ਸ਼ਹੀਦ ਦੀ ਧੀ ਨੂੰ ਮਿਲਿਆ ਇਨਸਾਫ, ਕੰਵਰਜੀਤ ਸਿੰਘ ਯੂ.ਐੱਸ.ਏ. ਅਤੇ ਕਰਨਜੀਤ ਸਿੰਘ ਨੇ ਮੰਗੀ ਮਾਫ਼ੀ
ਅਦਾਰਾ ਨਜ਼ਰਾਨਾ ਟਾਈਮਜ ਨੇ ਦੇਸ਼ ਵਿਦੇਸ਼ ਵੱਸਦੇ ਪੰਥ ਦਰਦੀਆਂ ਅਤੇ ਜੁਝਾਰੂ ਸੰਗਠਨਾਂ ਸਨਮੁੱਖ ਉਠਾਇਆ ਸੀ ਮਾਮਲਾ
ਅੰਮ੍ਰਿਤਸਰ, 27 ਮਾਰਚ , ਤਾਜੀਮਨੂਰ ਕੌਰ ਅਨੰਦਪੁਰੀ
ਪਿਛਲੇ ਦਿਨੀਂ 4 ਮਾਰਚ ਨੂੰ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ ਦੇ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੀਤ ਕੌਰ ਖ਼ਾਲਸਾ ਨੇ ਪੰਥ ਦੀ ਕਚਹਿਰੀ 'ਚ ਇੱਕ ਮਾਮਲਾ ਸਾਹਮਣੇ ਲਿਆਂਦਾ ਸੀ ਕਿ ਕੰਵਰਜੀਤ ਸਿੰਘ ਯੂ.ਐਸ.ਏ. ਨਾਮ ਦਾ ਵਿਅਕਤੀ ਜੋ ਸਿੱਖ ਕੌਮ ਤੇ ਸਿੱਖ ਸੰਘਰਸ਼ ਵਿਰੁੱਧ ਭੁਗਤ ਰਿਹਾ ਹੈ ਅਤੇ ਉਹ ਇੱਕ ਨਾਮਵਰ ਜੁਝਾਰੂ ਜਥੇਬੰਦੀ ਦਾ ਨਾਮ ਵਰਤ ਕੇ ਸਿੰਘਾਂ ਨੂੰ ਮਾਰਨ ਦੀਆਂ ਧਮਕੀਆਂ, ਸ਼ਹੀਦਾਂ ਤੇ ਜੁਝਾਰੂ ਸਿੰਘਾਂ ਦੀ ਕਿਰਦਾਰਕੁਸ਼ੀ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੀਤ ਕੌਰ ਖ਼ਾਲਸਾ ਵਿਰੁੱਧ ਪੋਸਟਾਂ ਪਾ ਕੇ ਪੱਤ ਰੋਲ ਰਿਹਾ ਹੈ ਤੇ ਬੇਹੱਦ ਨੀਚ ਦਰਜ਼ੇ ਦੀ ਮੰਦੀ ਸ਼ਬਦਾਵਲੀ ਲਿਖ ਰਿਹਾ ਹੈ ਅਤੇ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ ਦੇ ਖ਼ਿਲਾਫ਼ ਭੁਗਤ ਕੇ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖ ਚੁੱਕਾ ਹੈ ਜਿਸ ਦੇ ਸਾਡੇ ਪਾਸ ਸਬੂਤ ਮੌਜੂਦ ਹਨ। ਸੋਸ਼ਲ ਮੀਡੀਆ ਰਾਹੀਂ ਇਸ ਮਾਮਲੇ ਨੇ ਦੇਸ਼ਾਂ-ਵਿਦੇਸ਼ਾਂ ਦੇ ਪੰਥਕ ਆਗੂਆਂ ਅਤੇ ਸੰਗਤਾਂ ਦਾ ਧਿਆਨ ਖਿੱਚਿਆ, ਮਾਮਲਾ ਬੇਹੱਦ ਗਰਮਾਇਆ ਤੇ ਦੋਨੋਂ ਪਾਸਿਓਂ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਅਤੇ ਵਿਦੇਸ਼ਾਂ ਵਿੱਚ ਬੈਠੇ ਸੰਘਰਸ਼ਸ਼ੀਲ ਸੀਨੀਅਰ ਸਿੰਘਾਂ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ। ਜਿਸ ਤੋਂ ਬਾਅਦ ਕੰਵਰਜੀਤ ਸਿੰਘ ਯੂ.ਐਸ.ਏ. ਨੇ 13 ਮਾਰਚ 2025 ਨੂੰ ਅਖ਼ਬਾਰਾਂ ਵਿੱਚ ਬਿਆਨ ਜਾਰੀ ਕਰਕੇ ਬੀਬੀ ਕਿਰਨਜੀਤ ਕੌਰ ਖ਼ਾਲਸਾ ਅਤੇ ਸਮੁੱਚੇ ਖ਼ਾਲਸਾ ਪੰਥ ਕੋਲੋਂ ਮਾਫੀ ਮੰਗ ਲਈ ਹੈ, ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਲਿਖਿਆ ਕਿ ਕੁਝ ਵੀਰਾਂ ਤੇ ਭੈਣਾਂ ਨਾਲ ਮਨਮਿਟਾਵ ਹੋ ਗਏ ਸਨ, ਖ਼ਾਸ ਕਰਕੇ ਬੱਚੀ ਕਿਰਨਜੋਤ ਕੌਰ ਖ਼ਾਲਸਾ ਪੰਜੋਲਾ ਜਿਨ੍ਹਾਂ ਦੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਸੀ ਇਸ ਲਈ ਖ਼ਿਮਾ ਦਾ ਜਾਚਕ ਹਾਂ ਤੇ ਪੰਥ ਦੇ ਮੋਹਤਬਰ ਸਿੰਘ ਜੋ ਸਜ਼ਾ ਲਗਾਉਣਗੇ ਉਹ ਖਿੜੇ ਮੱਥੇ ਸਵੀਕਾਰ ਕੀਤੀ ਜਾਏਗੀ। ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਬਿਆਨ ਵਿੱਚ ਇਹ ਵੀ ਕਿਹਾ ਕਿ ਖ਼ਾਲਸਾ ਪੰਥ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ 'ਚ ਯੋਗਦਾਨ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਵਿਰੁੱਧ ਕੋਈ ਵੀ ਦੂਸ਼ਣਬਾਜੀ ਜਾਣੇ ਅਣਜਾਣੇ ਵਿੱਚ ਹੋਈ ਹੋਵੇ ਤਾਂ ਉਹ ਪੰਥ ਕੋਲੋਂ ਮਾਫੀ ਮੰਗਦੇ ਹਨ। ਮਾਫ਼ੀਨਾਮੇ ਤੋਂ ਬਾਅਦ ਇਸ ਵਿਵਾਦ ਨੂੰ ਕੁੱਝ ਠੱਲ੍ਹ ਪਈ ਅਤੇ ਫਿਰ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਬੀਬੀ ਕਿਰਨਜੀਤ ਕੌਰ ਖ਼ਾਲਸਾ ਦੀਆਂ ਤਸਵੀਰਾਂ ਭੇਜਣ ਵਾਲੇ ਕਰਨਜੀਤ ਸਿੰਘ ਤਲਵਣ ਨੇ ਵੀ 24 ਮਾਰਚ 2025 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਪੁਰਖਾਲੀ ਦੇ ਥਾਣੇ ਵਿੱਚ ਪੁਲਿਸ ਅਫਸਰਾਂ, ਸਰਪੰਚਾਂ, ਪੰਥਕ ਜਥੇਬੰਦੀਆਂ ਤੇ ਹੋਰ ਆਗੂਆਂ ਦੇ ਸਾਹਮਣੇ ਬੀਬੀ ਕਿਰਨਜੀਤ ਕੌਰ ਖ਼ਾਲਸਾ ਦੇ ਪੈਰੀਂ ਹੱਥ ਲਗਾ ਕੇ, ਵੀਡੀਓ ਅਤੇ ਲਿਖਤੀ ਰੂਪ 'ਚ ਮਾਫ਼ੀ ਮੰਗ ਲਈ ਹੈ। ਜਿਸ ਕਾਰਨ ਬੀਬੀ ਕਿਰਨਜੀਤ ਕੌਰ ਖਾਲਸਾ ਨੂੰ ਇਨਸਾਫ਼ ਮਿਲ ਗਿਆ ਹੈ। ਇਸ ਬਾਬਤ ਬੀਬੀ ਕਿਰਨਜੀਤ ਕੌਰ ਖ਼ਾਲਸਾ ਨੇ ਕਿਹਾ ਕਿ ਮੈਂ ਤਿੰਨ ਮਹੀਨੇ ਬੇਹੱਦ ਸੰਤਾਪ ਭੋਗਿਆ ਤੇ ਮਰਨ ਲਈ ਮਜ਼ਬੂਰ ਹੋ ਗਈ ਸੀ, ਪਰ ਖ਼ਾਲਸਾ ਪੰਥ ਦੇ ਯੋਧਿਆਂ ਨੇ ਮੇਰਾ ਸਾਥ ਦਿੱਤਾ ਜਿਸ ਸਦਕਾ ਮੈਨੂੰ ਇਨਸਾਫ਼ ਮਿਲਿਆ ਹੈ। ਮੈਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਰਵਿੰਦਰ ਸਿੰਘ ਟਾਂਡਾ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਗੁਰਸਿੱਖਾਂ, ਪੰਥਕ ਅਤੇ ਜੁਝਾਰੂ ਜਥੇਬੰਦੀਆਂ, ਸਿੱਖ ਸੰਸਥਾਵਾਂ, ਅਦਾਰਾ ਨਜ਼ਰਾਨਾ ਟਾਈਮਜ਼, ਢਾਡੀ-ਪ੍ਰਚਾਰਕ ਜੱਥਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਤੇ ਅੱਜ ਮੇਰੀ ਰੂਹ ਨੂੰ ਸਕੂਨ ਮਿਲਿਆ ਹੈ। ਅਜੇ ਅਸੀਂ ਬਹੁਤ ਕੁਝ ਹੋਰ ਵੀ ਸਾਹਮਣੇ ਲਿਆਉਣਾ ਸੀ ਪਰ ਅਸੀਂ ਪੁਰਾਣੇ ਸੰਘਰਸ਼ਸ਼ੀਲ ਗੁਰਸਿੱਖਾਂ ਦੇ ਹੁਕਮਾਂ 'ਤੇ ਸਿਰ ਝੁਕਾ ਕੇ ਫੁੱਲ ਚੜ੍ਹਾਉਂਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਕੰਵਰਜੀਤ ਸਿੰਘ ਯੂ.ਐੱਸ.ਏ ਉੱਤੇ ਕਾਰਵਾਈ ਜ਼ਰੂਰ ਕਰਨਗੇ।
Posted By: GURBHEJ SINGH ANANDPURI