Nazrana Times

ਪੰਜਾਬੀ

ਮੁੱਖ ਮੰਤਰੀ ਮਰਯਮ ਨਵਾਜ਼ ਦੀਆਂ ਹਦਾਇਤਾਂ ’ਤੇ ਪੰਜਾਬ ਭਰ ਵਿੱਚ 12 ਦਿਨਾਂ ਦੇ ਕ੍ਰਿਸਮਸ ਸਮਾਰੋਹ ਜਾਰੀ

17 Dec, 2025 06:22 AM

ਸੂਬਾਈ ਵਜ਼ੀਰ ਰਮੇਸ਼ ਸਿੰਘ ਅਰੋੜਾ ਨੇ ਯੂਹੰਨਾਬਾਦ ਵਿੱਚ ਅਨਾਥ ਬੱਚਿਆਂ ਨਾਲ ਕ੍ਰਿਸਮਸ ਮਨਾਇਆ, ਤੋਹਫ਼ੇ ਵੰਡੇ
ਅਲੀ ਇਮਰਾਨ ਚੱਠਾ ਲਾਹੌਰ, 16 ਦਸੰਬਰ (ਨਜ਼ਰਾਨਾ ਟਾਈਮਜ਼):
 

ਮੁੱਖ ਮੰਤਰੀ ਪੰਜਾਬ ਮਰਯਮ ਨਵਾਜ਼ ਦੀਆਂ ਖ਼ਾਸ ਹਦਾਇਤਾਂ ’ਤੇ ਹਿਊਮਨ ਰਾਈਟਸ ਐਂਡ ਮਾਈਨੋਰਿਟੀ ਅਫੇਅਰਜ਼ ਡਿਪਾਰਟਮੈਂਟ ਦੀ ਸਰਪਰਸਤੀ ਹੇਠ ਪੰਜਾਬ ਭਰ ਵਿੱਚ 12 ਦਿਨਾਂ ਦੇ ਕ੍ਰਿਸਮਸ ਸਮਾਰੋਹ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸ ਸਿਲਸਿਲੇ ਵਿੱਚ ਸੂਬਾਈ ਵਜ਼ੀਰ ਬਰਾਇ ਘੱਟ ਗਿਣਤੀ ਮਾਮਲੇ ਰਮੇਸ਼ ਸਿੰਘ ਅਰੋੜਾ ਨੇ ਯੂਹੰਨਾਬਾਦ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਅਨਾਥ ਬੱਚਿਆਂ ਨਾਲ ਮਿਲ ਕੇ ਕ੍ਰਿਸਮਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਮੌਕੇ ’ਤੇ ਇੱਕ ਰੰਗਾਰੰਗ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸੂਬਾਈ ਵਜ਼ੀਰ ਨੇ ਅਨਾਥ ਬੱਚਿਆਂ ਵਿੱਚ ਕ੍ਰਿਸਮਸ ਤੋਹਫ਼ੇ ਵੰਡੇ ਅਤੇ ਉਨ੍ਹਾਂ ਲਈ ਸੁਆਦਲੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਕ੍ਰਿਸਮਸ ਸਿਰਫ਼ ਇੱਕ ਧਾਰਮਿਕ ਤਿਉਹਾਰ ਨਹੀਂ, ਸਗੋਂ ਮਨੁੱਖਤਾ ਨਾਲ ਪ੍ਰੇਮ ਦਾ ਸੰਦੇਸ਼ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਖ਼ਾਸ ਤੌਰ ’ਤੇ ਹਦਾਇਤ ਦਿੱਤੀ ਹੈ ਕਿ ਇਹ ਤਿਉਹਾਰ ਅਨਾਥ ਅਤੇ ਮਾਸੂਮ ਬੱਚਿਆਂ ਨਾਲ ਖੁਸ਼ੀ-ਖੁਸ਼ੀ ਮਨਾਇਆ ਜਾਵੇ।
ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰਾ ਪੰਜਾਬ ਦੀ ਤਰੱਕੀ ਵਿੱਚ ਬਰਾਬਰ ਦਾ ਸਾਥੀ ਹੈ ਅਤੇ ਮੁੱਖ ਮੰਤਰੀ ਮਰਯਮ ਨਵਾਜ਼ ਦੀ ਅਗਵਾਈ ਹੇਠ ਘੱਟ ਗਿਣਤੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਅਮਲੀ ਕਦਮਾਂ ’ਤੇ ਯਕੀਨ ਰੱਖਦੀ ਹੈ ਅਤੇ ਇਸ ਸਬੰਧ ਵਿੱਚ ਇਤਿਹਾਸਕ ਪਹਲਾਂ ਕੀਤੀਆਂ ਗਈਆਂ ਹਨ।
ਸੂਬਾਈ ਵਜ਼ੀਰ ਨੇ ਕਿਹਾ ਕਿ ਮਾਈਨੋਰਿਟੀ ਕਾਰਡਾਂ ਵਿੱਚ ਵਾਧਾ ਇਸਾਈ ਭਾਈਚਾਰੇ ਲਈ ਇੱਕ ਅਮਲੀ ਤੋਹਫ਼ਾ ਹੈ ਅਤੇ ਸਰਕਾਰ ਸਿੱਖਿਆ ਸੰਸਥਾਵਾਂ, ਵੱਖ-ਵੱਖ ਗਿਰਜਾਘਰਾਂ ਅਤੇ ਭਾਈਚਾਰੇ ਨਾਲ ਮਿਲ ਕੇ ਕਈ ਹੋਰ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਘੱਟ ਗਿਣਤੀ ਧਾਰਮਿਕ ਤਿਉਹਾਰ ਸਰਕਾਰੀ ਪੱਧਰ ’ਤੇ ਮਨਾਏ ਜਾ ਰਹੇ ਹਨ ਅਤੇ 12 ਦਿਨਾਂ ਦੇ ਕ੍ਰਿਸਮਸ ਸਮਾਰੋਹ ਪੰਜਾਬ ਭਰ ਵਿੱਚ ਜਾਰੀ ਰਹਿਣਗੇ।

Posted By: Ali Imran Chattha

Latest News

Loading…
Loading the web debug toolbar…
Attempt #