2. ਏ.ਕੇ.47 ਰਾਈਫਲ, 3 ਮੈਗਜੀਨ ਅਤੇ 50 ਜਿੰਦਾ ਕਾਰਤੂਸਾਂ ਸਮੇਤ 3 ਨੂੰ ਕੀਤਾ ਗਿ੍ਫਤਾਰ...
ਚੰਡੀਗੜ੍ਹ/ਸ੍ਰੀ ਅੰਮ੍ਰਿਤਸਰ ਸਾਹਿਬ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਏ.ਕੇ.-47 ਰਾਈਫਲਾਂ, ਤਿੰਨ ਮੈਗਜ਼ੀਨਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਸ ਸਬੰਧੀ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 111 ਅਤੇ 113 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6,7,8) ਤਹਿਤ ਮਿਤੀ 05.09.2026 ਨੂੰ ਐੱਫ.ਆਈ.ਆਰ. ਨੰਬਰ 205 ਦਰਜ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਮੁਖ ਸਿੰਘ (27) ਵਾਸੀ ਪਿੰਡ ਚਾਟੀਵਿੰਡ, ਅੰਮ੍ਰਿਤਸਰ ਦਿਹਾਤੀ, ਪਾਰਸਦੀਪ ਸਿੰਘ (26) ਵਾਸੀ ਭਾਈ ਮੰਜ ਰੋਡ ਅੰਮ੍ਰਿਤਸਰ ਅਤੇ ਗੁਰਜੰਟ ਸਿੰਘ (24) ਵਾਸੀ ਪਿੰਡ ਜੋੜ ਸਿੰਘ ਵਾਲਾ, ਤਰਨ ਤਾਰਨ ਵਜੋਂ ਹੋਈ ਹੈ। ਡੀਜੀਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ਬੈਠੇ ਇੱਕ ਹਥਿਆਰ ਤਸਕਰ ਦੇ ਸੰਪਰਕ 'ਚ ਸਨ ਅਤੇ ਅਪਰਾਧਿਕ ਅਨਸਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ 'ਚ ਸ਼ਾਮਲ ਸਨ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ ਪੁਲਿਸ (ਸੀ.ਪੀ.) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਖੁਫੀਆ ਇਤਲਾਹ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ, ਗੁਰਮੁਖ ਸਿੰਘ ਅਤੇ ਪਾਰਸਦੀਪ ਸਿੰਘ ਨੂੰ ਦੋ ਏ.ਕੇ.-47 ਰਾਈਫਲਾਂ, ਤਿੰਨ ਮੈਗਜ਼ੀਨਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।.. ਸੀ.ਪੀ. ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਗੈਰ-ਕਾਨੂੰਨੀ ਹਥਿਆਰ ਗੁਰਜੰਟ ਸਿੰਘ ਰਾਹੀਂ ਹਾਸਲ ਕੀਤੇ ਗਏ ਸਨ। ਉਨ੍ਹਾਂ ਦੇ ਖੁਲਾਸੇ ਦੇ ਆਧਾਰ 'ਤੇ ਗੁਰਜੰਟ ਸਿੰਘ ਨੂੰ ਮਾਮਲੇ 'ਚ ਨਾਮਜ਼ਦ ਕਰਕੇ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਡੀਜੀਪੀ. ਨੇ ਕਿਹਾ ਕਿ ਇਸ ਮਾਮਲੇ 'ਚ ਹੋਰ ਵਿਅਕਤੀਆਂ ਦੀ ਪਛਾਣ ਕਰਨ, ਵਿਦੇਸ਼ੀ ਤਸਕਰੀ ਦੇ ਲਿੰਕਾਂ ਦੀ ਪੁਸ਼ਟੀ ਕਰਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵਿਆਪਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ