ਮਨਪ੍ਰੀਤ ਸਿੰਘ ਇਆਲੀ "ਵਾਰਸ ਪੰਜਾਬ ਦੇ"ਜਥੇਬੰਦੀ ਵਿੱਚ ਸ਼ਾਮਿਲ ਪੰਥਕ ਏਕਤਾ ਲਈ ਕੀਤਾ ਜਾਵੇਗਾ ਹਰ ਸੰਭਵ ਹਰ ਯਤਨ : ਬਾਪੂ ਤਰਸੇਮ ਸਿੰਘ
- ਰਾਜਨੀਤੀ
- 09 Jun, 2026 03:28 PM (Asia/Kolkata)
ਦਿੱਲੀ ਦੇ ਰਹਿਮੋ ਕਰਮ ਤੇ ਚਲਣ ਵਾਲੀ ਕਿਸੇ ਪਾਰਟੀ ਨਾਲ ਕੋਈ ਰਾਜਨੀਤਿਕ ਸਮਝੌਤਾ ਨਹੀਂ ਹੋ ਸਕਦਾ- ਮਨਪ੍ਰੀਤ ਸਿੰਘ ਇਆਲੀ
ਚੰਡੀਗੜ੍ਹ ਵਿੱਚ ਪਾਰਟੀ ਦਾ ਦਫਤਰ ਕੀਤਾ ਜਾਵੇਗਾ ਕਾਇਮ ਮਨਪ੍ਰੀਤ ਸਿੰਘ ਇਆਲੀ ਨੂੰ ਪਾਰਟੀ ਦਾ ਕਨਵੀਨਰ ਥਾਪਣ ਦੀ ਸੰਭਾਵਨਾ…
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ/ਮੰਗਤ ਸਿੰਘ ਸੈਦਪੁਰ -ਅੱਜ ਇਥੇ ਖਚਾ ਖੱਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਪਾਰਲੀਮੈਂਟ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਸੇ ਸਮੇਂ ਅਕਾਲੀ ਦਲ ਵਿੱਚ ਰਹੇ ਸੀਨੀਅਰ ਆਗੂ ਅਤੇ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਨੂੰ "ਵਾਰਸ ਪੰਜਾਬ ਦੇ" ਜਥੇਬੰਦੀ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ।…ਇਸ ਮੌਕੇ ਤੇ ਫਰੀਦਕੋਟ ਤੋਂ ਪਾਰਲੀਮੈਂਟ ਮੈਂਬਰ ਸ. ਸਰਬਜੀਤ ਸਿੰਘ, ਜਥੇਬੰਦੀ ਦੇ ਆਗੂ ਅਤੇ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ, ਆਗੂ ਅਮਰਿੰਦਰ ਸਿੰਘ ਅਤੇ ਕਈ ਜ਼ਿਲਾ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਸ਼ਾਮਿਲ ਸਨ ਜੋ ਨਵੇਂ ਆਗੂ ਦੀ ਜਥੇਬੰਦੀ ਵਿੱਚ ਸ਼ਮੂਲੀਅਤ ਦਾ ਸਵਾਗਤ ਕਰਨ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਸਨ। ਇਤਫਾਕ ਵਸ ਕੁਝ ਸਾਲ ਪਹਿਲਾਂ ਦੀਪ ਸਿੱਧੂ ਵੱਲੋਂ ਵਾਰਸ ਪੰਜਾਬ ਦੇ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਵੀ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਹੀ ਕੀਤਾ ਗਿਆ ਸੀ ਅਤੇ ਉਸ ਸਮੇਂ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਨਵੀਂ ਜਥੇਬੰਦੀ ਦੀ ਸਥਾਪਨਾ ਸਮੇਂ ਵਾਰਸ ਪੰਜਾਬ ਦੇ ਜਥੇਬੰਦੀ ਦਾ ਸਵਾਗਤ ਕਰਨ ਲਈ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਸਨ। ਅਜੇ ਤੱਕ ਪ੍ਰੈਸ ਕਾਨਫਰੰਸ ਦੌਰਾਨ ਬਾਪੂ ਤਰਸੇਮ ਸਿੰਘ ਹੋਰਾਂ ਇਹ ਨਹੀਂ ਦੱਸਿਆ ਕਿ ਪਾਰਟੀ ਵਿੱਚ ਮਨਪ੍ਰੀਤ ਸਿੰਘ ਇਆਲੀ ਦਾ ਸਥਾਨ ਤੇ ਰੁਤਬਾ ਕੀ ਹੋਵੇਗਾ,ਪਰ ਜਥੇਬੰਦੀ ਦੇ ਨਜ਼ਦੀਕ ਬਹੁਤ ਹੀ ਭਰੋਸੇਯੋਗ ਸੂਤਰਾਂ ਅਨੁਸਾਰ ਉਹਨਾਂ ਨੂੰ ਛੇਤੀ ਹੀ ਪਾਰਟੀ ਦਾ ਕਨਵੀਨਰ ਥਾਪਿਆ ਜਾਵੇਗਾ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਰਾਜਨੀਤਿਕ ਹਲਕਿਆਂ ਵਿੱਚ ਮਨਪ੍ਰੀਤ ਸਿੰਘ ਇਆਲੀ ਦਾ ਅਕਸ ਅਤੇ ਪ੍ਰਭਾਵ ਇੱਕ ਸੰਜੀਦਾ, ਸੁਹਿਰਦ ਅਤੇ ਇਮਾਨਦਾਰ ਆਗੂ ਵਜੋਂ ਪਹਿਲਾਂ ਹੀ ਜਨਤਾ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ ਅਤੇ ਜਦੋਂ ਅਕਾਲੀ ਦਲ ਨੂੰ ਪਿਛਲੀਆਂ ਅਸੈਂਬਲੀ ਚੋਣਾਂ ਵਿੱਚ ਵੱਡੀ ਇਤਿਹਾਸਿਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਸਮੇਂ ਅਕਾਲੀ ਦਲ ਦੀ ਟਿਕਟ ਤੇ ਚੁਣੇ ਗਏ ਕੇਵਲ ਤਿੰਨ ਵਿਧਾਇਕਾਂ ਵਿੱਚੋਂ ਮਨਪ੍ਰੀਤ ਸਿੰਘ ਇਆਲੀ ਵੀ ਸ਼ਾਮਲ ਸਨ। ਇੱਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਮਾਲਵੇ ਦੀਆਂ 69 ਸੀਟਾਂ ਵਿੱਚੋਂ ਇੱਕ ਸੀਟ ਹੀ ਅਕਾਲੀ ਦਲ ਨੇ ਜਿੱਤੀ ਸੀ ਅਤੇ ਉਹ ਮਾਣ ਵੀ ਮਨਪ੍ਰੀਤ ਸਿੰਘ ਇਆਲੀ ਨੂੰ ਹੀ ਜਾਂਦਾ ਹੈ। ਉਸ ਸਮੇਂ ਉਹਨਾਂ ਦਾ ਰਾਜਨੀਤਿਕ ਕੱਦ ਹੋਰ ਵੀ ਉੱਚਾ ਹੋ ਗਿਆ ਜਦੋਂ ਉਹ ਲਗਾਤਾਰ ਆਪਣੇ ਸਟੈਂਡ ਉੱਤੇ ਕਾਇਮ ਰਹੇ ਕਿ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਸੁਧਾਰ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਸਿਰਮੌਰ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ ਕਿਉਂਕਿ ਪਾਰਟੀ ਦੀ ਸ਼ਰਮਨਾਕ ਹਾਰ ਵਿੱਚ ਉਹਨਾਂ ਦਾ ਰੋਲ ਬਹੁਤ ਵੱਡਾ ਹੈ। ਵੈਸੇ ਵੀ ਮਨਪ੍ਰੀਤ ਸਿੰਘ ਇਆਲੀ ਕਈ ਵਾਰ ਪਾਰਟੀ ਤੋਂ ਉਪਰ ਉੱਠ ਕੇ ਵੀ ਪੰਜਾਬ ਦੇ ਹਿੱਤਾਂ ਲਈ ਬੇਬਾਕ ਹੋ ਕੇ ਅਕਸਰ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਪ੍ਰੈਸ ਕਾਨਫਰੰਸ ਦੌਰਾਨ ਪੁੱਛੇ ਗਏ ਦਰਜਨਾਂ ਸਵਾਲਾਂ ਦਾ ਧੀਰਜ ਤੇ ਠਰੰਮੇ ਨਾਲ ਜਵਾਬ ਦਿੰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇੱਕ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਗਿਆ ਤਾਂ ਉਸ ਸਮੇਂ ਪੰਜਾਬ ਵਿੱਚ ਇੱਕ ਵੱਡਾ ਰਾਜਨੀਤਿਕ ਖਿਲਾਅ ਆ ਗਿਆ ਸੀ। ਉਸ ਖਿਲਾਅ ਨੂੰ ਭਰਨ ਲਈ ਦੀਪ ਸਿੱਧੂ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਸਾਹਮਣੇ ਆਏ ਅਤੇ ਉਹਨਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਕਾਇਮ ਕੀਤਾ।
ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਅਗਵਾਈ ਹਾਸਲ ਕਰਨ ਵਾਲੀਆਂ ਅਤੇ ਦਿੱਲੀ ਦੇ ਰਹਿਮੋ ਕਰਮ ਤੇ ਚੱਲਣ ਵਾਲੀਆਂ ਪਾਰਟੀਆਂ ਨਾਲ ਸਾਡਾ ਕੋਈ ਰਾਜਨੀਤਿਕ ਸਮਝੌਤਾ ਨਹੀਂ ਹੋ ਸਕਦਾ।ਇਸ ਸਬੰਧ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਜਦੋਂ ਇਹ ਸਵਾਲ ਕੀਤਾ ਗਿਆ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਪਿਛਲੇ ਦਿਨਾਂ ਵਿੱਚ ਗਠਜੋੜ ਨੂੰ ਲੈ ਕੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਮਿਲਦੇ ਰਹੇ ਹਨ ਤਾਂ ਇਸ ਹਾਲਤ ਵਿੱਚ ਵਾਰਸ ਪੰਜਾਬ ਜਥੇਬੰਦੀ ਕਿੱਥੇ ਖੜੀ ਹੈ ਤਾਂ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਨੇ ਇਸ ਰੁਝਾਨ ਉੱਤੇ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਕਈ ਆਗੂ ਵੱਡੀ ਗਿਣਤੀ ਵਿੱਚ ਇਸ ਗੱਲਬਾਤ ਤੋਂ ਖੁਸ਼ ਨਹੀਂ ਹਨ ਅਤੇ ਉਹਨਾਂ ਨਾਲ ਸਾਡਾ ਬਾਕਾਇਦਾ ਸੰਪਰਕ ਵੀ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਪੁਨਰ ਸੁਰਜੀਤ ਅਕਾਲੀ ਦਲ ਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਖੇਤਰੀ ਪਾਰਟੀ ਦਾ ਆਪਣਾ ਵੱਖਰਾ ਤੇ ਸੁਤੰਤਰ ਵਜੂਦ ਹੀ ਖਤਮ ਹੋ ਜਾਏ। ਜਦੋਂ ਇਹ ਸਵਾਲ ਕੀਤਾ ਗਿਆ ਕਿ ਇੱਕ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਨੇ ਇਹ ਕਿਹਾ ਸੀ ਕਿ ਪਾਰਟੀ ਵਿੱਚ ਕੁਝ ਅਜਿਹੇ ਵਿਅਕਤੀ ਸ਼ਾਮਿਲ ਹੋ ਗਏ ਹਨ ਜੋ ਮੌਕਾ ਵੇਖ ਕੇ ਪਾਰਟੀ ਵਿੱਚ ਆ ਰਹੇ ਹਨ ਤਾਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਅਜੇ ਰਾਜਨੀਤਿਕ ਖੇਤਰ ਵਿੱਚ ਪੈਰ ਹੀ ਧਰੇ ਹਨ, ਇਸ ਲਈ ਕੁਝ ਗਲਤੀਆਂ ਹੋ ਵੀ ਸਕਦੀਆਂ ਹਨ ਪਰ ਇਹਨਾਂ ਉੱਤੇ ਗੌਰ ਕੀਤਾ ਜਾਵੇਗਾ। 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਥਕ ਏਕਤਾ ਬਾਰੇ ਪੁੱਛੇ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪਾਰਟੀ ਇਹ ਯਤਨ ਕਰ ਵੀ ਰਹੀ ਹੈ।
ਦਿਲਚਸਪ ਗੱਲ ਇਹ ਸੀ ਕਿ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਸੋਸ਼ਲ ਮੀਡੀਆ ਦੀ ਭਰਮਾਰ ਸੀ ਅਤੇ ਨਵੇਂ ਉੱਠੇ ਛੋਟੇ ਵੱਡੇ ਚੈਨਲਾਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪਹੁੰਚੇ ਹੋਏ ਸਨ।ਜਦੋਂ ਪ੍ਰੈਸ ਕਾਨਫਰੰਸ ਖਤਮ ਵੀ ਹੋਈ ਤਾਂ ਪੱਤਰਕਾਰਾਂ ਨੇ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਦੁਆਲੇ ਝੁਰਮਟ ਪਾਇਆ ਹੋਇਆ ਸੀ ਅਤੇ ਹਰ ਚੈਨਲ ਕੁਝ ਨਾ ਕੁਝ ਹਾਸਲ ਕਰਨ ਲਈ ਸਵਾਲ ਕਰ ਰਿਹਾ ਸੀ। ਤੁਹਾਡੇ ਪੱਤਰਕਾਰ ਨੇ ਬਾਪੂ ਤਰਸੇਮ ਸਿੰਘ ਨੂੰ ਸੁਝਾਅ ਦਿੱਤਾ ਕਿ ਦੀਪ ਸਿੱਧੂ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸੁਪਨਿਆਂ ਅਤੇ ਰੀਝਾਂ ਨੂੰ ਜੇਕਰ ਸਾਕਾਰ ਕਰਨਾ ਹੈ ਤਾਂ ਨੌਜਵਾਨੀ ਨੂੰ ਪਾਰਟੀ ਦੇ ਉੱਚੇ ਅਹੁਦਿਆਂ ਤੇ ਵੱਡੀ ਥਾਂ ਦਿੱਤੀ ਜਾਵੇ।ਉਹਨਾਂ ਯਕੀਨ ਦਵਾਇਆ ਕਿ ਨੌਜਵਾਨ ਹੀ ਸਾਡੀ ਜਥੇਬੰਦੀ ਦੀ ਰੀੜ ਦੀ ਹੱਡੀ ਹਨ। ਇਕ ਹੋਰ ਆਗੂ ਸਰਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਛੇਤੀ ਹੀ ਚੰਡੀਗੜ੍ਹ ਵਿੱਚ ਬਕਾਇਦਾ ਇੱਕ ਦਫਤਰ ਕਾਇਮ ਕੀਤਾ ਜਾ ਰਿਹਾ ਹੈ ਜਿੱਥੇ ਪਾਰਟੀ ਦਾ ਕੋਈ ਨਾ ਕੋਈ ਸੀਨੀਅਰ ਆਗੂ ਹਰ ਰੋਜ਼ ਹਾਜ਼ਰ ਰਹੇਗਾ। ਇਸ ਤੋਂ ਇਲਾਵਾ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਵੀ ਇਸ ਦਫਤਰ ਵਿੱਚ ਆਉਂਦੇ ਰਹਿਣਗੇ।
Leave a Reply