Nazrana Times

ਪੰਜਾਬੀ

ਭਾਰਤ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਥੋਪੇ ਜਾ ਰਹੇ ਵੰਦੇ ਮਾਤਰਮ ਗੀਤ ਨੂੰ ਹਰਗਿਜ਼ ਨਹੀਂ ਗਾਉਣਗੇ ਸਿੱਖ : ਈਮਾਨ ਸਿੰਘ ਮਾਨ/ਰਣਜੀਤ ਸਿੰਘ ਦਮਦਮੀ ਟਕਸਾਲ

27 Sep, 2026 10:07 PM

ਸ੍ਰੀ ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਕੁਲਵਿੰਦਰ ਸਿੰਘ ਚੰਦੀ): ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਕਿਲ੍ਹਾ ਹਰਨਾਮ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਭਾਈ ਈਮਾਨ ਸਿੰਘ ਮਾਨ (ਸਪੁੱਤਰ ਸਰਦਾਰ ਸਿਮਰਨਜੀਤ ਸਿੰਘ ਮਾਨ) ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪੰਥਕ ਵਿਚਾਰਾਂ ਦੀ ਸਾਂਝ ਕੀਤੀ ਅਤੇ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਥੋਪੇ ਜਾ ਰਹੇ ਵੰਦੇ ਮਾਤਰਮ ਗੀਤ ਸੰਬੰਧੀ ਸਿੱਖਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਿੱਖ ਇਸ ਗੀਤ ਨੂੰ ਮੂਲੋਂ ਰੱਦ ਕਰਦੇ ਹਨ ਤੇ ਕਦੇ ਵੀ ਨਹੀਂ ਗਾਉਣਗੇ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਸ ਭਾਜਪਾ ਪਾਰਟੀ ਦਾ ਭਾਰਤ ਦੀ ਅਜ਼ਾਦੀ ਦੇ ਸੰਘਰਸ਼ 'ਚ ਕੋਈ ਯੋਗਦਾਨ ਹੀ ਨਹੀਂ ਹੈ, ਉਹ ਹੁਣ ਆਪਣੇ ਆਪ ਨੂੰ ਸਭ ਤੋਂ ਵੱਡੀ ਦੇਸ਼ ਭਗਤ ਸਾਬਤ ਕਰਨ 'ਤੇ ਤੁਲੀ ਹੋਈ ਹੈ ਤੇ ਕਾਨੂੰਨ/ਸੰਵਿਧਾਨ ਦੀ ਆੜ ਹੇਠ ਧੱਕੇ ਨਾਲ ਹੀ ਲੋਕਾਂ ਤੋਂ 'ਵੰਦੇ ਮਾਤਰਮ' ਦੇ ਗੀਤ ਗਵਾ ਕੇ ਅਖੌਤੀ ਦੇਸ਼ ਭਗਤੀ ਤੇ ਹਿੰਦੂ ਦੇਵੀਆਂ ਦੀ ਭਗਤੀ ਕਰਵਾਉਣਾ ਚਾਹੁੰਦੀ ਹੈ। ਵੰਦੇ ਮਾਤਰਮ ਗੀਤ ਤਾਂ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ ਤੇ ਹੁਣ ਵੀ ਇਸ ਉੱਤੇ ਭਾਰੀ ਵਿਵਾਦ ਚੱਲ ਰਿਹਾ ਹੈ। ਵੰਦੇ ਮਾਤਰਮ ਗੀਤ ਹਿੰਦੂ ਅਤੇ ਹਿੰਦੁਸਤਾਨੀਏ ਗਾਉਣ ਜਾਂ ਨਾ ਗਾਉਣ ਇਹ ਉਹਨਾਂ ਦਾ ਆਪਣਾ ਫ਼ੈਸਲਾ ਹੈ, ਭਾਜਪਾ ਚਾਹੇ ਇਸ ਦੇ ਛੇ ਪੈਰੇ ਗਾਵੇ ਜਾਂ ਕਾਂਗਰਸ ਦੋ ਪੈਰੇ ਗਾਵੇ ਇਹ ਵੀ ਉਹਨਾਂ ਦਾ ਆਪਣਾ ਫ਼ੈਸਲਾ ਹੈ। ਪਰ ਸਿੱਖਾਂ ਦਾ ਇਹ ਸਿਧਾਂਤਕ ਫ਼ੈਸਲਾ ਹੈ ਕਿ ਉਹ ਵੰਦੇ ਮਾਤਰਮ ਗੀਤ ਹਰਗਿਜ਼ ਨਹੀਂ ਗਾਉਣਗੇ ਕਿਉਂਕਿ ਸਿੱਖ ਕਿਸੇ ਹਿੰਦੂ ਦੇਵੀ ਜਾਂ ਭਾਰਤ ਮਾਤਾ ਦੇ ਪੁਜਾਰੀ ਨਹੀਂ ਹਨ। ਸਿੱਖ ਕੌਮ ਦਾ ਤਾਂ ਸਿਧਾਂਤ ਹੈ 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ।' ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ ਹੈ ਤੇ ੧ਓ ਦਾ ਮਹਾਨ ਸਿਧਾਂਤ ਬਖ਼ਸ਼ਿਆ ਹੈ ਜਿਸ ਉੱਤੇ ਸਿੱਖ ਪਹਿਰਾ ਦਿੰਦੇ ਆ ਰਹੇ ਹਨ। ਸਿੱਖ ਧਰਤੀ ਦੇ ਕਿਸੇ ਇੱਕ ਟੁਕੜੇ ਜਾਂ ਕਿਸੇ ਦੇਸ਼ ਦੇ ਪੁਜਾਰੀ ਨਹੀਂ ਹਨ। ਸਿੱਖਾਂ ਦਾ ਸਿਰ ਕੇਵਲ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਝੁਕਦਾ ਹੈ। ਵੰਦੇ ਮਾਤਰਮ ਗੀਤ ਵਿੱਚ ਭਾਰਤ ਦੀ ਧਰਤੀ, ਭਾਰਤ ਮਾਤਾ ਅਤੇ ਦੁਰਗਾ-ਲਕਸ਼ਮੀ ਦੇਵੀਆਂ ਨੂੰ ਮੱਥਾ ਟੇਕਣ ਦੀ ਗੱਲ ਹੈ ਤੇ ਹਿੰਦੂ ਧਰਮ ਦੀ ਉਸਤਤ ਹੈ ਜੋ ਸਿੱਖ ਕੌਮ ਦੇ ਸਿਧਾਂਤ ਦੇ ਉਲਟ ਹੈ। ਸਿੱਖਾਂ ਦਾ ਮੁਲਕ (ਕੌਮੀ ਘਰ) ਪੰਜਾਬ ਹੈ ਪਰ ਸਿੱਖਾਂ ਨੇ ਤਾਂ ਦੇਸ ਪੰਜਾਬ ਨੂੰ ਵੀ ਕਦੇ ਪੰਜਾਬ ਮਾਤਾ ਕਹਿ ਕੇ ਪੂਜਾ ਨਹੀਂ ਕੀਤੀ, ਸਿੱਖ ਆਪਣੇ ਪੰਜਾਬ ਲਈ ਲੜ-ਮਰ ਸਕਦੇ ਹਨ, ਇਸ ਧਰਤੀ ਨਾਲ ਉਹਨਾਂ ਨੂੰ ਪਿਆਰ ਹੈ ਤੇ ਹਮੇਸ਼ਾਂ ਸੰਘਰਸ਼ਸ਼ੀਲ ਵੀ ਰਹਿੰਦੇ ਹਨ ਪਰ ਸਿੱਖਾਂ ਨੇ ਕਦੇ ਪੰਜਾਬ ਦੀ ਧਰਤੀ ਨੂੰ ਆਪਣਾ ਇਸ਼ਟ ਮੰਨ ਕੇ ਮੱਥੇ ਨਹੀਂ ਟੇਕੇ, ਫਿਰ ਸਿੱਖ ਭਾਰਤ ਦੀ ਧਰਤੀ ਨੂੰ ਨਮਨ ਕਿਵੇਂ ਕਰ ਸਕਦੇ ਹਨ! ਨਾਲੇ ਜਿਸ ਭਾਰਤ ਨੇ ਹਮੇਸ਼ਾਂ ਹੀ ਸਿੱਖਾਂ ਦੇ ਨਾਲ ਜ਼ੁਲਮ, ਧੱਕੇ, ਵਿਤਕਰੇ ਅਤੇ ਬੇਇਨਸਾਫ਼ੀਆਂ ਕੀਤੀਆਂ ਹਨ ਤੇ ਸਿੱਖਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ, ਸਿੱਖ ਉਸ ਭਾਰਤ ਦੀ ਧਰਤੀ ਦੀ ਪੂਜਾ ਕਿਉਂ ਕਰਨ ? ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੇ ਨਾਂ ਉੱਤੇ ਸਿੱਖਾਂ ਤੇ ਹੋਰ ਕੌਮਾਂ ਨੂੰ ਹਿੰਦੂਤਵ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਵੰਦੇ ਮਾਤਰਮ ਗੀਤ ਰਾਹੀਂ ਹਿੰਦੂ ਦੇਵੀਆਂ ਨੂੰ ਮੱਥੇ ਟਿਕਾਉਣ ਦੇ ਯਤਨ ਹੋ ਰਹੇ ਹਨ ਤੇ ਸਿੱਖ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਨਾਲੇ ਹਿੰਦੂ ਧਰਮ ਦੇ ਅਚਾਰੀਆ ਵੀ ਇਹ ਗੱਲ ਆਖਦੇ ਹਨ ਕਿ "ਭਾਰਤ ਮਾਤਾ ਨਾਂ ਦੀ ਕੋਈ ਦੇਵੀ ਹੀ ਨਹੀਂ ਹੈ।" ਫਿਰ ਕਿਉਂ ਇੱਕ ਹਿੰਦੂ ਸਰੂਪ ਵਾਲੀ ਦੇਵੀ ਸਿਰਜ ਕੇ ਉਸ ਨੂੰ ਭਾਰਤ ਮਾਤਾ ਕਹਿ ਕੇ ਸਿੱਖਾਂ, ਮੁਸਲਮਾਨਾਂ ਤੇ ਹੋਰਾਂ ਨੂੰ ਭਾਰਤ ਮਾਤਾ ਦੀ ਜੈ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਭਾਰਤ ਦਾ ਤਾਂ ਸੰਵਿਧਾਨ ਵੀ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਦਾ, ਭਾਰਤੀ ਤਿਰੰਗੇ ਝੰਡੇ ਦੀ ਛਾਂ ਹੇਠ ਟੈਂਕਾਂ-ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ, ਭਾਰਤ ਦੇ ਰਾਸ਼ਟਰੀ ਗੀਤ ਜਨ ਗਨ ਮਨ ਅਤੇ ਵੰਦੇ ਮਾਤਰਮ ਸਿੱਖਾਂ ਲਈ ਕੋਈ ਮਾਇਨੇ ਨਹੀਂ ਰੱਖਦੇ। ਭਾਰਤ ਵਾਸੀਆਂ ਨੂੰ ਭਾਰਤ ਮਾਤਾ ਅਤੇ ਵੰਦੇ ਮਾਤਰਮ ਮੁਬਾਰਕ ਪਰ ਉਹ ਸਿੱਖਾਂ ਤੋਂ ਇਹ ਆਸ ਨਾ ਰੱਖਣਾ ਕਿ ਸਿੱਖ ਵੀ ਵੰਦੇ ਮਾਤਰਮ ਗਾਉਣਗੇ। ਭਾਰਤ ਨੇ ਸਾਡੇ ਬੰਦੇ ਮਾਰੇ ਹਨ, ਗੁਰਦੁਆਰੇ ਢਾਹੇ ਹਨ, ਘੱਲੂਘਾਰੇ ਅਤੇ ਨਸਲਕੁਸ਼ੀ ਵਪਰਾਈ ਹੈ ਤੇ ਸਿੱਖ ਵੰਦੇ ਮਾਤਰਮ ਗਾਉਂਦੇ ਫਿਰਨ ਸਿੱਖਾਂ ਦੀ ਅਣਖ਼-ਗ਼ੈਰਤ ਮਰੀ ਨਹੀਂ ਹੈ। ਸਿੱਖਾਂ ਕੋਲ ਆਪਣਾ ਕੌਮੀ ਗੀਤ ਹੈ ਜੋ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਰਾਹੀਂ ਬਖਸ਼ਿਆ ਹੈ "ਦੇਹਿ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ।" ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਵੱਲ ਵੱਧ ਰਹੀ ਹੈ, ਉਹ ਸਿੱਖਾਂ ਦਾ ਸਨਾਤਨੀਕਰਨ ਕਰਨਾ ਚਾਹੁੰਦੀ ਹੈ ਤੇ ਮੁਸਲਮਾਨਾਂ ਤੋਂ ਵੀ ਧੱਕੇ ਨਾਲ ਜੈ ਸ੍ਰੀ ਰਾਮ ਕਹਾਉਂਦੀ ਹੈ। ਹੁਣ ਜਿਹੜੇ ਵੰਦੇ ਮਾਤਰਮ ਨਹੀਂ ਗਾਉਂਦੇ ਉਹਨਾਂ ਨੂੰ ਦੇਸ਼ ਵਿਰੋਧੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਪ੍ਰਚਾਰਿਆ ਜਾ ਰਿਹਾ ਹੈ। ਭਾਰਤ ਸਰਕਾਰ ਲਈ ਤਾਂ ਸਿੱਖ ਪਹਿਲਾਂ ਵੀ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਅਤੇ ਜ਼ਰਾਇਮ ਪੇਸ਼ਾ ਕੌਮ ਹਨ। ਵੰਦੇ ਮਾਤਰਮ ਨਾ ਗਾਉਣ ਵਿੱਚ ਭਾਜਪਾ ਨੂੰ ਭਾਰਤ ਮਾਤਾ ਅਤੇ ਦੇਸ਼ ਦਾ ਅਪਮਾਨ ਨਜ਼ਰ ਆਉਂਦਾ ਹੈ ਪਰ ਭਾਜਪਾ ਕਿੰਨੀ ਕੁ ਦੇਸ਼ ਭਗਤ ਅਤੇ ਰਾਸ਼ਟਰ ਹਿੱਤ ਵਿੱਚ ਹੈ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਵੰਦੇ ਮਾਤਰਮ ਗੀਤ 1870 ਵਿੱਚ ਬੰਕਿਮ ਚੰਦਰ ਚੈਟਰਜੀ ਨੇ ਬੰਗਾਲੀ ਭਾਸ਼ਾ ਵਿੱਚ ਲਿਖਿਆ ਸੀ ਜੋ 1882 ਵਿੱਚ ਉਹਨਾਂ ਦੇ ਨਾਵਲ ਅਨੰਦ ਮੱਠ ਦਾ ਹਿੱਸਾ ਬਣਿਆ। ਸੰਨ 1905 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਨੂੰ ਅਪਣਾਇਆ ਤੇ ਗ਼ੈਰ-ਹਿੰਦੂ ਕੌਮਾਂ ਨੇ ਇਸ ਉੱਤੇ ਇਤਰਾਜ਼ ਉਠਾਇਆ, ਖਾਸ ਕਰਕੇ ਸਿੱਖਾਂ ਤੇ ਮੁਸਲਮਾਨਾਂ ਨੇ ਕਿਉਂਕਿ ਇਹ ਦੋਵੇਂ ਹੀ ਸਿਰਫ ਅਕਾਲ ਪੁਰਖ/ਅੱਲਾਹ ਵਿੱਚ ਵਿਸ਼ਵਾਸ ਰੱਖਦੇ ਹਨ। ਸੰਨ 1937 ਵਿੱਚ ਕਾਂਗਰਸ ਵੱਲੋਂ ਵੰਦੇ ਮਾਤਰਮ ਗੀਤ ਦੇ ਦੋ ਪੈਰਿਆਂ ਨੂੰ ਰਾਸ਼ਟਰੀ ਗੀਤ ਵੱਲੋਂ ਮਾਨਤਾ ਦਿੱਤੀ ਗਈ ਤੇ 24 ਜਨਵਰੀ 1950 ਨੂੰ ਸੰਵਿਧਾਨਿਕ ਅਸੈਂਬਲੀ ਵੱਲੋਂ ਵੀ ਇਸ ਨੂੰ ਅਪਣਾ ਲਿਆ ਗਿਆ ਪਰ ਹੁਣ ਮਈ 2026 ਵਿੱਚ ਭਾਜਪਾ ਤੇ ਆਰ.ਐੱਸ.ਐੱਸ. ਵੱਲੋਂ ਆਪਣੇ ਏਜੰਡੇ ਤਹਿਤ ਇਸ ਗੀਤ ਦੇ ਛੇ ਪੈਰੇ ਗਾਉਣ ਲਈ ਕਾਨੂੰਨ ਬਣਾ ਦਿੱਤਾ ਗਿਆ ਤੇ ਭਾਜਪਾ ਇਸ ਨੂੰ ਲਾਗੂ ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ। ਭਾਜਪਾ ਕਹਿੰਦੀ ਹੈ ਕਿ ਅਸੀਂ ਸਾਰਿਆਂ ਤੋਂ ਛੇ ਪੈਰੇ ਹੀ ਗਵਾਵਾਂਗੇ, ਕਾਂਗਰਸ ਆਖਦੀ ਹੈ ਕਿ ਅਸੀਂ ਦੋ ਪੈਰੇ ਹੀ ਗਾਵਾਂਗੇ ਪਰ ਸਿੱਖਾਂ ਦਾ ਫ਼ੈਸਲਾ ਹੈ ਕਿ ਅਸੀਂ ਵੰਦੇ ਮਾਤਰਮ ਗੀਤ ਦੀ ਇੱਕ ਲਾਈਨ ਵੀ ਨਹੀਂ ਗਾਵਾਂਗੇ, ਅਸੀਂ ਇਸ ਨੂੰ ਮੁੱਢੋ ਰੱਦ ਕਰਦੇ ਹਾਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ (ਸੁਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ) ਅਤੇ ਭਾਈ ਮਲਕੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News