ਜੁਝਾਰੂ ਜਥੇਦਾਰ ਭਾਈ ਵਧਾਵਾ ਸਿੰਘ ਅਤੇ ਬੱਬਰ ਖ਼ਾਲਸਾ ਜਥੇਬੰਦੀ ਦੇ ਨਾਮ ਦੀ ਦੁਰਵਰਤੋਂ ਕਰਕੇ ਕੰਵਰਜੀਤ ਸਿਹੁੰ ਯੂ.ਐਸ.ਏ. ਸਾਨੂੰ ਮਾਰਨ ਦੀਆਂ ਧਮਕੀਆਂ ਦੇ ਚੁੱਕੈ : ਰਣਜੀਤ ਸਿੰਘ, ਭੁਪਿੰਦਰ ਸਿੰਘ, ਕਿਰਨਜੋਤ ਕੌਰ
ਫੈਡਰੇਸ਼ਨ ਵੱਲੋਂ ਜਥੇਦਾਰ ਵਧਾਵਾ ਸਿੰਘ ਬੱਬਰ ਦੇ ਤਾਜਾ ਬਿਆਨ ਦਾ ਸਵਾਗਤ ਅਤੇ ਧੰਨਵਾਦ
ਅੰਮ੍ਰਿਤਸਰ, 25 ਜੁਲਾਈ, ਨਜ਼ਰਾਨਾ ਟਾਈਮਜ਼ ਬਿਊਰੋ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੋਤ ਕੌਰ ਖ਼ਾਲਸਾ ਨੇ ਕਿਹਾ ਕਿ ਬੱਬਰ ਖ਼ਾਲਸਾ ਜਥੇਬੰਦੀ ਦਾ ਨਾਮ ਵਰਤ ਕੇ ਕੰਵਰਜੀਤ ਸਿੰਘ ਯੂ.ਐਸ.ਏ. ਸਾਨੂੰ ਮਾਰਨ ਦੀਆਂ ਧਮਕੀਆਂ, ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਤੇ ਅਤਿ ਨੀਚ ਦਰਜ਼ੇ ਦੀ ਕਿਰਦਾਰਕੁਸ਼ੀ ਕਰ ਚੁੱਕਾ ਹੈ ਜਿਸ ਕਰਕੇ ਸਾਨੂੰ ਕਈ ਮਹੀਨੇ ਮਾਨਸਿਕ ਸੰਤਾਪ ਭੋਗਣਾ ਪਿਆ। ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਦੁਹਾਈ ਦੇ ਰਹੇ ਸੀ ਕਿ ਜਥੇਬੰਦੀ ਅਜਿਹੇ ਵਿਅਕਤੀਆਂ, ਘਟਨਾਵਾਂ ਅਤੇ ਬਿਆਨਾਂ ਬਾਰੇ ਸਪੱਸ਼ਟ ਕਰੇ ਕਿਉਂਕਿ ਕੰਵਰਜੀਤ ਜਿਹੇ ਲੋਕਾਂ ਤੋਂ ਸਾਡੇ ਵਰਗੇ ਅਨੇਕਾਂ ਲੋਕ ਦੁਖੀ ਹਨ ਜਿਨ੍ਹਾਂ ਨੂੰ ਜਥੇਬੰਦੀ ਦਾ ਨਾਮ, ਤਾਕਤ ਤੇ ਪ੍ਰਭਾਵ ਵਰਤ ਕੇ ਧਮਕਾਇਆ ਅਤੇ ਜ਼ਲੀਲ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਅਸੀਂ ਬੱਬਰ ਖ਼ਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਦੇ ਉਸ ਤਾਜਾ ਬਿਆਨ ਦਾ ਸਵਾਗਤ ਅਤੇ ਧੰਨਵਾਦ ਕਰਦੇ ਹਾਂ ਜਿਸ ਵਿੱਚ ਜਥੇਦਾਰ ਵਧਾਵਾ ਸਿੰਘ ਬੱਬਰ ਨੇ ਉਹਨਾਂ ਵਿਅਕਤੀਆਂ ਨੂੰ ਤਾੜਨਾ ਕੀਤੀ ਹੈ ਜੋ ਬੱਬਰ ਖ਼ਾਲਸਾ ਜਥੇਬੰਦੀ ਦਾ ਨਾਮ ਵਰਤ ਕੇ ਨਿਰਦੋਸ਼ੇ ਲੋਕਾਂ ਨੂੰ ਡਰਾਉਂਦੇ, ਧਮਕਾਉਂਦੇ ਤੇ ਫਿਰੌਤੀਆਂ ਮੰਗਦੇ ਹਨ ਅਤੇ ਜਥੇਬੰਦੀ ਦੀ ਤਾਕਤ ਤੇ ਪ੍ਰਭਾਵ ਵਰਤ ਕੇ ਡਰ ਦਾ ਮਾਹੌਲ ਪੈਦਾ ਕਰਦੇ ਹਨ, ਅਜਿਹੇ ਲੋਕਾਂ ਦਾ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ। ਜਥੇਦਾਰ ਵਧਾਵਾ ਸਿੰਘ ਬੱਬਰ ਨੇ ਇਹ ਵੀ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਅੰਦਰ ਕੁਝ ਅਜਿਹੀਆਂ ਧਿਰਾਂ ਦੀ ਕੁਝ ਘੁਸਪੈਠ ਹੋਈ ਜੋ ਜਾਂ ਤਾਂ ਅਸੂਲਾਂ ਤੋਂ ਥਿੜਕ ਗਈਆਂ ਸਨ ਜਾਂ ਸਰਕਾਰੀ ਸ਼ਹਿ 'ਤੇ ਸੰਘਰਸ਼ ਨੂੰ ਖੋਰਾ ਲਾਉਣ ਦਾ ਕੰਮ ਕਰਦੀਆਂ ਰਹੀਆਂ। ਪਰ ਸਾਡੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਇਹ ਸੰਘਰਸ਼ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਗੁਰਮਤ ਦੇ ਆਸ਼ੇ ਅਨੁਸਾਰ ਲੜਿਆ ਜਾਵੇ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੰਵਰਜੀਤ ਸਿੰਘ ਯੂ.ਐਸ.ਏ. ਨੇ ਕੁਝ ਵਿਅਕਤੀਆਂ 'ਚ ਇਹ ਗੱਲ ਫੈਲਾਈ ਕਿ ਰਣਜੀਤ ਸਿੰਘ ਨੇ ਆਪਣੀ ਕਿਤਾਬ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਤੀਜਾ) ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਬਾਰੇ ਜਥੇਦਾਰ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਛਾਪਿਆ ਹੈ ਜਿਸ ਕਰਕੇ ਵਧਾਵਾ ਸਿੰਘ ਬੱਬਰ ਜੋ ਰਣਜੀਤ ਸਿੰਘ ਉੱਤੇ ਐਕਸ਼ਨ ਕਰਕੇ ਕੁਝ ਦਿਨਾਂ ਤੱਕ ਮਾਰ ਦੇਵੇਗਾ, ਫਿਰ ਕੰਵਰਜੀਤ ਨੇ ਬੱਬਰ ਖ਼ਾਲਸਾ ਦੇ ਨਾਮ ਉੱਤੇ ਮੈਨੂੰ ਫੋਨ ਉੱਤੇ ਧਮਕੀ ਵੀ ਦਿਵਾ ਦਿੱਤੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਓਦੋਂ ਹੀ ਪਤਾ ਲੱਗ ਗਿਆ ਸੀ ਕਿ ਕੰਵਰਜੀਤ ਸਿੰਘ ਜੋ ਸਰਕਾਰੀ ਸ਼ਹਿ ਉੱਤੇ ਕੰਮ ਕਰ ਰਿਹਾ ਹੈ ਤੇ ਆਪਣੀ ਕਿੜ ਕੱਢਣ ਲਈ ਜਥੇਦਾਰ ਵਧਾਵਾ ਸਿੰਘ ਬੱਬਰ ਅਤੇ ਜਥੇਬੰਦੀ ਦੇ ਨਾਮ ਦੀ ਦੁਰਵਰਤੋਂ ਕਰ ਰਿਹਾ ਹੈ ਪਰ ਫਿਰ ਵੀ ਅਸੀਂ ਇਹ ਸਾਰਾ ਮਾਮਲਾ ਬੱਬਰ ਖ਼ਾਲਸਾ ਅਤੇ ਹੋਰ ਜਥੇਬੰਦੀਆਂ ਤੇ ਆਗੂਆਂ ਸਾਹਮਣੇ ਰੱਖਿਆ ਤੇ ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਕੰਵਰਜੀਤ ਜੋ ਗੈਂਗਸਟਰਾਂ ਤੋਂ ਸਾਡਾ ਕਤਲ ਕਰਵਾ ਕੇ ਬੱਬਰ ਖ਼ਾਲਸਾ ਦੇ ਨਾਮ ਉੱਤੇ ਮੜ੍ਹਨਾ ਚਾਹੁੰਦਾ ਹੈ।
ਭਾਈ ਭਪਿੰਦਰ ਸਿੰਘ ਛੇ ਜੂਨ ਨੇ ਕਿਹਾ ਬੱਬਰ ਖ਼ਾਲਸਾ ਜਥੇਬੰਦੀ ਦਾ ਨਾਮ ਲੈ ਕੇ ਪੁਲਿਸ ਦੇ ਕੰਵਰਜੀਤ ਨੇ ਮੈਨੂੰ ਕਿਹਾ ਕਿ ਸਾਡੇ ਨਾਲ ਸਿੱਧਾ ਹੋ ਕੇ ਚੱਲ, ਨਹੀਂ ਤਾਂ ਬੱਬਰ ਜਥੇਬੰਦੀ ਤੇਰੇ ਸਾਰੇ ਪਰਿਵਾਰ ਨੂੰ ਗੋਲ਼ੀਆਂ ਮਾਰੇਗੀ। ਫਿਰ ਇਸ ਨੇ ਮੈਨੂੰ ਮਾਰਨ ਲਈ ਸਾਡੇ ਘਰ ਦੇ ਨੇੜਲੇ ਗੁਰਦੁਆਰੇ ਤੱਕ ਕੁਝ ਅਣਪਛਾਤੇ ਬੰਦੇ ਵੀ ਭੇਜੇ ਅਤੇ 13 ਅਗਸਤ 2024 ਨੂੰ ਮੈਨੂੰ ਅਤੇ ਰਣਜੀਤ ਸਿੰਘ ਨੂੰ ਦਲ ਖ਼ਾਲਸਾ ਦੇ ਹੁਸ਼ਿਆਰਪੁਰ ਮਾਰਚ ਵਿੱਚ ਰੈਕੀ ਕਰਵਾ ਕੇ ਮਾਰਨਾ ਚਾਹਿਆ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਇਹ ਜਥੇਬੰਦੀ ਦਾ ਨਾਮ ਵਰਤ ਕੇ ਸਿੱਖ ਸੰਘਰਸ਼ ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਮਰਵਾਉਣ ਦੀਆਂ ਸਾਜਿਸ਼ਾਂ ਰਚਦਾ ਰਿਹਾ।
ਢਾਡੀ ਬੀਬੀ ਕਿਰਨਜੋਤ ਕੌਰ ਖਾਲਸਾ ਨੇ ਕਿਹਾ ਕਿ ਕੰਵਰਜੀਤ ਜੋ ਸਾਡੇ ਜਥੇ ਦੀ ਰੈਕੀ ਕਰਦਾ ਰਿਹਾ ਤੇ ਮੈਨੂੰ ਬੱਬਰ ਖ਼ਾਲਸਾ ਦੇ ਨਾਮ ਉੱਤੇ ਡਰਾਉਂਦਾ, ਧਮਕਾਉਂਦਾ ਅਤੇ ਜ਼ਲੀਲ ਕਰਦਾ ਰਿਹਾ, ਮੇਰੇ ਪਿਤਾ ਦੀ ਸ਼ਹਾਦਤ ਨੂੰ ਰੋਲਣ ਦਾ ਯਤਨ ਕੀਤਾ ਅਤੇ ਬੱਬਰ ਖ਼ਾਲਸਾ ਵੱਲੋਂ ਮੈਨੂੰ ਕਈ ਚੇਤਾਵਨੀਆਂ ਦਿੱਤੀਆਂ ਅਤੇ ਮੇਰੇ ਖਿਲਾਫ ਗਲਤ ਪੋਸਟਾਂ ਪਾਉਂਦਾ ਰਿਹਾ ਤੇ ਲੋਕਾਂ 'ਚ ਕੂੜ ਪ੍ਰਚਾਰ ਕਰਦਾ ਰਿਹਾ ਜਿਸ ਬਾਬਤ ਕੰਵਰਜੀਤ ਸਿੰਘ ਯੂ.ਐਸ.ਏ. ਤੇ ਇਸਦਾ ਸਾਥੀ ਕਰਨਜੀਤ ਸਿੰਘ ਤੱਲਣ ਮਾਫੀ ਵੀ ਮੰਗ ਚੁੱਕਾ ਹੈ ਪਰ ਕੰਵਰਜੀਤ ਆਪਣੀਆਂ ਹਰਕਤਾਂ ਤੋਂ ਅਜੇ ਵੀ ਬਾਜ ਨਹੀਂ ਆ ਰਿਹਾ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੰਵਰਜੀਤ ਜੋ ਬੱਬਰ ਖ਼ਾਲਸਾ ਜਥੇਬੰਦੀ ਦੇ ਨਾਮ ਦੀ ਦੁਰਵਰਤੋਂ ਕਰਕੇ ਦਮਦਮੀ ਟਕਸਾਲ ਖ਼ਿਲਾਫ਼ ਵੀ ਜ਼ਹਿਰੀਲੀਆਂ ਲਿਖਤਾਂ ਲਿਖ ਚੁੱਕਾ ਹੈ ਅਤੇ ਸੰਤ ਬਾਬਾ ਰਾਮ ਸਿੰਘ ਸੰਗਰਾਵਾਂ ਅਤੇ ਜਥੇਦਾਰ ਵਧਾਵਾ ਸਿੰਘ ਬੱਬਰ ਉੱਤੇ ਚਿੱਟੇ ਦੇ ਵਪਾਰੀਆਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਲਗਾ ਚੁੱਕਾ ਹੈ। ਇਸ ਤੋਂ ਇਲਾਵਾ ਸੰਤ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ, ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ, ਜਥੇਦਾਰ ਜਗਤਾਰ ਸਿੰਘ ਹਵਾਰਾ, ਸ਼ਹੀਦ ਹਰਮੀਤ ਸਿੰਘ ਭਾਊਵਾਲ ਅਤੇ ਜਥੇਦਾਰ ਵਧਾਵਾ ਸਿੰਘ ਬੱਬਰ ਦੀ ਕਿਰਦਾਰਕੁਸ਼ੀ ਕਰਦਾ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਨੇ ਮੇਰੇ ਵੱਲੋਂ ਲਿਖੀਆਂ ਸ਼ਹੀਦਾਂ ਦੀਆਂ ਕਿਤਾਬਾਂ ਅਤੇ ਮੇਰੇ ਖਿਲਾਫ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖੀ ਹੈ ਜਿਸ ਦੇ ਸਾਰੇ ਸਬੂਤ ਮੇਰੇ ਕੋਲ ਮੌਜੂਦ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਬੀਬੀ ਕਿਰਨਜੋਤ ਕੌਰ ਖ਼ਾਲਸਾ ਨੇ ਕਿਹਾ ਕਿ ਸਾਡਾ ਬੱਬਰ ਖਾਲਸਾ ਜਥੇਬੰਦੀ ਨਾਲ ਕੋਈ ਵਿਵਾਦ ਜਾਂ ਰੌਲਾ ਨਹੀਂ ਹੈ, ਅਸੀਂ ਬੇਹੱਦ ਸਤਿਕਾਰ ਕਰਦੇ ਸੀ, ਕਰਦੇ ਹਾਂ ਤੇ ਕਰਦੇ ਰਹਾਂਗੇ। ਇਹ ਸ਼ਹੀਦਾਂ, ਗੁਰਮੁਖਾਂ ਤੇ ਯੋਧਿਆਂ ਦੀ ਜਥੇਬੰਦੀ ਹੈ ਜਿਸ ਨੇ ਸਿੱਖ ਸੰਘਰਸ਼ ਵਿੱਚ ਸ਼ਾਨਾਮੱਤਾ ਇਤਿਹਾਸ ਰਚਿਆ ਹੈ। ਇਸ ਜਥੇਬੰਦੀ ਨੂੰ ਬਦਨਾਮ ਕਰਨ ਵਾਲੇ ਕੰਵਰਜੀਤ ਸਿੰਘ ਯੂਐਸਏ ਦਾ ਮੁਖੌਟਾ ਉੱਤਰ ਚੁੱਕਿਆ ਹੈ, ਅਜਿਹੇ ਹੋਰ ਵਿਅਕਤੀ ਵੀ ਪੰਥ ਵਿੱਚ ਨੰਗੇ ਹੋਣੇ ਚਾਹੀਦੇ ਹਨ।
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ