ਸਰਕਾਰੀ ਕਾਲਜ ਕਾਲਕਾ ਦੇ ਐਨਐਸਐਸ ਵਲੰਟੀਅਰਾਂ ਨੇ ਕੀਤਾ ਭਾਈਚਾਰਕ ਸੇਵਾ ਕਾਰਜ
‘ਨਵ ਆਰੋਹਣ’ ਤਹਿਤ ਪੌਦੇ ਲਗਾ ਕੇ ਚਲਾਈ ਸਫ਼ਾਈ ਮੁਹਿੰਮ
ਰਾਕੇਸ਼ ਨਈਅਰ
ਕਾਲਕਾ/ਚੰਡੀਗੜ੍ਹ,1 ਅਕਤੂਬਰ
ਐਨਐਸਐਸ ਦਿਵਸ ਮੌਕੇ ਸਰਕਾਰੀ ਸਨਾਤਕੋਤਰ ਕਾਲਜ, ਕਾਲਕਾ ਦੀਆਂ ਐਨਐਸਐਸ ਇਕਾਈਆਂ ਵੱਲੋਂ ‘ਨਵ ਆਰੋਹਣ’ ਪਹਿਲਕਦਮੀ ਤਹਿਤ ਸ਼ਿਵ ਨਗਰ ਨੇੜੇ ਸਥਿਤ ਝੁੱਗੀ ਖੇਤਰ ਵਿੱਚ ਭਾਈਚਾਰਕ ਸੇਵਾ ਕਾਰਜ ਕਰਵਾਇਆ ਗਿਆ। ਇਸ ਦੌਰਾਨ ਕਰੀਬ 40 ਐਨਐਸਐਸ ਵਲੰਟੀਅਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਹ ਪ੍ਰੋਗਰਾਮ ਕਾਲਜ ਦੀ ਪ੍ਰਿੰਸੀਪਲ ਡਾ. ਸੀਮਾ ਸਿੰਘ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਇਸ ਮੌਕੇ ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਆਸ਼ੀਸ਼ ਕੁਮਾਰ ਅਤੇ ਸੁਸ਼ਰੀ ਸਵਿਤਾ ਤੋਂ ਇਲਾਵਾ ਐਨਐਸਐਸ ਮੈਂਬਰ ਸ਼੍ਰੀਮਤੀ ਅਨੂ ਵੀ ਮੌਜੂਦ ਸਨ।
ਵਲੰਟੀਅਰਾਂ ਨੇ ਖੇਤਰ ਵਿੱਚ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਅਤੇ ਸਫ਼ਾਈ ਮੁਹਿੰਮ ਚਲਾ ਕੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਬੱਚਿਆਂ ਲਈ ਸਿੱਖਿਆ ਨਾਲ ਸਬੰਧਤ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਇਸ ਮੌਕੇ ਲੋੜਵੰਦ ਲੋਕਾਂ ਨੂੰ ਸਟੇਸ਼ਨਰੀ, ਸੈਨੇਟਰੀ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ। ਵਲੰਟੀਅਰਾਂ ਨੇ ਬੱਚਿਆਂ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਸਿੱਖਿਆ, ਸਫ਼ਾਈ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਯਤਨ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਐਨਐਸਐਸ ਵਲੰਟੀਅਰਾਂ ਨੇ ਖੇਤਰ ਦੀ ਸਫ਼ਾਈ, ਹਰਿਆਵਲ, ਸਿੱਖਿਆ ਅਤੇ ਲੋਕ ਭਲਾਈ ਲਈ ਭਵਿੱਖ ਵਿੱਚ ਵੀ ਲਗਾਤਾਰ ਸੇਵਾ ਕਾਰਜ ਕਰਨ ਦਾ ਸੰਕਲਪ ਲਿਆ।
Posted By: GURBHEJ SINGH ANANDPURI