ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ-ਰਾਕੇਸ਼ ਨੀਟੂ
ਸੁਲਤਾਨਪੁਰ ਲੋਧੀ 23 ਨਵੰਬਰ ਗੌਰਵ ਮੜੀਆ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦਾ ਸ਼ਿਵ ਮੰਦਰ ਚੋੜਾ ਖੂਹ ਵਲੋਂ ਪ੍ਰਧਾਨ ਤੇ ਭਾਜਪਾ ਆਗੂ ਰਾਕੇਸ਼ ਕੁਮਾਰ ਨੀਟੂ ਦੀ ਅਗਵਾਈ ਹੇਠ ਸਮੂਹ ਕਮੇਟੀ ਮੈਬਰ ਦੇ ਵਲੋਂ ਫੁੱਲ ਦੀ ਵਰਖਾ ਕਰਕੇ ਤੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਭਾਜਪਾ ਆਗੂ ਰਾਕੇਸ਼ ਕੁਮਾਰ ਨੀਟੂ ਨੇ ਨਗਰ ਨਿਰਤਨ ਵਿਚ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਰਾਕੇਸ਼ ਨੀਟੂ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਅੰਧਕਾਰ ਚੋਂ ਕੱਢਿਆ ਅਤੇ ਸਮੂਹ ਲੋਕਾਈ ਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਿਆਂ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਇਆ।ਉਨ੍ਹਾਂਨੇ ਕਿਹਾ ਕਿ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਲੋਕ ਫਿਰ ਤੋਂ ਉਸੇ ਅੰਧਕਾਰਮਈ ਦਲਦਲ ਚ ਧਸਦੇ ਜਾ ਰਹੇ ਹਨ।ਬਾਬਾ ਜੀ ਨੇ ਸਭ ਤੋਂ ਵੱਡਾ ਇਨਕਲਾਬ ਸਦੀਆਂ ਤੋਂ ਦੁਰਕਾਰੀ,ਲਿਤਾੜੀ ਤੇ ਥਾਂ ਥਾਂ ਤੇ ਨਕਾਰੀ ਗਈ ਔਰਤ ਨੂੰ ਉੱਤਮ ਦਰਜਾ ਦੇ ਕੇ ਲਿਆਂਦਾ।ਇਸ ਦੇ ਨਾਲ ਹੀ ਉਨ੍ਹਾਂ ਜੁਗਾਂ ਜੁਗਾਂ ਤੋਂ ਕੰਮਾਂ ਦੇ ਅਧਾਰ ਤੇ ਜਾਤਾ ਪਾਤਾਂ ਵਿਚ ਵੰਡੇ ਗਏ ਗਰੀਬ ਤੇ ਮਿਹਨਤਕਸ਼ ਲੋਕਾਂ ਨੂੰ ਅਖੌਤੀ ਉੱਚੀਆਂ ਜਾਤਾਂ ਦੇ ਬਰਾਬਰ ਮਾਣ ਸਤਿਕਾਰ ਦਿੱਤਾ।ਉਨ੍ਹਾਂਨੇ ਕਿਹਾ ਕਿ ਗੁਰੂ ਜੀ ਸਾਰਾ ਜੀਵਨ ਸੱਚੇ ਧਰਮ ਦੇ ਪ੍ਰਚਾਰ ਲਈ ਯਤਨਸ਼ੀਲ ਰਹੇ।ਉਹ ਬਹੁਤ ਨਿਮਰਤਾਵਾਨ ਸਨ। ਉਨ੍ਹਾਂ ਦੀ ਬਾਣੀ ਦੀ ਇਕ ਇਕ ਪੰਕਤੀ ਤੋਂ ਉਨ੍ਹਾਂ ਦੀ ਨਿਮਰਤਾ ਦਾ ਅਹਿਸਾਸ ਹੋ ਜਾਂਦਾ ਹੈ।ਉਹ ਸੰਸਾਰਿਕ ਪ੍ਰਪੰਚਾਂ ਚ ਫਸਣ ਦੀ ਥਾਂ ਪ੍ਰਮਾਤਮਾ ਦੇ ਪੇ੍ਮ ਜਾਲ ਚ ਸਥਾਈ ਤੌਰ ਤੇ ਰਚੇੇ ਹੋਏ ਸਨ।
ਰਾਕੇਸ਼ ਨੀਟੂ ਨੇ ਕਿਹਾ ਕਿ ਗੁਰੂ ਜੀ ਇਕ ਮਹਾਨ ਯੁੱਗ ਪੁਰਸ਼ ਸਨ।ਜਿਨ੍ਹਾਂ ਨੇ ਆਪਣੀ ਨਵੀਂ ਵਿਚਾਰਧਾਰਾ ਨਾਲ ਪ੍ਰਤੀਕੂਲ ਪਰਸਥਿਤੀਆਂ ਦੀ ਨੁਹਾਰ ਬਦਲੀ ਤੇ ਸਿੱਖ ਧਰਮ ਦੇ ਵਿਕਾਸ ਦੇ ਨਾਲ-ਨਾਲ ਇਕ ਨਵੇਂ ਸੱਭਿਆਚਾਰ ਨੂੰ ਜਨਮ ਦਿੱਤਾ।ਇਹ ਸੱਭਿਆਚਾਰ ਕਿਸੇ ਇਕ ਧਰਮ ਜਾਂ ਭਾਈਚਾਰੇ ਦਾ ਸੱਭਿਆਚਾਰ ਨਹੀਂ ਸੀ,ਸਗੋਂ ਸਾਰੀ ਮਨੁੱਖਤਾ ਲਈ ਕਲਿਆਣਕਾਰੀ ਜੀਵਨ ਦਰਸ਼ਨ ਸੀ।ਉਨ੍ਹਾਂਨੇ ਕਿਹਾ ਕਿ ਉਸ ਪ੍ਰਮਾਤਮਾ ਨੇ ਵੱਖ-ਵੱਖ ਰੂਪ ਚ ਅਵਤਾਰ ਧਾਰਿਆ ਤੇ ਇਸ ਦੁਨੀਆਂ ਦਾ ਉਦਾਰ ਕੀਤਾ।ਇਨ੍ਹਾਂ ਅਵਤਾਰਾਂ ਚੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਕ ਸਨ ਜਿਨ੍ਹਾਂ ਨੇ ਕਲਯੁਗ ਚ ਅਵਤਾਰ ਧਾਰ ਕੇ ਦੁਨੀਆਂ ਦਾ ਉਦਾਰ ਕੀਤਾ।ਉਨ੍ਹਾਂਨੇ ਕਿਹਾ ਕਿ ਆਪਣੇ ਮਨ ਅੰਦਰ ਝਾਕਣ ਦਾ ਜਤਨ ਕਰਨਾ ਅਤੇ ਆਪਣੇ ਜੀਵਨ ਨੂੰ ਬਾਬੇ ਨਾਨਕ ਵਲੋਂ ਦਿੱਤੀ ਸਾਂਝੀਵਾਲਤਾ ਵਾਲੀ ਸੋਚ ਧਾਰਾ ਭਰੀ ਸੁਚੱਜੀ ਜੀਵਨ ਜਾਚ/ਜੀਵਨ ਜੁਗਤ ਨਾਲ ਜੋੜਨ ਦਾ।ਸੱਚੇ ਦਿਲੋਂ ਮਨੁੱਖ ਜਦੋਂ ਇਸ ਸੋਚ ਨਾਲ ਜੁੜੇਗਾ ਉਸ ਤੇ ਅਮਲ ਕਰੇਗਾ ਤਾਂ ਮਨੁੱਖ ਦੇ ਅੰਦਰ ਹੋਣ ਵਾਲਾ ਚਾਨਣ ਤੇ ਗੂੰਜਣ ਵਾਲੀ ਧੁਨੀ ਦਾ ਪਸਾਰ ਹੋਵੇਗਾ ਤਾਂ ਇਹ ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ ਵਿਚ ਤਬਦੀਲ ਹੋ ਜਾਵੇਗਾ।
Posted By: Gaurav Maria