Nazrana Times

ਪੰਜਾਬੀ

ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦਾ 99ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

04 Sep, 2026 06:29 PM

ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਗੁਰਬਾਣੀ, ਕਥਾ-ਵਿਚਾਰ ਤੇ ਕਵੀਸ਼ਰੀ ਨਾਲ ਸੰਗਤਾਂ ਨਿਹਾਲ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,4 ਸਤੰਬਰ

ਦਲ ਬਾਬਾ ਰਾਮ ਸਿੰਘ ਜਥੇਬੰਦੀ ਅਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਯੁੱਗ ਪੁਰਸ਼,ਨਾਮ ਦੇ ਰਸੀਏ ਅਤੇ ਸੇਵਾ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦੇ 99ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਤਾਰਾ ਸਿੰਘ ਜੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਸੰਤ ਬਾਬਾ ਤਾਰਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੌਰਾਨ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਅਤੇ ਭਾਈ ਸਰਬਜੀਤ ਸਿੰਘ ਜੀ ਢੋਟੀਆਂ ਵਾਲਿਆਂ ਨੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਮਤਿ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸੰਤ ਬਾਬਾ ਤਾਰਾ ਸਿੰਘ ਜੀ ਦੇ ਸੇਵਾ-ਭਰਪੂਰ ਜੀਵਨ ਤੋਂ ਜਾਣੂ ਕਰਵਾਇਆ।ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਨਾਮ-ਸਿਮਰਨ ਕਰਨ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਭਾਈ ਤਸਬੀਰ ਸਿੰਘ,ਭਾਈ ਮੰਗਤ ਸਿੰਘ ਜੀ ਝਾੜ ਸਾਹਿਬ ਵਾਲਿਆਂ ਅਤੇ ਭਾਈ ਜੋਬਨਪ੍ਰੀਤ ਸਿੰਘ ਜੀ ਸਰਹਾਲੀ ਵਾਲਿਆਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਗੁਰੂ-ਚਰਨਾਂ ਨਾਲ ਜੋੜਿਆ।ਇੰਟਰਨੈਸ਼ਨਲ ਕਵੀਸ਼ਰ ਜਥੇ ਦੇ ਭਾਈ ਮਨਜੀਤ ਸਿੰਘ ਜੀ ਸੋਹੀ ਨੇ ਕਵੀਸ਼ਰੀ ਰਾਹੀਂ ਸਿੱਖ ਇਤਿਹਾਸ ਅਤੇ ਪੰਥਕ ਵਿਰਸੇ ਦੀ ਪੇਸ਼ਕਾਰੀ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਪ੍ਰਦੀਪ ਸਿੰਘ ਜੀ ਰਾਹਲ ਚਾਹਲ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਕਵੀਸ਼ਰੀ ਰਾਹੀਂ ਵੀ ਹਾਜ਼ਰੀ ਭਰੀ ਅਤੇ ਸਮਾਗਮ ਦੀ ਸਮਾਪਤੀ ਮੌਕੇ ਅਰਦਾਸ ਕੀਤੀ।
ਸਮਾਗਮ ਦੌਰਾਨ ਸੰਤ ਬਾਬਾ ਤਾਰਾ ਸਿੰਘ ਜੀ ਦੇ ਮਹਾਨ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੀਆਂ ਧਾਰਮਿਕ ਤੇ ਸਮਾਜ ਸੇਵੀ ਸੇਵਾਵਾਂ ਨੂੰ ਯਾਦ ਕੀਤਾ ਗਿਆ। ਬੁਲਾਰਿਆਂ ਨੇ ਦੱਸਿਆ ਕਿ ਸੰਤ ਬਾਬਾ ਤਾਰਾ ਸਿੰਘ ਜੀ ਦਾ ਜਨਮ 19 ਅਗਸਤ 1927 ਨੂੰ ਪਿਤਾ ਬਾਬਾ ਮੰਨਾ ਸਿੰਘ ਜੀ ਅਤੇ ਮਾਤਾ ਮੰਗਲ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਸੀ।ਉਨ੍ਹਾਂ ਆਪਣਾ ਸਮੁੱਚਾ ਜੀਵਨ ਗੁਰਮਤਿ ਪ੍ਰਚਾਰ, ਨਾਮ-ਸਿਮਰਨ,ਗੁਰੂ ਘਰਾਂ ਦੀ ਕਾਰ ਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਦੀਆਂ ਸੇਵਾਵਾਂ ਅਤੇ ਸਾਦਗੀ ਭਰਪੂਰ ਜੀਵਨ ਸਿੱਖ ਸੰਗਤ ਲਈ ਪ੍ਰੇਰਣਾ ਦਾ ਸਰੋਤ ਹਨ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਅਗਲੇ ਸਾਲ ਸੰਤ ਬਾਬਾ ਤਾਰਾ ਸਿੰਘ ਜੀ ਦੀ 100 ਸਾਲਾ ਜਨਮ ਸ਼ਤਾਬਦੀ ਦਾ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਬੜੇ ਪ੍ਰੇਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ,ਰਾਗੀ-ਢਾਡੀ ਤੇ ਕਵੀਸ਼ਰੀ ਜਥਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਦਲ ਬਾਬਾ ਰਾਮ ਸਿੰਘ ਜਥੇਬੰਦੀ ਦੇ ਜਥੇਦਾਰ ਬਾਬਾ ਰਣਜੀਤ ਸਿੰਘ ਜੀ,ਸਰਪੰਚ ਸਾਹਿਬ ਸਿੰਘ, ਸਰਪੰਚ ਬਲਬੀਰ ਸਿੰਘ ਠੱਟਾ,ਬਾਬਾ ਸਰਬਜੀਤ ਸਿੰਘ, ਸੰਪਰਦਾਇ ਸਕੱਤਰ ਹਰਭਜਨ ਸਿੰਘ ਸੰਧੂ,ਜਥੇਦਾਰ ਬਾਬਾ ਬੀਰਾ ਸਿੰਘ ਜੀ,ਸੰਪਰਦਾਇ ਦੇ ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ, ਜਥੇਦਾਰ ਹੀਰਾ ਸਿੰਘ,ਜਥੇਦਾਰ ਬਾਬਰ ਸਿੰਘ, ਜਥੇਦਾਰ ਤਰਸੇਮ ਸਿੰਘ,ਲਖਵਿੰਦਰ ਸਿੰਘ,ਅਰਜਨ ਸਿੰਘ ਸੰਧੂ (ਸਮਾਜ ਸੇਵੀ),ਜਗਮੋਹਨ ਸਿੰਘ,ਹਿੰਮਤ ਸਿੰਘ, ਪ੍ਰਿਤਪਾਲ ਸਿੰਘ ਭਾਈ,ਭੁਪਿੰਦਰ ਸਿੰਘ ਭੂਪੀ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜਰ ਸਨ।

Posted By: GURBHEJ SINGH ANANDPURI

Latest News