Nazrana Times

ਪੰਜਾਬੀ

ਖ਼ਾਲਿਸਤਾਨ ਦੁਨੀਆਂ ਦਾ ਸਰਵਉੱਤਮ ਰਾਜ ਅਤੇ ਖ਼ਾਲਸੇ ਦਾ ਦੇਸ਼ ਹੋਵੇਗਾ

20 Jan, 2025 05:30 AM

ਖ਼ਾਲਿਸਤਾਨ ਕੋਈ ਹਊਆ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਤੇ ਕਲਗੀਧਰ ਪਾਤਸ਼ਾਹ ਵੱਲੋਂ ਬਖ਼ਸ਼ਿਆ ਖ਼ਾਲਸਾ ਰਾਜ ਦਾ ਸੰਕਲਪ ਹੈ। ਇਹ ਸਾਡੇ ਧਾਰਮਿਕ ਸਿਧਾਂਤਾਂ ਨਾਲ਼ ਜੁੜਿਆ ਹੈ। ਇਹ ਇੱਕ ਪਵਿੱਤਰ ਸ਼ਬਦ ਹੈ। ਖ਼ਾਲਿਸਤਾਨ ਸਿੱਖੀ ਦਾ ਆਲੀਸ਼ਾਨ ਮਹਿਲ ਹੈ ਜਿਸ ਦੀਆਂ ਨੀਂਹਾਂ 'ਚ ਸਾਡੇ ਹਜ਼ਾਰਾਂ-ਲੱਖਾਂ ਸਿੰਘਾਂ-ਸਿੰਘਣੀਆਂ ਦੇ ਸੀਸ ਲੱਗੇ ਹਨ ਜੋ ਗੁਰੂ ਲਈ ਆਪਾ ਵਾਰ ਗਏ। ਮੈਨੂੰ ਖ਼ਾਲਿਸਤਾਨ 'ਚੋਂ ਗੁਰਬਾਣੀ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ। ਦਇਆ, ਧਰਮ, ਸਬਰ, ਸੰਤੋਖ, ਪਿਆਰ-ਮੁਹੱਬਤ, ਸੰਜਮ, ਸਹਿਣਸ਼ੀਲਤਾ, ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਨਜ਼ਰੀ ਆਉਂਦੀ ਹੈ। ਮਹਿਸੂਸ ਹੁੰਦਾ ਹੈ ਕਿ ਖ਼ਾਲਿਸਤਾਨ ਕੇਵਲ ਸਿੱਖਾਂ ਦੀ ਹੀ ਨਹੀਂ, ਬਲਕਿ ਪੂਰੀ ਦੁਨੀਆਂ ਦੀ ਲੋੜ ਹੈ। ਸਮੁੱਚੀ ਮਾਨਵਤਾ ਦੀ ਰਾਖੀ ਲਈ ਖ਼ਾਲਿਸਤਾਨ ਦੀ ਸਥਾਪਨਾ ਬੇਹੱਦ ਜ਼ਰੂਰੀ ਹੈ। ਸਾਡਾ ਅਵੱਸ਼ ਨਿਸ਼ਚਾ ਹੈ ਕਿ ਚਵਰ, ਛਤਰ, ਤਖ਼ਤ ਦੇ ਮਾਲਕ ਸਤਿਗੁਰੂ ਸਾਨੂੰ ਵੀ ਤਖ਼ਤਾਂ-ਤਾਜਾਂ ਵਾਲ਼ੇ ਬਣਾਉਣਗੇ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਗੁਰੂ ਪਾਤਸ਼ਾਹ ਸਾਨੂੰ ਵੀ ਰਾਜ ਜ਼ਰੂਰ ਬਖ਼ਸ਼ਣਗੇ, ਇਸ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਧਰਮ ਯੁੱਧ ਮੋਰਚੇ ਦੌਰਾਨ ਸ. ਬਲਬੀਰ ਸਿੰਘ ਭਰਪੂਰ ਨੇ ਪ੍ਰਭਾਵਸ਼ਾਲੀ ਤਕਰੀਰ ਕਰਦਿਆਂ ਕਿਹਾ ਸੀ ਕਿ “ਜੇ ਸਿੱਖਾਂ ਕੋਲ ਰਾਜ ਨਾ ਹੋਵੇ ਤਾਂ ਸਿੱਖਾਂ ਦੀ ਕੀਮਤ ਪਿੰਜਰੇ ਵਿੱਚ ਪਏ ਪੰਛੀ ਨਾਲ਼ੋਂ ਵੱਧ ਨਹੀਂ, ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਾ ਚੱਲੀ ਤਾਂ ਹਿੰਦੁਸਤਾਨ ਦੇ ਪਿੰਜਰੇ ਵਿੱਚ ਇਹਨਾਂ ਬੱਚਿਆਂ ਨੇ ਆਉਣ ਵਾਲ਼ੇ ਸਮੇਂ ਵਿੱਚ ਪੰਛੀਆਂ ਵਾਂਗ ਤੜਪ-ਤੜਪ ਕੇ ਮਰਨੈ, ਜੇ ਨੌਂ ਸੌ ਸਾਲ ਗ਼ੁਲਾਮ ਰਹਿਣ ਵਾਲ਼ੀ ਹਿੰਦੂ ਕੌਮ, ਸੈਂਕੜੇ ਸਦੀਆਂ ਤੋਂ ਬਾਅਦ ਰਾਜ ਦੀ ਗੱਲ ਕਰ ਸਕਦੀ ਹੈ, ਤਾਂ ਸਤਾਨਵੇਂ ਵਰ੍ਹੇ ਸਿੱਖ ਹਿੰਦੁਸਤਾਨ ਵਿੱਚ ਗ਼ੁਲਾਮ ਰਹੇ, ਇਹ ਅਜ਼ਾਦੀ ਦੀ ਗੱਲ ਕਿਉਂ ਨਹੀ ਕਰ ਸਕਦੇ ? ਰਾਜ ਕੌਮਾਂ ਦੀ ਜ਼ਿੰਦ-ਜਾਨ ਹੋਇਆ ਕਰਦਾ, ਰਾਜ ਦੀ ਗੱਲ ਕਿਉਂ ਨਾ ਕਰੀਏ ? ਅਸੀਂ ਮਾਲ਼ਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ, ਹਿੰਦੁਸਤਾਨ ਵਿੱਚ ਹਿੰਦੂ ਨੇ ਰਾਜ ਕਰਨਾ, ਸਿੱਖ ਪੰਜਾਬ ਵਿੱਚ ਰਾਜ ਕਰਨਗੇ, ਹਿੰਦੁਸਤਾਨ ਦਾ ਹੁਕਮਰਾਨ ਚਾਹੁੰਦਾ ਕਿ ਤੁਹਾਡੇ ਚੇਹਰੇ ਨਾਲ਼ੋਂ ਤੁਹਾਡਾ ਦਾਹੜਾ ਅਲਹਿਦਾ ਕਰ ਦਿੱਤਾ ਜਾਵੇ, ਹਿੰਦੁਸਤਾਨ ਦਾ ਹਿੰਦੂ ਹੁਕਮਰਾਨ ਚਾਹੁੰਦਾ ਕਿ ਸਿੱਖ ਦਾ ਅੰਮ੍ਰਿਤ ਵਿੱਚ ਵਿਸ਼ਵਾਸ ਨਾ ਰਹੇ, ਜੇ ਹੁਕਮਰਾਨ ਨਾ ਬਣੇ, ਧਰਮ ਦੇ ਰਾਜ ਦੀ ਸਥਾਪਨਾ ਨਾ ਕੀਤੀ ਤਾਂ ਇਸ ਸੋਨੇ ਦੇ ਮੰਦਰ (ਸ੍ਰੀ ਦਰਬਾਰ ਸਾਹਿਬ) ਦਾ ਸੋਨਾ ਹਿੰਦੁਸਤਾਨ ਦਾ ਹਿੰਦੂ ਉਤਾਰੇਗਾ।” ਰਾਜ ਕੌਮਾਂ ਦੀ ਜ਼ਿੰਦ-ਜਾਨ ਹੋਇਆ ਕਰਦੇ ਨੇ, ਤੇ ਰਾਜ ਸਥਾਪਿਤ ਕਰਨ ਦੇ ਨਾਲ਼ ਹੀ ਕੌਮਾਂ ਪ੍ਰਫੁੱਲਿਤ ਹੁੰਦੀਆਂ ਹਨ। ਜਿਹੜੀ ਕੌਮ, ਰਾਜ ਤੋਂ ਵਿਹੂਣੀ ਹੋਵੇ ਉਹ ਸੰਸਾਰ ਦੇ ਨਕਸ਼ੇ ’ਤੇ ਬਹੁਤਾ ਚਿਰ ਤਕ ਜਿਉਂਦੀ ਨਹੀਂ ਰਹਿੰਦੀ। ਰਾਜ ਦੀ ਸਥਾਪਨਾ ਕਰਨ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਅਤੇ ਇਤਿਹਾਸ ’ਚੋਂ ਹੀ ਮਿਲ਼ਦੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਅਤੇ ਸਰਬੱਤ ਦੇ ਭਲੇ ਵਾਲ਼ਾ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ। ਸਿੱਖਾਂ ਦਾ ਵੱਖਰਾ ਰਾਜ, ਗੁਰਬਾਣੀ ਅਤੇ ਸਿੱਖ ਰਵਾਇਤਾਂ ਦੇ ਇਤਿਹਾਸ ਅਨੁਸਾਰ ਹੈ। ਖ਼ਾਲਸਾ ਰਾਜ, ਸੱਚ ਦਾ ਰਾਜ ਹੈ। ਜਿੱਥੇ ਕਿਸੇ ਵੀ ਕੌਮ ਅਤੇ ਕਬੀਲੇ ਦੇ ਹੱਕ ਨਹੀਂ ਦਬਾਏ ਜਾਂਦੇ, ਜਿੱਥੇ ਸਭ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਮਿਲ਼ਦਾ ਹੈ, ਜਿੱਥੇ ਕਿਸੇ ਦੇ ਧਰਮ-ਸਥਾਨਾਂ ’ਤੇ ਹਮਲੇ ਨਹੀਂ ਹੁੰਦੇ, ਕਿਸੇ ਵੀ ਧਰਮ ਗ੍ਰੰਥ ਦਾ ਅਪਮਾਨ ਨਹੀਂ ਹੁੰਦਾ, ਕਿਸੇ ’ਤੇ ਜ਼ੁਲਮ-ਅੱਤਿਆਚਾਰ ਨਹੀਂ ਹੁੰਦਾ, ਜਿੱਥੇ ਹਰ ਇੱਕ ਮਨੁੱਖ ਸੁਖੀ ਵਸਦਾ ਹੈ। ਅਜਿਹਾ ਹੀ ਰਾਜ-ਭਾਗ ਸਿਰਜਣ ਲਈ ਗੁਰਾਂ ਦਾ ਖ਼ਾਲਸਾ ਵੀਹਵੀਂ ਸਦੀ ਦੇ ਦੋ ਅਖ਼ੀਰਲੇ ਦਹਾਕਿਆਂ ’ਚ ਹਥਿਆਰਬੰਦ ਹੋ ਕੇ ਸੰਘਰਸ਼ਸ਼ੀਲ ਹੋਇਆ ਸੀ। ਜਦ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲ਼ਾ ਹੋਇਆ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਕੀਤੇ ਬਚਨਾਂ ਅਨੁਸਾਰ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਤੇ ਜੁਝਾਰੂ ਸਿੱਖ ਜਵਾਨੀ ਨੇ ਹਥਿਆਰ ਚੁੱਕ ਕੇ ਹਿੰਦ ਸਰਕਾਰ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਤੇ ਇੱਕ ਦਹਾਕੇ ’ਚ ਇੱਕ ਲੱਖ ਸ਼ਹੀਦੀਆਂ ਹੋਈਆਂ। ਅਸੂਲ ਹੈ ਕਿ ਜਦ ਕਿਸੇ ਇਮਾਰਤ ਨੂੰ ਜਿੰਨਾ ਉੱਚਾ ਤੇ ਮਜ਼ਬੂਤ ਬਣਾਉਣਾ ਹੋਵੇ ਓਨੀ ਹੀ ਉਸ ਦੀ ਨੀਂਹ ਡੂੰਘੀ ਤੇ ਪੱਕੀ ਕਰਨੀ ਪੈਂਦੀ ਹੈ ਤੇ ਖ਼ਾਲਿਸਤਾਨ ਦੀ ਜੜ੍ਹਾਂ ਪਾਤਾਲ ਤਕ ਲਗ ਚੁੱਕੀਆਂ ਹਨ ਜਿਸ ਨੂੰ ਕੋਈ ਨਹੀਂ ਉਖਾੜ ਸਕਦਾ। ਖ਼ਾਲਿਸਤਾਨ ਦਾ ਇਹ ਸੰਘਰਸ਼ ਪੰਜਵੇਂ ਪਾਤਸ਼ਾਹ ਦੇ ਹਲੇਮੀ ਰਾਜ, ਭਗਤਾਂ ਦੇ ਬੇਗਮਪੁਰਾ ਤੇ ਦਸਮੇਸ਼ ਪਿਤਾ ਦੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹੀ ਹੈ। ਖ਼ਾਲਿਸਤਾਨੀ ਜੁਝਾਰੂ-ਜਰਨੈਲਾਂ ਨੂੰ ਸਮਝਣ ਲਈ ਸਰਕਾਰੀ ਐਨਕ ਉਤਾਰ ਕੇ ਜੇ ਸਿੱਖ ਦ੍ਰਿਸ਼ਟੀ ਨਾਲ਼ ਵੇਖਣ ਦਾ ਯਤਨ ਕਰੋਗੇ ਤਾਂ ਤੁਹਾਨੂੰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ’ਚੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਣਗੇ। ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲ਼ਾ, ਜਰਨਲ ਲਾਭ ਸਿੰਘ ਪੰਜਵੜ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਜੁਗਰਾਜ ਸਿੰਘ ਤੁਫ਼ਾਨ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਮਨਬੀਰ ਸਿੰਘ ਚਹੇੜੂ ਆਦਿਕ ਤੁਹਾਨੂੰ ਇੰਝ ਲੱਗਣਗੇ ਜਿਵੇਂ ਜਥੇਦਾਰ ਜੱਸਾ ਸਿੰਘ ਆਹਲੂਵਾਲ਼ੀਆਂ, ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ, ਜਰਨੈਲ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਹੀ ਦੁਬਾਰਾ ਆਏ ਹੋਣ। ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਜੁਝਾਰੂ ਲਹਿਰ ਦੌਰਾਨ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਜੁਝਾਰੂ ਸਾਰੇ ਪਾਸੇ ਛਾ ਗਏ ਸਨ। ਜੁਝਾਰੂ ਸਿੰਘਾਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ, ਕਾਤਲ, ਲੁਟੇਰੇ, ਖੂੰਖਾਰ ਲਿਖਣ ਵਾਲ਼ੀਆਂ ਅਖ਼ਬਾਰਾਂ ਨੇ ਵੀ ਉਹਨਾਂ ਨੂੰ ਖਾੜਕੂ, ਜੁਝਾਰੂ, ਮਿਲੀਟੈਂਟ, ਅਜ਼ਾਦੀ ਪਸੰਦ ਅਤੇ ਸਿੱਖ ਨੌਜਵਾਨ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਰੇਡੀਓ ਅਤੇ ਦੂਰਦਰਸ਼ਨ ਟੀ.ਵੀ. ਨੇ ਵੀ ਜੁਝਾਰੂਆਂ ਵੱਲੋਂ ਜਾਰੀ ਕੀਤੇ ਫੁਰਮਾਨ ਮੰਨੇ ਸਨ। ਵੈਸੇ ਇੱਕ ਕਹਾਵਤ ਮਸ਼ਹੂਰ ਹੈ ਕਿ ਇੱਕ ਧਿਰ ਦੇ ਦਹਿਸ਼ਤਗਰਦ, ਦੂਜੀ ਧਿਰ ਦੇ ਅਜ਼ਾਦੀ ਘੁਲਾਟੀਏ ਮੰਨੇ ਜਾਂਦੇ ਹਨ। ਤਾਲਿਬਾਨਾਂ ਵੱਲੋਂ ਅਫ਼ਗਾਨਿਸਤਾਨ ’ਤੇ ਕੀਤੇ ਕਬਜ਼ੇ ਦੀ ਉਦਾਹਰਨ ਸਾਡੇ ਸਭ ਦੇ ਸਾਹਮਣੇ ਹੈ ਕਿ ਜਿਹੜੀਆਂ ਅਖ਼ਬਾਰਾਂ, ਚੈੱਨਲ ਅਤੇ ਦੇਸ਼ ਉਹਨਾਂ ਨੂੰ ਅੱਤਵਾਦੀ ਕਹਿੰਦੇ ਸਨ ਉਹ ਹੁਣ ਆਪਣਾ ਸਟੈਂਡ ਬਦਲ ਕੇ ਉਹਨਾਂ ਨੂੰ ਤਾਲਿਬਾਨੀ ਲੜਾਕੂ ਕਹਿ ਰਹੇ ਹਨ। ਇਹ ਰਾਜ, ਤਾਕਤ ਅਤੇ ਸ਼ਕਤੀ ਦੇ ਹੀ ਕ੍ਰਿਸ਼ਮੇ ਹਨ।ਖ਼ਾਲਿਸਤਾਨ, ਸਿੱਖ ਰਾਜ, ਗੁਰੂਆਂ ਦਾ ਰਾਜ, ਧਰਮ ਦਾ ਰਾਜ, ਪੰਥ ਦਾ ਰਾਜ, ਨਿਮਾਣਿਆਂ-ਨਿਤਾਣਿਆਂ-ਲਤਾੜਿਆਂ ਦਾ ਰਾਜ, ਸਾਡਾ ਰਾਜ ਅਤੇ ਤੁਹਾਡਾ ਰਾਜ ਹੀ ਹੋਵੇਗਾ। ਇਸ ਰਾਜ ਦੇ ਸੁਪਨੇ ਲਵੋ, ਜਿਸ ਨੂੰ ਸੰਘਰਸ਼ ਕਰਕੇ ਅਸੀਂ ਹਕੀਕਤ ’ਚ ਬਦਲਾਂਗੇ ਤੇ ਖ਼ਾਲਿਸਤਾਨ ਦੁਨੀਆਂ ਦਾ ਸਰਵਉੱਤਮ ਰਾਜ ਅਤੇ ਖ਼ਾਲਸੇ ਦਾ ਦੇਸ਼ ਹੋਵੇਗਾ। - ਰਣਜੀਤ ਸਿੰਘ ਦਮਦਮੀ ਟਕਸਾਲ(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)ਮੋ : 88722-93883.………………………………………

Posted By: GURBHEJ SINGH ANANDPURI

Latest News

Loading…
Loading the web debug toolbar…
Attempt #