਹੈ, ਜੋ ਵੱਡੇ ਸਵਾਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਬੇਲੋੜੀ ਦਖਲ-ਅੰਦਾਜੀ ਹੈ, ਜਿਸ ਨਾਲ ਇਲਾਕੇ ਦਾ ਮਹੌਲ ਖ਼ਰਾਬ ਹੋ ਰਿਹਾ ਹੈ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਰੋਕਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਵੀ ਵਧੀਕੀ ਹੁੰਦੀ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Posted By: PARAMJEET SINGH SANGALA

Latest News