ਵਿਸ਼ਵ ਹਾਰਟ ਦਿਵਸ ਮੌਕੇ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ
“Don’t Miss a Beat” — ਦਿਲ ਦੀ ਧੜਕਣ ਨੂੰ ਨਜ਼ਰਅੰਦਾਜ਼ ਨਾ ਕਰੋ: ਡਾ. ਰਵਜੀਤ ਸਿੰਘ
ਕਪੂਰਥਲਾ,1 ਅਕਤੂਬਰ ਗੌਰਵ ਮੜੀਆ
ਵਿਸ਼ਵ ਹਾਰਟ ਦਿਵਸ ਮੌਕੇ ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ. ਅੰਨੂ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ ਨੇ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਦਾ ਥੀਮ “Don’t Miss a Beat” ਸਾਨੂੰ ਦਿਲ ਦੀ ਧੜਕਣ ਅਤੇ ਦਿਲ ਦੀ ਸਿਹਤ ਨਾਲ ਜੁੜੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦਾ ਸੰਦੇਸ਼ ਦਿੰਦਾ ਹੈ।
ਡਾ. ਰਵਜੀਤ ਸਿੰਘ ਨੇ ਕਿਹਾ ਕਿ ਬਦਲਦੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਖੁਰਾਕ, ਸਰੀਰਕ ਸਰਗਰਮੀ ਦੀ ਘਾਟ, ਮਾਨਸਿਕ ਤਣਾਅ, ਤੰਬਾਕੂਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਵਧਿਆ ਹੋਇਆ ਕੋਲੈਸਟ੍ਰੋਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਅਤੇ ਸਮੇਂ ਸਿਰ ਸਿਹਤ ਜਾਂਚ ਰਾਹੀਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਰੋਜ਼ਾਨਾ ਘੱਟੋ-ਘੱਟ 30 ਮਿੰਟ ਤੇਜ਼ ਸੈਰ ਜਾਂ ਦਰਮਿਆਨੀ ਸਰੀਰਕ ਕਸਰਤ ਕਰਨ, ਹਰੀਆਂ ਸਬਜ਼ੀਆਂ, ਫਲ, ਦਾਲਾਂ ਅਤੇ ਸਾਬਤ ਅਨਾਜ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਅਤੇ ਨਮਕ, ਚੀਨੀ, ਤਲੀਆਂ ਹੋਈਆਂ ਚੀਜ਼ਾਂ, ਫਾਸਟ ਫੂਡ ਅਤੇ ਵੱਧ ਚਰਬੀ ਵਾਲੇ ਭੋਜਨ ਦੀ ਵਰਤੋਂ ਘਟਾਉਣ। ਇਸ ਤੋਂ ਇਲਾਵਾ ਸਿਗਰਟ, ਤੰਬਾਕੂ ਅਤੇ ਹੋਰ ਤੰਬਾਕੂ ਉਤਪਾਦਾਂ ਤੋਂ ਪੂਰੀ ਤਰ੍ਹਾਂ ਪਰਹੇਜ਼, ਵਜ਼ਨ ਨੂੰ ਨਿਯੰਤਰਣ ਵਿੱਚ ਰੱਖਣਾ, ਪੂਰੀ ਨੀਂਦ ਅਤੇ ਤਣਾਅ ’ਤੇ ਕਾਬੂ ਵੀ ਦਿਲ ਦੀ ਸਿਹਤ ਲਈ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ, ਖ਼ਾਸ ਕਰਕੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਵਧੇ ਹੋਏ ਵਜ਼ਨ ਜਾਂ ਪਰਿਵਾਰਕ ਹਿਸਟਰੀ ਵਾਲੇ ਵਿਅਕਤੀਆਂ ਨੂੰ ਦਿਲ ਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨਿਯਮਿਤ ਲੈਣੀਆਂ ਚਾਹੀਦੀਆਂ ਹਨ ਅਤੇ ਆਪਣੀ ਮਰਜ਼ੀ ਨਾਲ ਦਵਾਈ ਬੰਦ ਨਹੀਂ ਕਰਨੀ ਚਾਹੀਦੀ।
*ਦਿਲ ਦੇ ਦੌਰੇ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ*
ਡਾਕਟਰ ਰਵਜੀਤ ਨੇ ਦੱਸਿਆ ਕਿ ਛਾਤੀ ਵਿੱਚ ਦਰਦ, ਦਬਾਅ ਜਾਂ ਭਾਰੀਪਣ, ਸਾਹ ਲੈਣ ਵਿੱਚ ਤਕਲੀਫ਼, ਠੰਢਾ ਪਸੀਨਾ, ਮਤਲੀ, ਚੱਕਰ ਆਉਣਾ ਜਾਂ ਦਰਦ ਦਾ ਬਾਂਹ, ਮੋਢੇ, ਪਿੱਠ, ਗਰਦਨ ਜਾਂ ਜਬਾੜੇ ਵੱਲ ਫੈਲਣਾ ਦਿਲ ਦੇ ਦੌਰੇ ਦੇ ਸੰਕੇਤ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਘਰੇਲੂ ਇਲਾਜ ਜਾਂ ਉਡੀਕ ਕਰਨ ਦੀ ਬਜਾਏ ਤੁਰੰਤ ਐਂਬੂਲੈਂਸ ਜਾਂ ਐਮਰਜੈਂਸੀ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ।
ਡਾ. ਰਵਜੀਤ ਸਿੰਘ ਨੇ ਕਿਹਾ ਕਿ “Don’t Miss a Beat” ਦਾ ਸੰਦੇਸ਼ ਸਿਰਫ਼ ਇੱਕ ਦਿਨ ਤੱਕ ਸੀਮਿਤ ਨਾ ਰਹੇ, ਸਗੋਂ ਹਰ ਵਿਅਕਤੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਦਿਲ ਦੀ ਸਿਹਤ ਨੂੰ ਤਰਜੀਹ ਦੇਵੇ। ਉਨ੍ਹਾਂ ਕਿਹਾ ਕਿ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਤੰਬਾਕੂ ਤੋਂ ਦੂਰੀ ਅਤੇ ਸਮੇਂ ਸਿਰ ਸਿਹਤ ਜਾਂਚ ਤੰਦਰੁਸਤ ਦਿਲ ਵੱਲ ਅਹਿਮ ਕਦਮ ਹਨ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ ਆਦਿ ਹਾਜ਼ਰ ਸਨ।
Posted By: Gaurav Maria