ਮੇਰਾ ਘਰ-ਮੇਰੇ ਨਾਮ ਸਕੀਮ ਨਾਲ ਲੋਕਾਂ ਨੂੰ ਜਾਇਦਾਦਾਂ ਵੇਚਣ ਤੇ ਖ਼ਰੀਦਣ ਦਾ ਹੱਕ ਮਿਲੇਗਾ-ਐਡਵੋਕੇਟ ਚੰਦੀ
ਮੇਰਾ ਘਰ-ਮੇਰੇ ਨਾਮ ਸਕੀਮ ਤਹਿਤ ਵੰਡੇ ਮਾਲਕੀ ਵਾਲੇ ਪ੍ਰਾਪਰਟੀ ਕਾਰਡ
ਕਪੂਰਥਲਾ 13 ਅਕਤੂਬਰ ਗੌਰਵ ਮੜੀਆ
ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਹੱਕ ਦੇਣ ਲਈ ਸ਼ੁਰੂ ਕੀਤੀ ਮੇਰਾ ਘਰ-ਮੇਰੇ ਨਾਮ ਸਕੀਮ ਤਹਿਤ ਕਪੂਰਥਲਾ ਹਲਕੇ ਦੇ ਪਿੰਡ ਖੋਜੇਵਾਲ ਵਿਖੇ ਕਾਰਡਾਂ ਦੀ ਵੰਡ ਲਈ ਇੱਕ ਪ੍ਰੋਗਰਾਮ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵਲੋਂ ਲਾਭਪਾਤਰੀਆਂ ਨੂੰ ਜਾਇਦਾਦ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡਾਂ ਦੀ ਵੰਡ ਕੀਤੀ ਗਈ।ਇਸ ਸਬੰਧੀ ਪਿੰਡ ਪੱਧਰੀ ਵਿਖੇ ਆਯੋਜਿਤ ਸਮਾਗਮ ਦੌਰਾਨ ਐਡਵੋਕੇਟ ਚੰਦੀ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੇਰਾ ਘਰ-ਮੇਰੇ ਨਾਮ ਸਕੀਮ ਦਾ ਮੁੱਖ ਮੰਤਵ ਲਾਲ ਲਕੀਰ ਅੰਦਰ ਰਹਿੰਦੇ ਪੰਜਾਬ ਦੇ ਹਰੇਕ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਦੇ ਹੱਕ ਦਿਵਾਉਣਾ ਹੈ।ਉਨ੍ਹਾਂਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੇਰਾ ਘਰ ਮੇਰੇ ਨਾਮ ਸਕੀਮ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਹੱਕ ਦੇਣ ਵੱਲ ਇਕ ਅਹਿਮ ਕਦਮ ਹੈ।ਇਸ ਸਕੀਮ ਨਾਲ ਲੋਕਾਂ ਨੂੰ ਆਪਣੇ ਘਰ ਨਾਲ ਸਬੰਧਤ ਦਸਤਾਵੇਜ਼ੀ ਹੱਕ ਮਿਲ ਰਹੇ ਹਨ ਅਤੇ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਅਤੇ ਹੱਕਾਂ ਨੂੰ ਪਹਿਲ ਦੇ ਆਧਾਰ ਤੇ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਪਿੰਡ-ਪਿੰਡ ਅਤੇ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਵੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬਹੁਤ ਸਾਰੇ ਪਰਿਵਾਰ ਦਹਾਕਿਆਂ ਤੋਂ ਲਾਲ ਡੇਰੇ ਅੰਦਰ ਰਹਿ ਰਹੇ ਹਨ ਜਿਨ੍ਹਾਂ ਕੋਲ ਮਾਲਕੀ ਦਾ ਰਸਮੀ ਰਿਕਾਰਡ ਨਾ ਹੋਣ ਕਰਕੇ ਆਪਣੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸ ਸਕੀਮ ਨੇ ਅਜਿਹੀਆਂ ਸਾਰੀਆਂ ਸਮੱਸਿਆਵਾਂ ਦਾ ਜੜ੍ਹੋਂ ਹੱਲ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਸ ਲੋਕ ਪੱਖੀ ਪਹਿਲਕਦਮੀ ਨੇ ਲਾਲ ਲਕੀਰ ਦੇ ਵਸਨੀਕਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਹੈ।ਮਾਲਕੀ ਹੱਕ ਮਿਲਣ ਨਾਲ ਲੋਕਾਂ ਅੰਦਰ ਆਪਣੇ ਘਰਾਂ ਦੀ ਸੰਭਾਲ, ਸੁਧਾਰ ਅਤੇ ਭਵਿੱਖ ਦੇ ਯੋਜਨਾਬੰਦੀ ਦਾ ਭਰੋਸਾ ਹੋਰ ਵਧੇਗਾ ਅਤੇ ਉਹ ਆਪਣੀਆਂ ਪ੍ਰਾਪਰਟੀਆਂ ਖਰੀਦ-ਵੇਚ ਸਕਣਗੇ,ਜਿਨ੍ਹਾਂ ਦੀਆਂ ਜਾਇਦਾਦਾਂ ਦਾ ਮੁਕੰਮਲ ਵੇਰਵਾ ਹੁਣ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਹੋਵੇਗਾ।ਇਸ ਦੌਰਾਨ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਦਾ ਧੰਨਵਾਦ ਕੀਤਾ।
Posted By: Gaurav Maria