ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਭਾਈ ਬਲਬੀਰ ਸਿੰਘ ਤੇ ਸ਼ਹੀਦ ਭਾਈ ਮੇਜਰ ਸਿੰਘ ਦੀ ਯਾਦ 'ਚ ਪਿੰਡ ਕੋਲੋਵਾਲ ਵਿਖੇ ਸ਼ਹੀਦੀ ਸਮਾਗਮ 27 ਨੂੰ : ਪੰਥਕ ਆਗੂ
ਅੰਮ੍ਰਿਤਸਰ, 23 ਅਕਤੂਬਰ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਬਲਬੀਰ ਸਿੰਘ ਕੋਲੋਵਾਲ ਦੇ ਸਪੁੱਤਰ ਭਾਈ ਹਰਪਾਲ ਸਿੰਘ ਫੌਜੀ ਤੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਏ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜੁਝਾਰੂ ਯੋਧਿਆਂ ਅਮਰ ਸ਼ਹੀਦ ਭਾਈ ਬਲਬੀਰ ਸਿੰਘ ਜੀ ਕੋਲੋਵਾਲ, ਅਮਰ ਸ਼ਹੀਦ ਭਾਈ ਮੇਜਰ ਸਿੰਘ ਜੀ ਕੋਲੋਵਾਲ ਅਤੇ ਜਨਰਲ ਭਾਈ ਸ਼ਾਬੇਗ ਸਿੰਘ ਜੀ ਖਿਆਲਾ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ 27 ਅਕਤੂਬਰ ਨੂੰ ਗੁਰਦੁਆਰਾ ਸ਼ਹੀਦਾਂ ਸਾਧ ਸੰਗਤ, ਪਿੰਡ ਕੋਲੋਵਾਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਜੀ, ਕਵੀਸ਼ਰ ਗਿਆਨੀ ਗੁਰਕੀਰਤ ਸਿੰਘ ਡਬਲ ਐੱਮ.ਏ. ਅਤੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਕਥਾ-ਵਾਰਾਂ ਰਾਹੀਂ ਜੋਸ਼ੀਲਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸੰਤ ਮਹਾਂਪੁਰਖ ਬਾਬਾ ਸਤਨਾਮ ਸਿੰਘ ਅਤੇ ਬਾਬਾ ਕਿਰਪਾਲ ਸਿੰਘ ਗੁਰੂ ਕੇ ਬਾਗ ਵਾਲੇ ਅਤੇ ਬਾਬਾ ਜੋਗਿੰਦਰ ਸਿੰਘ ਗੁਰਦੁਆਰਾ ਸ਼ਹੀਦਾਂ ਲੋਪੋਕੇ ਵਾਲੇ ਵੀ ਸਮਾਗਮ ਵਿੱਚ ਹਾਜ਼ਰੀ ਭਰਨਗੇ। ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨੂੰ ਐੱਨ.ਆਰ.ਆਈ. ਵੀਰਾਂ ਵੱਲੋਂ ਸੋਨੇ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਸੇਵਾ ਭਾਈ ਹਰਪਾਲ ਸਿੰਘ ਨਿਭਾਉਣਗੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।