Nazrana Times

ਪੰਜਾਬੀ

ਮਹੰਤਾਂ ਵਾਂਗ ਹੀ ਬਾਦਲਕੇ ਭਜਾਉਣ ਲਈ ਕੁਰਬਾਨੀਆਂ ਹੋਣਗੀਆਂ : ਭਾਈ ਰਣਜੀਤ ਸਿੰਘ

05 Feb, 2025 02:46 AM

ਸੁਖਬੀਰ ਸਿੰਘ ਬਾਦਲ ਦਾ ਮੁਥਾਜ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ


ਅੰਮ੍ਰਿਤਸਰ, 4 ਫਰਵਰੀ , ਨਜ਼ਰਾਨਾ ਟਾਈਮਸ ਬਿਊਰੋ

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅਜੋਕੇ ਹਲਾਤਾਂ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਯੋਗ ਗਰਦਾਨੀ ਲੀਡਰਸ਼ਿਪ ਮਰਿਆ ਸੱਪ ਹੈ, ਜੋ ਕੌਮ ਦੇ ਗਲੋਂ ਲਾਹੁਣ ਲਈ ਸਿੱਖ ਜਵਾਨੀ ਦੀਆਂ ਕੁਰਬਾਨੀਆਂ ਹੋਣਗੀਆ। ਗੁਰਦੁਆਰਾ ਸੁਧਾਰ ਲਹਿਰ ਵਰਗੀ ਕੋਈ ਲਹਿਰ ਹੀ ਇਸ ਪੰਥ ਦੋਖੀ ਲੀਡਰਸ਼ਿਪ ਤੋਂ ਖਹਿੜਾ ਛੁਡਾਵਾਊ। ਇਹ ਮਹੰਤਾਂ ਨਾਲੋਂ ਵੀ ਵੱਧ ਦੁਖੀ ਕਰਨਗੇ। ਮਹੰਤਾਂ ਤੋਂ ਸੌਖਾ ਖਹਿੜਾ ਛੁੱਟ ਗਿਆ ਸੀ। ਨਾ ਮਹੰਤ ਮੰਨੇ ਸੀ ਕਿ ਗਲਤ ਹਾਂ, ਨਾ ਇਹਨਾਂ ਨੇ ਮੰਨਣਾ ਕਿ ਗਲਤ ਹਾਂ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਕਾਰ ਰੋਲ ਦਿੱਤਾ ਹੈ ਅਤੇ ਇਹਨਾਂ ਦੋਵਾਂ ਮਾਣਮੱਤੀ ਸੰਸਥਾਵਾਂ ਨੂੰ ਪੰਥ ਵਿਰੋਧੀ ਸੰਸਥਾਵਾਂ ਬਣਾ ਦਿੱਤਾ ਹੈ। ਕਾਂਗਰਸ, ਭਾਜਪਾ ਤੇ ਝਾੜੂ ਪਾਰਟੀ ਵਾਂਗ ਬਾਦਲ ਦਲ ਵੀ ਪੰਥ ਅਤੇ ਪੰਜਾਬ ਦਾ ਕੁਝ ਸੰਵਾਰ ਨਹੀਂ ਸਕਦਾ, ਉਲਟਾ ਇਹਨਾਂ ਪਾਰਟੀਆਂ ਨਾਲੋਂ ਵੀ ਵਧੇਰੇ ਨੁਕਸਾਨ ਕਰ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਿੰਦੂ ਲੀਡਰ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਅੱਗੇ ਵਧਾਇਆ ਹੈ। ਪਰ ਇੱਧਰ ਸਾਡੇ ਸਿੱਖ ਲੀਡਰਾਂ ਨੇ ਵਿਕਾਸ ਦੀ ਗੱਲ ਤਾਂ ਕੀਤੀ ਪਰ ਪੰਥ ਅਤੇ ਪੰਜਾਬ ਦੀ ਵਿਰਾਸਤ ਨੂੰ ਰੋਲ ਦਿੱਤਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵਿਕਾਸ ਦੇ ਨਾਂ ਉੱਤੇ ਖ਼ਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼, ਅਨੰਦਪੁਰ ਦੇ ਮਤੇ ਦਾ ਸੰਘਰਸ਼, ਵੱਧ ਅਧਿਕਾਰਾਂ ਦੀ ਗੱਲ, ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਨੂੰ ਵੀ ਵਿਸਾਰ ਦਿੱਤਾ। ਕਸ਼ਮੀਰ ਵਿੱਚ ਧਾਰਾ 370 ਟੁੱਟਣ ਦੀ ਹਮਾਇਤ ਕਰਨੀ ਸੁਖਬੀਰ ਸਿੰਘ ਬਾਦਲ ਦੀ ਇਤਿਹਾਸਕ ਗਲਤੀ ਸੀ, ਇਸ ਨਾਲ ਅਨੰਦਪੁਰ ਸਾਹਿਬ ਦੇ ਮਤੇ ਦਾ ਵੀ ਭੋਗ ਪੈ ਗਿਆ, ਖ਼ਾਲਿਸਤਾਨ ਦੇ ਗੱਲ ਤਾਂ ਇਹਨਾਂ ਲਈ ਬਹੁਤ ਦੂਰ ਸੀ। ਬਾਦਲਕਿਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ਼ ਤਾਂ ਕੀ ਦਿਵਾਉਣਾ ਸੀ, ਉਲਟਾ ਦੋਸ਼ੀ ਅਤੇ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਕਲੰਕ ਲਵਾ ਲਿਆ। ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਭਾਈ ਜਸਵੰਤ ਸਿੰਘ ਖਾਲੜਾ ਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਕੇਸ ਅਹਿਮ ਸਨ ਪਰ ਬਾਦਲਕਿਆਂ ਨੇ 1997 ਵਿੱਚ ਸਰਕਾਰ ਬਣਨ ਮਗਰੋਂ ਬੀਬੀ ਪਰਮਜੀਤ ਕੌਰ ਖਾਲੜਾ ਤੇ ਹੋਰ ਸਿੱਖ ਪਰਿਵਾਰਾਂ ਨੂੰ ਕਿਹਾ ਕਿ "ਛੱਡੋ ਜੀ, ਪੁਰਾਣੀਆਂ ਗੱਲਾਂ, ਹੁਣ ਤਾਂ ਵਿਕਾਸ ਦੀ ਗੱਲ ਕਰੋ।" ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਮਾਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਪਰ ਭਾਜਪਾ ਤੇ ਬਾਦਲਕਿਆਂ ਨੇ ਸਿੱਖੀ ਸਿਧਾਂਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਸੱਟ ਮਾਰੀ ਜਿਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਲ ਹੈ। ਉਹਨਾਂ ਕਿਹਾ ਕਿ ਬਾਦਲ ਦਲ ਦੇ ਸੋਹਿਲੇ ਗਾਉਣ ਵਾਲਿਆਂ ਨੂੰ ਭਵਿੱਖ ਵਿੱਚ ਸ਼ਰਮਸਾਰ ਹੋਣਾ ਪਵੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਸ਼੍ਰੋਮਣੀ ਅਕਾਲੀ ਦਲ ਜੋ ਸੁਖਬੀਰ ਸਿੰਘ ਬਾਦਲ ਦਾ ਮੁਥਾਜ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨਹੀਂ ਸਨ ਓਦੋਂ ਅਕਾਲੀ ਦਲ ਪੂਰੇ ਜੋਬਨ ਉੱਤੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਿਹਾ ਸੀ, ਜਦੋਂ ਹੁਣ ਵੀ ਸੁਖਬੀਰ ਸਿੰਘ ਬਾਦਲ ਨਹੀਂ ਹੋਵੇਗਾ ਉਦੋਂ ਵੀ ਅਕਾਲੀ ਦਲ ਦੀ ਹੋਂਦ ਬਰਕਰਾਰ ਰਹੇਗੀ ਤੇ ਸਿੱਖ ਆਪਣੇ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਰਹਿਣਗੇ, ਅਕਾਲ ਪੁਰਖ ਨੂੰ ਧਿਆਉਣ ਵਾਲਾ ਹਰ ਸਿੱਖ ਹੀ ਅਕਾਲੀ ਹੈ, ਇਸ ਪਾਰਟੀ ਦਾ ਮੈਂਬਰ ਬਣ ਕੇ ਵੋਟਾਂ ਲੜਨ ਵਾਲਾ ਹੀ ਅਕਾਲੀ ਨਹੀਂ ਹੁੰਦਾ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੇ ਹਨ ਅਤੇ ਉਹ ਪੰਥਕ ਸਿਧਾਂਤਾਂ, ਪੰਜਾਬ ਦੀ ਖੁਸ਼ਹਾਲੀ, ਖ਼ਾਲਿਸਤਾਨ ਦੀ ਅਜ਼ਾਦੀ ਦੀ ਗੱਲ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ 'ਤੇ ਡਟ ਕੇ ਪਹਿਰਾ ਦੇ ਰਹੇ ਹਨ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਾਲਾ ਹੀ ਅਸਲ ਵਿੱਚ ਅਕਾਲੀ ਦਲ ਹੈ ਤੇ ਬਾਦਲਕਿਆਂ ਵਾਲਾ ਅਕਾਲੀ ਦਲ ਤਾਂ ਬੇਅਦਬੀ ਦਲ, ਸਿਰਸਾ ਦਲ ਤੇ ਬਈਆ ਦਲ ਬਣ ਚੁੱਕਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #