ਪੰਜਾਬ 'ਚ ਪ੍ਰਾਈਵੇਟ ਹਸਪਤਾਲਾਂ 'ਚ ਲੋਕਾਂ ਦੀ ਲੁੱਟ ਸਬੰਧੀ ਰੈਗੂਲੈਰਟੀ ਅਥਾਰਟੀ ਬਣਾਏ ਜਾਣ ਦੀ ਕੀਤੀ ਮੰਗ...
ਵਿਧਾਇਕ ਕੁਲਵੰਤ ਸਿੰਘ ਹੋਰਾਂ ਵਿਧਾਨ ਸਭਾ ਵਿੱਚ ਚੁੱਕਿਆ ਸਵਾਲ ਕਮਜ਼ੋਰ ਵਰਗ ਨਾਲ ਸੰਬੰਧਿਤ ਹੁਣ ਤੱਕ ਕਿੰਨੇ ਮਰੀਜ਼ਾਂ ਦਾ ਇਲਾਜ ਹੋ ਸਕਿਆ ?
ਚੰਡੀਗੜ੍ਹ 23 ਅਕਤੂਬਰ (ਮੰਗਤ ਸਿੰਘ ਸੈਦਪੁਰ) : ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦੇ ਸਿਹਤ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਸਵਾਲ ਕਰਦਿਆਂ ਹਲਕਾ ਮੁਹਾਲੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਕਿਹਾ ਕਿ 2000 ਸੰਨ ਤੋਂ ਇਸ ਸ਼ਰਤ 'ਤੇ ਪ੍ਰਾਈਵੇਟ ਹਸਪਤਾਲ ਬਣਾਉਣ ਦੇ ਲਈ ਰਿਜ਼ਰਵ ਪ੍ਰਾਈਸ 'ਤੇ ਥਾਂ ਅਲਾਟ ਕੀਤੀ ਗਈ ਸੀ ਕਿ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਮਰੀਜ਼ਾਂ ਦੇ ਇਲਾਜ ਵਿੱਚ 10% ਓ.ਪੀ.ਡੀ. ਅਤੇ 5 % ਇੰਡੋਰ ਮੁਫਤ ਅਤੇ ਰਿਆਇਤੀ ਦਰਾਂ 'ਤੇ ਇਲਾਜ ਕੀਤਾ ਜਾਵੇਗਾ। ਪਰੰਤੂ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਮਾਮਲੇ ਵੱਲ ਧਿਆਨ ਹੀ ਨਹੀਂ ਦਿੱਤਾ। ਮੁੱਖ ਮੰਤਰੀ -ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਹੁਣ ਹੋਂਦ ਵਿਚ ਆਈ ਹੈ, ਪ੍ਰੰਤੂ ਕੀ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਇਹਨਾਂ ਪ੍ਰਾਈਵੇਟ ਸੰਸਥਾਵਾਂ ਤੋਂ ਇਹ ਪੁੱਛ ਸਕਦੇ ਹਨ ਕਿ ਹੁਣ ਤੱਕ ਉਹਨਾਂ ਨੇ ਕਿੰਨੇ ਅਜਿਹੇ ਮਰੀਜ਼ਾਂ ਦਾ ਮੁਫਤ ਅਤੇ ਰਿਆਇਤੀ ਦਰਾਂ 'ਤੇ ਇਲਾਜ ਕੀਤਾ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਵਿੱਚ ਜਦੋਂ ਕੋਈ ਕੁਤਾਹੀ ਹੁੰਦੀ ਹੈ ਜਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਝਗੜਾ-ਝਮੇਲਾ ਵੱਧ ਜਾਂਦਾ ਹੈ। ਬਹੁਤੀ ਵਾਰ ਵੇਖਣ ਵਿੱਚ ਇਹ ਵੀ ਆਇਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਜਦੋਂ ਵੱਡੇ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਨਾਲ ਸੰਬੰਧਿਤ ਵੱਡੇ ਬਿੱਲ ਬਣਾ ਦਿੱਤੇ ਜਾਂਦੇ ਹਨ, ਤਾਂ ਬਹੁਤੀ ਵਾਰ ਡੈਡ ਬਾਡੀ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਉਦੋਂ ਤੱਕ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਸ ਵੱਡੇ ਬਿਲ ਦਾ ਭੁਗਤਾਨ ਹਸਪਤਾਲ ਨੂੰ ਨਹੀਂ ਕੀਤਾ ਜਾਂਦਾ। ਪ੍ਰੰਤੂ ਅਜਿਹਾ ਸਭ ਕੁਝ ਤੇ ਧਿਆਨ ਰੱਖਣ ਦੇ ਲਈ ਰੈਗੂਲਰਟੀ ਅਥਾਰਟੀ ਬਣਾਈ ਜਾਣੀ ਚਾਹੀਦੀ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਡਾਕਟਰ ਬਲਵੀਰ ਸਿੰਘ- ਸਿਹਤ ਮੰਤਰੀ ਤੇ ਪਰਿਵਾਰ ਭਲਾਈ ਵਿਭਾਗ ਨਾਲ ਸੰਬੰਧਿਤ ਮੰਤਰੀ ਨੂੰ ਇਹ ਸਵਾਲ ਕੀਤਾ ਕਿ ਕੀ ਉਹ ਇਹ ਦੱਸਣਗੇ ਕਿ ਰੈਗੂਲਰਟੀ ਅਥਾਰਟੀ ਬਣਾਏ ਜਾਣ ਲਈ ਕੀ ਅਤੇ ਕਦੋਂ ਕਦਮ ਚੁੱਕੇ ਜਾਣਗੇ, ਤਾਂ ਕਿ ਮਰੀਜ਼ਾਂ ਦੇ ਹਸਪਤਾਲ ਦੀ ਮੈਨੇਜਮੈਂਟ ਦੇ ਨਾਲ ਗਿਲੇ -ਸ਼ਿਕਵਿਆਂ ਨੂੰ ਦੂਰ ਕੀਤਾ ਜਾ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਡਾਕਟਰ ਬਲਵੀਰ ਸਿੰਘ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਜਮੀਨ ਸਬੰਧੀ ਰਿਜ਼ਰਵ ਪ੍ਰਾਈਜ 'ਤੇ ਕੀਤੇ ਗਏ ਅਲੋਟਮੈਂਟ ਪੱਤਰ ਵੀ ਉਹਨਾਂ ਕੋਲ ਮੌਜੂਦ ਹਨ। ਕਿਰਪਾ ਕਰਕੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਮਰੀਜ਼ਾਂ ਦੇ ਇਲਾਜ ਸਬੰਧੀ ਕਦਮ ਉਠਾਏ ਜਾਣ ਅਤੇ ਖਾਸ ਕਰਕੇ ਕਮਜ਼ੋਰ ਵਰਗ ਨਾਲ ਸੰਬੰਧਿਤ ਮਰੀਜ਼ਾਂ ਨੂੰ ਰਾਹਤ ਦਿੱਤੀ ਜਾਵੇ। ਇਸ 'ਤੇ ਡਾਕਟਰ ਬਲਵੀਰ ਸਿੰਘ ਹੋਰਾਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਸਵਾਲ ਦੇ ਜਵਾਬ ਵਿੱਚ ਬੋਲਦੇ ਹੋਏ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਉਹਨਾਂ ਨੂੰ ਜਰੂਰੀ ਅਤੇ ਲੋੜਿੰਦੀ ਜਾਣਕਾਰੀ ਮੁਹੱਈਆ ਕਰਵਾ ਦੇਣ ਅਤੇ ਹੋਰ ਜਲਦ ਹੀ ਤੁਰੰਤ ਇਸ ਮਾਮਲੇ ਵਿੱਚ ਕਦਮ ਉਠਾਉਣਗੇ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ