ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦਾ ਸੇਵਾ ਕਾਰਜ ਵੱਡੇ ਪੱਧਰ 'ਤੇ ਜਾਰੀ
ਨੈਸ਼ਨਲ ਹਾਈਵੇ 'ਤੇ ਨੌਸ਼ਹਿਰਾ ਪੰਨੂਆਂ ਤੋਂ ਸ਼ੇਰੋਂ ਤੱਕ ਲਗਾਏ ਪੌਦੇ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,16 ਜੁਲਾਈ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ,ਜਿੱਥੇ ਧਾਰਮਿਕ ਪੱਧਰ 'ਤੇ ਵੀ ਵਾਤਾਵਰਣ ਸੰਭਾਲ ਦੇ ਵਿਸ਼ੇਸ਼ ਯਤਨਾਂ ਨਾਲ ਹਰਿਆਵਲ ਲਹਿਰ ਨੂੰ ਅੱਗੇ ਤੋਰਿਆ ਜਾ ਰਿਹਾ ਹੈ।
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਲੰਮੇ ਸਮੇਂ ਤੋਂ ਹਰ ਸਾਲ ਵਾਤਾਵਰਨ ਸੰਭਾਲ ਲਈ ਵੱਡੇ ਪੱਧਰ 'ਤੇ ਸੇਵਾਵਾਂ ਕਰਦੇ ਆ ਰਹੇ ਹਨ। ਬਾਬਾ ਜੀ ਵੱਲੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾਂਦੇ ਹਨ। ਵਰਖਾ ਰੁੱਤ ਦੀ ਸ਼ੁਰੂਆਤ ਹੁੰਦਿਆਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਹ ਕਾਰਜ ਆਰੰਭ ਕਰ ਦਿੱਤਾ ਗਿਆ ਸੀ, ਜੋ 1 ਜੁਲਾਈ ਤੋਂ ਲਗਾਤਾਰ ਜਾਰੀ ਹੈ। ਪੰਜਾਬ ਵਿਚ ਪੌਦੇ ਲਗਾਉਣ ਦੇ ਢੁਕਵੇਂ ਸਮੇਂ ਨੂੰ ਵਰਤਦਿਆਂ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਇਹ ਸੇਵਾ ਕਾਰਜ ਵੱਡੇ ਪੱਧਰ 'ਤੇ ਚੱਲਦਾ ਰਹੇਗਾ। ਅੱਜ ਨੈਸ਼ਨਲ ਹਾਈਵੇ 54 'ਤੇ ਨੌਸ਼ਹਿਰਾ ਪੰਨੂਆਂ ਤੋਂ ਸ਼ੇਰੋਂ ਤੱਕ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ।ਇਸ ਮੌਕੇ ਸੰਪਰਦਾਇ ਤੇ ਸੇਵਾਦਾਰਾਂ ਦੇ ਨਾਲ ਨਗਰ ਬਿੱਲਿਆਂਵਾਲਾ ਦੀ ਸੰਗਤ ਨੇ ਹਾਜ਼ਰੀ ਭਰੀ।ਇਸ ਮੌਕੇ ਜਥੇਦਾਰ ਥਲਬੀਰ ਸਿੰਘ,ਜਥੇਦਾਰ ਹਿੰਮਤ ਸਿੰਘ,ਜਥੇਦਾਰ ਤਰਸੇਮ ਸਿੰਘ,ਜਥੇਦਾਰ ਸ਼ਬਦਲ ਸਿੰਘ, ਸ਼ਿੰਦਾ ਸਿੰਘ ਜੇ ਈ ਅਤੇ ਹੋਰ ਕਈ ਸਿੰਘ ਹਾਜ਼ਰ ਸਨ।
Posted By: GURBHEJ SINGH ANANDPURI