ਪੰਥ ਅਤੇ ਪੰਜਾਬ ਦੇ ਅਸਲ ਵਾਰਿਸ ਕੌਣ ਹਨ ?
ਇਹ ਸਵਾਲ ਆਪਣੇ ਆਪ ਵਿੱਚ ਬੜਾ ਅਹਿਮ ਹੈ ਕਿ ਪੰਥ ਤੇ ਪੰਜਾਬ ਦੇ ਅਸਲ ਵਾਰਸ ਕੌਣ ਹਨ ? ਪ੍ਰੋ. ਪੂਰਨ ਸਿੰਘ ਦਾ ਫ਼ੈਸਲਾ ਹੈ ਕਿ "ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿਊਂਦਾ ਗੁਰੂ ਦੇ ਨਾਂ 'ਤੇ.."। ਜੇ ਪੰਜਾਬ ਗੁਰਾਂ ਦੇ ਨਾਂ 'ਤੇ ਹੀ ਜਿਊਂਦਾ ਹੈ ਤਾਂ ਪੰਜਾਬ ਦੇ ਅਸਲ ਵਾਰਸ ਉਹ ਹਨ, ਜਿਹੜੇ ਗੁਰਾਂ ਦੇ ਸੱਚੇ ਪੈਰੋਕਾਰ ਹੋਣ। ਜਿਹੜੇ ਸਿੱਖ ਫਲਸਫੇ 'ਤੇ ਪਹਿਰਾ ਦੇਣ, ਗੁਰਮਤਿ ਵਿਚਾਰਧਾਰਾ ਦੀ ਚੜ੍ਹਦੀ ਕਲਾ ਲੋਚਦੇ ਹੋਣ, ਜਿਹੜੇ ਸਿੱਖ ਮਰਯਾਦਾ ਦੀ ਬਹਾਲੀ ਲਈ ਸਦਾ ਤਤਪਰ ਰਹਿਣ ਤੇ ਜਿਹੜੇ ਖਾਲਸੇ ਦੀ ਅਜ਼ਾਦੀ ਦੇ ਝੰਡਾਬਰਦਾਰ ਹੋਣ। ਜਦ ਅਸੀਂ ਅੱਜ ਆਪਣੇ ਆਲ਼ੇ-ਦੁਆਲੇ ਨਜ਼ਰ ਮਾਰਦੇ ਹਾਂ ਤਾਂ ਗੁਰੂ ਦੇ ਸਿੱਖ ਹੋਣ ਦੇ ਐਹੋ ਜਿਹੇ ਦਾਅਵੇਦਾਰ ਬਹੁਤੇ ਦਿਸਦੇ ਹਨ, ਜਿਹੜੇ ਗੁਰੂ ਦੀ ਇੱਕ ਵੀ ਗੱਲ ਮੰਨਣ ਨੂੰ ਤਿਆਰ ਨਹੀਂ। ਉਹ ਤਾਂ ਇੰਝ ਗੱਲ ਕਰਦੇ ਹਨ ਕਿ ਸਿੱਖੀ ਦੇ ਅਨੁਸਾਰ ਸਾਥੋਂ ਤਾਂ ਚੱਲ ਨਹੀਂ ਹੋਣਾ ਜੇ ਹੋ ਸਕੇ ਤਾਂ ਸਿੱਖੀ ਨੂੰ ਸਾਡੇ ਹਿਸਾਬ ਨਾਲ਼ ਬਦਲ ਦਿਓ। ਸਿੱਖ ਫਲਸਫੇ ਦੇ ਸ਼ੁੱਧ ਖ਼ਾਲਸਾਈ ਤੱਤ ਨੂੰ ਮਲੀਨ ਕਰਨ-ਕਰਾਉਣ ਦੀਆਂ ਸਾਜ਼ਿਸ਼ਾਂ ਵਿੱਚ ਹਿੱਸੇਦਾਰ ਬਣਨ ਮਗਰੋਂ ਵੀ ਉਹਨਾਂ ਦਾ ਦਾਅਵਾ ਬਰਕਰਾਰ ਹੈ ਕਿ ਅਸੀਂ ਵੀ ਸਿੱਖ ਹੀ ਹਾਂ। ਸਿੱਖ ਮਰਿਆਦਾ, ਸਿੱਖ ਵਿਚਾਰਧਾਰਾ ਨੂੰ ਖੋਰਾ ਲਾ ਕੇ ਬ੍ਰਾਹਮਣਵਾਦੀ ਕਰਮਕਾਂਡਾਂ ਨੂੰ ਸਿੱਖ ਸਮਾਜ ਵਿੱਚ ਲਾਗੂ ਕਰਨ-ਕਰਾਉਣ ਦੇ ਸਮੁੱਚੇ ਹਿੰਦੂਤਵੀ ਏਜੰਡੇ ਨਾਲ਼ ਇਕਸੁਰ ਹੋਣ ਮਗਰੋਂ ਵੀ ਉਹ ਜ਼ਿੱਦ ਫੜੀ ਬੈਠੇ ਨੇ ਕਿ ਸਾਨੂੰ ਖ਼ਾਲਸੇ ਦੀ ਪਹਿਲੀ ਕਤਾਰ ਦੇ ਸਿੱਖ ਮੰਨਿਆ ਜਾਵੇ। ਸਿੱਖ ਮਰਿਆਦਾ, ਖਾਸ ਕਰਕੇ ਸਿੱਖੀ ਸਰੂਪ ਨੂੰ ਤਿਆਗ ਕੇ ਪਤਿਤ ਹੋ ਜਾਣ ਮਗਰੋਂ ਵੀ ਉਹ ਗੁਰਧਾਮਾਂ ਦੇ ਅੰਦਰ ਉਹ ਮਾਣ ਭਾਲ਼ਦੇ ਫਿਰਦੇ ਹਨ, ਜਿਹੜਾ ਬਾਣੀ ਤੇ ਬਾਣੇ ਵਿੱਚ ਪਰਪੱਕ ਸਿੱਖਾਂ ਨੇ ਕਮਾਇਆ ਹੈ। ਮੁੱਕਦੀ ਗੱਲ ਇਹ ਕਿ ਵਿਚਾਰਧਾਰਕ ਤੇ ਸਰੀਰਕ ਪਤਿਤਪੁਣੇ ਦੀ ਬਿਮਾਰੀ ਦੇ ਡੰਗੇ ਲੋਕ ਖੁਦ ਨੂੰ ਸਿੱਖ ਹੋਣ ਦਾ ਪ੍ਰਥਮ ਦਰਜ਼ੇ ਦਾ ਦਾਅਵੇਦਾਰ ਕਹਿਣ-ਕਹਾਉਣ ਦੇ ਨਾਲ਼-ਨਾਲ਼ ਬਾਣੀ ਤੇ ਬਾਣੇ ਵਿੱਚ ਪਰਪੱਕ ਸਿੱਖਾਂ ਨੂੰ ਦੋਇਮ ਦਰਜ਼ੇ 'ਤੇ ਖੜ੍ਹਾਉਣ ਦੀ ਪਾਪ ਭਰੀ ਬਿਰਤੀ ਰੱਖ ਰਹੇ ਹਨ। ਅੱਜ ਇਹ ਗੱਲ ਸੂਰਜ ਵਾਂਗ ਸੱਚ ਹੈ ਕਿ 1947 ਤੋਂ ਪਹਿਲਾਂ ਹਿੰਦੂਆਂ ਨੇ ਜੋ ਵਾਅਦੇ ਸਿੱਖਾਂ ਨਾਲ਼ ਕੀਤੇ ਸਨ, ਉਹਨਾਂ ਨੂੰ ਭੁਲਾ ਕੇ ਹੁਣ ਹਿੰਦੂਆਂ ਨੇ ਸਿੱਖੀ ਨੂੰ ਮਲੀਆਮੇਟ ਕਰਨ ਤੇ ਸਿੱਖਾਂ ਦਾ ਹਿੰਦੂਕਰਨ ਕਰਨ ਦਾ ਏਜੰਡਾ ਲਾਗੂ ਕੀਤਾ ਹੋਇਆ ਹੈ। ਅੱਜ ਸਿੱਖਾਂ ਅਤੇ ਸਿੱਖੀ ਨੂੰ ਸਭ ਤੋਂ ਵੱਡਾ ਖਤਰਾ ਬ੍ਰਾਹਮਣਵਾਦ ਤੋਂ ਹੈ। ਦਿੱਲੀ ਅਤੇ ਨਾਗਪੁਰ ਤੋਂ ਚੱਲ ਰਹੀਆਂ ਸਾਜ਼ਿਸ਼ਾਂ ਸਿੱਖੀ ਅਤੇ ਸਿੱਖਾਂ ਦੀ ਮਾਨਸਿਕ ਤੇ ਸਰੀਰਕ ਨਸਲਕੁਸ਼ੀ ਕਰਨ ਲਈ ਯਤਨਸ਼ੀਲ ਹਨ। ਇਹੋ ਜਿਹੇ ਮਹੌਲ ਵਿੱਚ ਜਿਹੜੇ ਸਿੱਖ ਦਿੱਲੀ ਤੇ ਨਾਗਪੁਰ ਨਾਲ ਸਹਿਮਤ ਹੋਣ, ਜਿਹੜੇ ਸਿੱਖਾਂ ਦੀ ਅਜ਼ਾਦੀ ਦੇ ਸੰਕਲਪ ਦੇ ਖ਼ਿਲਾਫ਼ ਹੋਣ, ਜਿਹੜੇ ਖਾਲਸੇ ਦੇ ਨਿਆਰੇਪਣ ਨੂੰ ਖੋਰਾ ਲਾ ਰਹੇ ਹੋਣ, ਉਹ ਕਿਵੇਂ ਪੰਥ ਤੋਂ ਪੰਜਾਬ ਦੇ ਵਾਰਿਸ ਕਹੇ ਜਾ ਸਕਦੇ ? ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਡੇ ਇਤਿਹਾਸ ਦੇ ਹਰ ਨਾਇਕ ਨੇ ਖਾਲਸਾਈ ਸਿਧਾਂਤ ਅਤੇ ਸਰੂਪ ਦੇ ਨਾਲ਼ ਹੀ ਖਾਲਸਾਈ ਪ੍ਰਭੂਸੱਤਾ ਦਾ ਝੰਡਾ ਬੁਲੰਦ ਕੀਤਾ ਹੈ। ਅਜੋਕੇ ਸਮੇਂ ਵਿੱਚ ਸਾਡੇ ਨਾਇਕ ਉਹ ਲੋਕ ਕਿਵੇਂ ਹੋ ਸਕਦੇ ਨੇ ਜਿਹੜੇ ਖਾਲਸਾਈ ਸਿਧਾਂਤ ਨੂੰ ਰੋਲਣ ਵਾਲਿਆਂ ਦੇ ਹਮਾਇਤੀ ਹੋਣ, ਜਿਹੜੇ ਖਾਲਸਾਈ ਸਰੂਪ ਨੂੰ ਖ਼ਤਰਾ ਹੀ ਮਹਿਸੂਸ ਨਾ ਕਰਨ ਤੇ ਜਿਹੜੇ ਖਾਲਸੇ ਦੀ ਪ੍ਰਭੂਸੱਤਾ ਮਿਲ਼ਣ ਦੇ ਉਲ਼ਟ ਹੋਣ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿਹੜੇ ਸਿੱਖ ਖ਼ਾਲਿਸਤਾਨ ਦੀ ਗੱਲ ਕਰਦੇ ਹਨ, ਉਹੀ ਸਿੱਖ ਵਿਚਾਰਧਾਰਾ, ਸਿੱਖ ਫਲਸਫੇ, ਸਿੱਖ ਵਿਰਾਸਤ ਲਈ ਜੂਝਦੇ ਹਨ। ਸਿੱਖ ਰਹਿਤ ਮਰਿਆਦਾ ਦੀ ਪਹਿਰੇਦਾਰੀ ਹੋਵੇ ਜਾਂ ਸਿੱਖਾਂ ਦੇ ਰਾਜ-ਭਾਗ ਦੀ ਗੱਲ ਖ਼ਾਲਿਸਤਾਨੀ ਸੋਚ ਵਾਲ਼ੇ ਸਿੱਖ ਹੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਖ਼ਾਲਿਸਤਾਨੀ ਜੁਝਾਰੂ ਹੀ ਪੰਥ ਤੇ ਪੰਜਾਬ ਦੇ ਅਸਲ ਵਾਰਿਸ ਹਨ
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ