Nazrana Times

ਪੰਜਾਬੀ

ਪੀਰ ਸ਼ਾਹੂ ਸ਼ਾਹ ਦੀ ਯਾਦ 'ਚ ਮੇਲਾ ਚੋਹਲਾ ਸਾਹਿਬ ਦਾ 16, 17 ਜੁਲਾਈ ਨੂੰ

12 Jul, 2026 11:06 PM

ਕਬੱਡੀ ਦੇ ਰੋਮਾਂਚਕ ਮੈਚ ਤੇ ਨਾਮਵਰ ਗਾਇਕ ਕਰਨਗੇ ਦਰਸ਼ਕਾਂ ਦਾ ਮਨੋਰੰਜ਼ਨ

ਰਾਕੇਸ਼ ਨਈਅਰ 
ਚੋਹਲਾ ਸਾਹਿਬ/ਤਰਨਤਾਰਨ,12 ਜੁਲਾਈ 

ਚੋਹਲਾ ਸਾਹਿਬ ਵਿਖੇ ਪੀਰ ਬਾਬਾ ਸ਼ਾਹੂ ਸ਼ਾਹ ਜੀ ਦੀ ਯਾਦ ਵਿੱਚ ਮੇਲਾ ਚੋਹਲਾ ਸਾਹਿਬ ਦਾ ਇਸ ਵਾਰ 16 ਅਤੇ 17 ਜੁਲਾਈ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦਰਗਾਹ ਪੀਰ ਬਾਬਾ ਸ਼ਾਹੂ,ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਭਿੱਖੀਕੇ ਅਤੇ ਥਾਣੇਦਾਰ ਮਨਮੋਹਨ ਸਿੰਘ ਪੱਪੂ ਪਹਿਲਵਾਨ ਨੇ ਦੱਸਿਆ ਕਿ ਇਸ ਵਾਰ ਪੀਰ ਬਾਬਾ ਸ਼ਾਹੂ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਮੇਲਾ ਦੋ ਦਿਨ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ 16 ਜੁਲਾਈ ਦਿਨ ਵੀਰਵਾਰ ਨੂੰ ਦਰਗਾਹ ਵਿਖੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ,ਜਿਸ ਉਪਰੰਤ ਪ੍ਰਸਿੱਧ ਕਵਾਲ ਆਪਣੀਆਂ ਰੂਹਾਨੀ ਕਵਾਲੀਆਂ ਰਾਹੀਂ ਪੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਉਨ੍ਹਾਂ ਦੱਸਿਆ ਕਿ 17 ਜੁਲਾਈ ਦਿਨ ਸ਼ੁੱਕਰਵਾਰ ਨੂੰ ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ,ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਕੁਲਦੀਪ ਰਸੀਲਾ,ਦਲਜੀਤ ਹੰਸ,ਲੱਕੀ ਚੋਹਲਾ ਅਤੇ ਰਜਿੰਦਰ ਹੰਸ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਇਸੇ ਦਿਨ ਸ਼ਾਮ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਅਤੇ ਗੁਰੂ ਅਰਜਨ ਦੇਵ ਖੇਡ ਕਲੱਬ ਚੋਹਲਾ ਸਾਹਿਬ ਦੀਆਂ ਟੀਮਾਂ ਵਿਚਾਲੇ ਕਬੱਡੀ ਦੇ ਰੋਮਾਂਚਕ ਮੁਕਾਬਲੇ ਵੀ ਕਰਵਾਏ ਜਾਣਗੇ।
ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੇਲੇ ਦੇ ਦੋਵੇਂ ਦਿਨ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।ਇਸ ਮੌਕੇ ਬਲਵਿੰਦਰ ਸਿੰਘ ਸ਼ਿਮਲਾ ਮੈਂਬਰ ਪੰਚਾਇਤ,ਗਾਇਕ ਲੱਕੀ ਚੋਹਲਾ, ਸਰਬਜੀਤ ਸਾਹਬੀ, ਸੁਰਿੰਦਰ ਕੁੰਦਰਾ,ਦਿਲਬਾਗ ਸਿੰਘ ਬਾਗਾ,ਜਗਜੀਤ ਸਿੰਘ ਗੋਲਡੀ,ਸ਼ਿੰਦਾ ਸ਼ਾਹ,ਵਿਨੋਦ ਕੁਮਾਰ ਨੋਧੀ,ਸਾਹਬ ਸਿੰਘ ਹਕੀਮ,ਸੇਵਾਦਾਰ ਕਾਕਾ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News