Nazrana Times

ਪੰਜਾਬੀ

ਕੈਨੇਡਾ ਦੇ ਸਰੀ ਸ਼ਹਿਰ ਦੀ ਸਭ ਤੋਂ ਛੋਟੀ ਉਮਰ ਦੀ ਕੌਂਸਲਰ ਬਣੀ 20 ਸਾਲਾ ਪੰਜਾਬੀ ਮੂਲ ਦੀ ਸੁਹਾਨਾ ਗਿੱਲ

04 Nov, 2026 02:45 PM

ਬਿੰਦਰ ਸਿੰਘ ਖੁੱਡੀ ਕਲਾਂ 
ਸਰੀ , 4 ਨਵੰਬਰ 
​: ਕੈਨੇਡਾ ਦੇ ਬ੍ਰਿਟਿਸ਼ ਕੌਲੰਬੀਆ ਸੂਬੇ ਵਿਚ ਪੰਜਾਬੀ ਭਾਈਚਾਰੇ ਲਈ ਉਸ ਵੇਲੇ ਵੱਡਾ ਇਤਿਹਾਸਕ ਮਾਣ ਵਾਲਾ ਪਲ ਸਾਹਮਣੇ ਆਇਆ, ਜਦੋਂ 20 ਸਾਲਾ ਪੰਜਾਬੀ ਮੂਲ ਦੀ ਸੁਹਾਨਾ ਗਿੱਲ ਨੇ ਸਰੀ ਸ਼ਹਿਰ ਦੀ ਸਭ ਤੋਂ ਛੋਟੀ ਉਮਰ ਦੀ ਸ਼ਹਿਰੀ ਕੌਂਸਲਰ ਵਜੋਂ ਸਹੁੰ ਚੁੱਕੀ। ਸੁਹਾਨਾ ਗਿੱਲ ਨੇ ਬੀਤੇ 2 ਨਵੰਬਰ ਨੂੰ ਅਹੁਦੇ ਦੀ ਸਹੁੰ ਚੁੱਕ ਕੇ ਮੇਅਰ ਡੱਗ ਮੈਕਕਲਮ ਦੀ ਅਗਵਾਈ ਵਾਲੀ ਨਵੀਂ ਸਰੀ ਸਿਟੀ ਕੌਂਸਲ ਵਿਚ ਰਸਮੀ ਤੌਰ 'ਤੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ।
​ ਜਾਣਕਾਰੀ ਮੁਤਾਬਕ ਸੁਹਾਨਾ ਗਿੱਲ ਦਾ ਜਨਮ ਅਤੇ ਪਾਲਣ-ਪੋਸ਼ਣ ਸਰੀ ਵਿਚ ਹੀ ਹੋਇਆ ਹੈ। ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਬੇਹੱਦ ਹੁਸ਼ਿਆਰ ਰਹੀ ਹੈ। ਜਿਸ ਦੇ ਚਲਦਿਆਂ ਉਸ ਨੇ ਮਹਿਜ਼ 15 ਸਾਲ ਦੀ ਉਮਰ ਵਿਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ। ਇਸ ਤੋਂ ਬਾਅਦ ਉਸ ਨੇ ਕਵਾਂਟਲਨ ਪੋਲੀਟੈਕਨਿਕ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿਚ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ 19 ਸਾਲ ਦੀ ਉਮਰ ਵਿਚ ਬੈਚੂਲਰ ਦੀ ਡਿਗਰੀ ਹਾਸਲ ਕਰ ਲਈ।
​ ਚੋਣ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਵੀ ਸੁਹਾਨਾ ਨੇ ਜਨਤਕ ਅਤੇ ਸਮਾਜਿਕ ਖੇਤਰਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ। ਉਹ ਯੂਥ ਐਡਵੋਕੇਸੀ ਅਤੇ ਕਈ ਭਾਈਚਾਰਕ ਪ੍ਰੋਜੈਕਟਾਂ ਵਿਚ ਲਗਾਤਾਰ ਸਰਗਰਮ ਰਹੀ। ਜਿਸ ਕਾਰਨ ਉਹ ਸਰੀ ਦੇ ਨੌਜਵਾਨਾਂ ਵਿਚ ਇਕ ਜਾਣਿਆ-ਪਛਾਣਿਆ ਚਿਹਰਾ ਬਣ ਗਈ। ਇਸ ਤੋਂ ਇਲਾਵਾ ਉਸ ਨੇ ਕੈਨੇਡਾ ਦੀ ਹਾਊਸ ਆਫ਼ ਕਾਮਨਜ਼ ਨਾਲ ਕੰਮ ਕਰਨ ਦਾ ਤਜਰਬਾ ਹਾਸਲ ਕੀਤਾ, ਸੀਬੀਸੀ ਨਿਊਜ਼ ਦੇ ਚਰਚਾ ਪੈਨਲਾਂ ਵਿਚ ਹਿੱਸਾ ਲਿਆ ਅਤੇ ਗੈਰ-ਲਾਭਕਾਰੀ ਸੰਸਥਾਵਾਂ ਵਿਚ ਵੀ ਸੇਵਾਵਾਂ ਦਿੱਤੀਆਂ। ਰਿਅਲ ਅਸਟੇਟ ਖੇਤਰ ਵਿਚ ਕੰਮ ਕਰਦਿਆਂ ਉਸ ਨੇ ਇਹ ਨਜ਼ਦੀਕ ਤੋਂ ਦੇਖਿਆ ਕਿ ਵਧਦੀਆਂ ਕੀਮਤਾਂ ਕਾਰਨ ਆਮ ਪਰਿਵਾਰਾਂ ਲਈ ਸਰੀ ਵਿਚ ਘਰ ਖਰੀਦਣਾ ਕਿੰਨਾ ਅਸੰਭਵ ਹੁੰਦਾ ਜਾ ਰਿਹਾ ਹੈ।
​ ਸੁਹਾਨਾ ਗਿੱਲ ਨੇ 17 ਅਕਤੂਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਵਿਚ ਮੇਅਰ ਡੱਗ ਮੈਕਕਲਮ ਦੀ ਅਗਵਾਈ ਵਾਲੀ 'ਸੇਫ ਸਰੀ ਕੋਏਲਿਸ਼ਨ' ਪਾਰਟੀ ਦੇ ਉਮੀਦਵਾਰ ਵਜੋਂ ਸ਼ਾਨਦਾਰ ਜਿੱਤ ਦਰਜ ਕੀਤੀ। ਉਸ ਦੀ ਚੋਣ ਮੁਹਿੰਮ ਮੁੱਖ ਤੌਰ 'ਤੇ ਸਸਤੇ ਮਕਾਨਾਂ ਦੀ ਉਪਲਬਧਤਾ, ਬੁਨਿਆਦੀ ਢਾਂਚੇ ਦਾ ਵਿਕਾਸ, ਜਨਤਕ ਸੁਰੱਖਿਆ, ਬਿਹਤਰ ਟਰਾਂਸਪੋਰਟ ਪ੍ਰਣਾਲੀ ਅਤੇ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਰਗੇ ਗੰਭੀਰ ਮੁੱਦਿਆਂ 'ਤੇ ਆਧਾਰਿਤ ਸੀ।ਆਪਣੇ ਵਿਚਾਰ ਸਾਂਝੇ ਕਰਦਿਆਂ ਸੁਹਾਨਾ ਨੇ ਕਿਹਾ ਕਿ ਸਰੀ ਵਰਗੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਵਿਚ ਕੌਂਸਲ ਨੂੰ ਵਿਦਿਆਰਥੀਆਂ, ਨੌਜਵਾਨਾਂ ਅਤੇ ਨਵੇਂ ਪਰਿਵਾਰਾਂ ਦੀਆਂ ਲੋੜਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਸ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਸਿਰਫ਼ ਭਵਿੱਖ ਦੇ ਵੋਟਰਾਂ ਵਜੋਂ ਦੇਖਣ ਦੀ ਬਜਾਏ, ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਫੈਸਲਿਆਂ ਵਿਚ ਬਰਾਬਰ ਦਾ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ ਹੈ। ਸ਼ਹਿਰ ਦੇ ਵਿਕਾਸ ਅਤੇ ਬਦਲਾਅ ਨੂੰ ਅੱਖੀਂ ਵੇਖਣ ਵਾਲੀ ਸੁਹਾਨਾ ਦਾ ਦਾਅਵਾ ਹੈ ਕਿ ਉਹ ਸ਼ਹਿਰੀ ਪ੍ਰਸ਼ਾਸਨ ਵਿਚ ਇਕ ਨਵਾਂ, ਤਾਜ਼ਾ ਅਤੇ ਬਿਨਾਂ ਪੱਖਪਾਤ ਵਾਲਾ ਦ੍ਰਿਸ਼ਟੀਕੋਣ ਲੈ ਕੇ ਆਵੇਗੀ।

Posted By: Binder Singh Kuddi Kalan

Latest News