ਐਮ.ਸੀ. ਮੋਹਾਲੀ ਮੇਅਰ ਚੋਣਾਂ 'ਚ ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸ਼ਰਮਾ ਸੀਨੀ. ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਚੁਣਿਆ ਡਿਪਟੀ ਮੇਅਰ...

ਐਮ.ਸੀ. ਮੋਹਾਲੀ ਮੇਅਰ ਚੋਣਾਂ 'ਚ ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸ਼ਰਮਾ ਸੀਨੀ. ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਚੁਣਿਆ ਡਿਪਟੀ ਮੇਅਰ...

ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਦਿੱਤੀ ਵਧਾਈ ਅਤੇ ਕਿਹਾ ਮੋਹਾਲੀ ਨੂੰ ਕੀਤਾ ਜਾਵੇਗਾ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਵਾਅਦਾ.…

ਐਮ ਐਲ ਏ ਕੁਲਵੰਤ ਸਿੰਘ ਨੇ ਕੀਤਾ ਸਮੁੱਚੇ ਮੋਹਾਲੀ ਵਾਸੀਆਂ, ਵੋਟਰਾਂ, ਸਾਰੇ ਕੌਂਸਲਰਾਂ ਪਾਰਟੀ ਅਹੁਦੇਦਾਰ ਅਤੇ ਵਰਕਰਾਂ ਦਾ ਧੰਨਵਾਦ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜੂਨ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਮੋਹਾਲੀ ਦੀਆਂ ਅੱਜ ਹੋਈਆਂ ਮੇਅਰ ਚੋਣਾਂ ਦੌਰਾਨ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ, ਰਾਜਿੰਦਰ ਪ੍ਰਸ਼ਾਦ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਚੁਣਿਆ ਗਿਆ। ਚੋਣ ਪ੍ਰਕਿਰਿਆ ਤੋਂ ਪਹਿਲਾਂ ਨਗਰ ਨਿਗਮ ਮੋਹਾਲੀ ਦੇ ਸਾਰੇ 50 ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਅਤੇ ਚੋਣ ਪ੍ਰਕਿਰਿਆ ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਕਰਵਾਈ ਗਈ, ਜਿਨ੍ਹਾਂ ਨੇ ਕਨਵੀਨਰ ਵਜੋਂ ਭੂਮਿਕਾ ਨਿਭਾਈ, ਜਦਕਿ ਕੌਂਸਲਰ ਗੁਰਮੁਖ ਸਿੰਘ ਸੋਹਲ ਨੇ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਚੋਣ ਕਾਰਵਾਈ ਦਾ ਸੰਚਾਲਨ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਜਿਨ੍ਹਾਂ ਨੂੰ ਪਾਰਟੀ ਹਾਈਕਮਾਨ ਵੱਲੋਂ ਮੋਹਾਲੀ ਦੀਆਂ ਮੇਅਰ ਚੋਣਾਂ ਦੀ ਪਾਰਟੀ ਪੱਧਰ 'ਤੇ ਨਿਗਰਾਨੀ ਲਈ ਜ਼ਿੰਮੇਵਾਰੀ ਸੌਂਪੀ ਗਈ ਸੀ, ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਨਵੀਂ ਟੀਮ ਮੋਹਾਲੀ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਅਤੇ ਨਾਗਰਿਕ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। 

ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੋਹਾਲੀ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਕੇ ਇਸ ਨੂੰ ਸੁਪਨਿਆਂ ਦੇ ਸ਼ਹਿਰ ਵਜੋਂ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰੀ ਪੰਜਾਬ ਦੇ ਲੋਕ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ-ਪੱਖੀ ਨੀਤੀਆਂ ਅਤੇ ਸੁਸ਼ਾਸਨ ਨੂੰ ਭਰਵਾਂ ਸਮਰਥਨ ਦੇ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਫਤਵਾ ਦਿੱਤਾ ਹੈ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਹ ਉਨ੍ਹਾਂ 35 ਕੌਂਸਲਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ। ਇਨ੍ਹਾਂ ਵਿੱਚ ਪਾਰਟੀ ਦੇ 27 ਕੌਂਸਲਰਾਂ ਦੇ ਨਾਲ-ਨਾਲ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਨੇ ਪਾਰਟੀ ਦੀ ਏਕਤਾ ਅਤੇ ਮੋਹਾਲੀ ਦੇ ਵਾਸੀਆਂ ਦੀ ਸੇਵਾ ਪ੍ਰਤੀ ਉਸ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਇਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੀ ਹਾਜ਼ਰ ਸਨ। ਵਿਧਾਇਕ ਕੁਲਵੰਤ ਸਿੰਘ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਸਫਲਤਾਪੂਰਵਕ ਸੰਪੂਰਨ ਕਰਵਾਉਣ ਲਈ, ਮੋਹਾਲੀ ਦੇ ਵਸਨੀਕਾਂ, ਸਾਰੇ ਕੌਂਸਲਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਚੁਣੀ ਗਈ ਲੀਡਰਸ਼ਿਪ ਸ਼ਹਿਰ ਦੀਆਂ ਨਾਗਰਿਕ ਸਮੱਸਿਆਵਾਂ ਦੇ ਹੱਲ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕਰੇਗੀ। ਚੋਣ ਪ੍ਰਕਿਰਿਆ ਮਨਵੇਸ਼ ਸਿੰਘ ਸਿੱਧੂ, ਕਮਿਸ਼ਨਰ ਰੂਪਨਗਰ ਡਿਵੀਜ਼ਨ ਵੱਲੋਂ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਦੀ ਹਾਜ਼ਰੀ ਵਿੱਚ ਸੰਪੰਨ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਅਤੇ ਐੱਸ.ਡੀ.ਐੱਮ. ਮੋਹਾਲੀ ਦਮਨਦੀਪ ਕੌਰ ਵੀ ਮੌਜੂਦ ਰਹੇ। ਚੋਣ ਤੋਂ ਬਾਅਦ ਸਰਬਜੀਤ ਸਿੰਘ ਸਮਾਣਾ ਨੇ ਨਗਰ ਨਿਗਮ ਮੋਹਾਲੀ ਦੇ ਮੇਅਰ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ। ਇਸੇ ਤਰ੍ਹਾਂ ਰਾਜਿੰਦਰ ਪ੍ਰਸ਼ਾਦ ਨੇ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੇ ਡਿਪਟੀ ਮੇਅਰ ਵਜੋਂ ਅਹੁਦਾ ਸੰਭਾਲਿਆ। ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਪਾਰਟੀ ਲੀਡਰਸ਼ਿਪ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਲੋਕ ਭਲਾਈ, ਯੋਜਨਾਬੱਧ ਸ਼ਹਿਰੀ ਵਿਕਾਸ ਅਤੇ ਮੋਹਾਲੀ ਦੀ ਸਰਵਪੱਖੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਜਨ ਪ੍ਰਤੀਨਿਧੀ, ਕੌਂਸਲਰ, ਪਾਰਟੀ ਆਗੂ, ਅਧਿਕਾਰੀ ਅਤੇ ਸਮਰਥਕ ਹਾਜ਼ਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.