Nazrana Times

ਪੰਜਾਬੀ

ਕਣਕ ਖਰੀਦ ਵਿੱਚ ਪੰਜਾਬ ਨੂੰ ਕੇਂਦਰ ਵੱਲੋਂ ਛੋਟ, ਰੇਲ ਰੋਕੋ ਅੰਦੋਲਨ ਕੀਤਾ ਮੁਲਤਵੀ

17 Apr, 2026 07:47 PM

ਕੇ ਐੱਮ ਐੱਮ ਦੇ ਸੱਦੇ ਤੇ ਮੁੱਖ ਮੰਤਰੀ ਨੂੰ ਸਵਾਲ ਕਰਨ ਪਹੁੰਚੇ ਹਜ਼ਾਰਾਂ ਲੋਕ ਜਵਾਬ ਦੇਣ ਤੋਂ ਭੱਜੇ ਭਗਵੰਤ ਮਾਨ 
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀਆਂ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਦੀਆਂ 5 ਜਥੇਬੰਦੀਆਂ ਵੱਲੋਂ ਕਣਕ ਦੀ ਖਰੀਦ ਚ ਆ ਰਹੀ ਮੁਸ਼ਕਿਲ ਦੇ ਸਬੰਧ ਵਿੱਚ ਐਲਾਨੇ ਗਏ ਅਤੇ ਏ. ਕੇ. ਐਮ ਵੱਲੋਂ ਹਮਾਇਤ ਪ੍ਰਾਪਤ ਰੇਲ ਰੋਕੋ ਮੋਰਚੇ ਨੂੰ, ਸਰਕਾਰ ਵੱਲੋਂ ਸਮਾਂ ਮੰਗੇ ਜਾਣ ਮਗਰੋਂ, ਸਰਕਾਰ ਨਾਲ ਲੰਮੀ ਚੱਲੀ ਗੱਲਬਾਤ ਅਤੇ ਪੰਜਾਬ ਸਰਕਾਰ ਅਤੇ ਐਫਸੀਆਈ ਵੱਲੋਂ ਕੇਂਦਰ ਸਰਕਾਰ ਨੂੰ ਕਣਕ ਖਰੀਦ ਵਿੱਚ ਛੋਟ ਦੇਣ ਲਈ ਚਿੱਠੀ ਭੇਜੇ ਜਾਣ ਦੇ ਮੱਦੇਨਜ਼ਰ, ਸਾਰੇ ਕਿਸਾਨ ਆਗੂਆਂ ਨੇ ਜੂਮ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਅੱਜ ਦਾ ਰੇਲ ਰੋਕੋ ਪ੍ਰੋਗਰਾਮ ਤਿੰਨ ਦਿਨਾਂ ਲਈ ਮੁਲਤਵੀ ਕੀਤਾ ਗਿਆ। ਆਗੂਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਦਬਾਅ ਕਾਰਨ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਵਿੱਚ ਛੋਟਾਂ ਦਾ ਐਲਾਨ ਕੀਤਾ ਹੈ, ਜਿਸ ਅਧੀਨ ਲਸਟਰ ਲਾਸ (ਚਮਕ ਘਟਣ) ਦੀ ਹੱਦ 70% ਤੱਕ ਕਰ ਦਿੱਤੀ ਗਈ ਹੈ ਸੁੰਗੜੇ ਅਤੇ ਟੁੱਟੇ ਦਾਣਿਆਂ ਦੀ ਹੱਦ 6% ਤੋਂ ਵਧਾ ਕੇ 15% ਕਰ ਦਿੱਤੀ ਗਈ ਹੈ, ਨੁਕਸਾਨੀ ਅਤੇ ਹਲਕਾ ਨੁਕਸਾਨੀ ਦਾਣਿਆਂ ਦੀ ਕੁੱਲ ਹੱਦ 6% ਰੱਖੀ ਗਈ ਹੈ ਜਿਸ ਅਧੀਨ ਹੁਣ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਵੇਗੀ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਮੰਡੀਆਂ ਵਿੱਚ ਪੂਰਾ ਅਮਲਾ ਤਾਇਨਾਤ ਕਰੇ ਅਤੇ ਪਿਛਲੇ 17 ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਜਲਦ ਤੋਂ ਜਲਦ ਪ੍ਰੇਸ਼ਾਨੀ ਖਤਮ ਕੀਤੀ ਜਾਵੇ ਅਤੇ ਕਿਸਾਨਾਂ ਦੀ 48 ਘੰਟਿਆਂ ਦੇ ਅੰਦਰ ਅੰਦਰ ਪੇਮੈਂਟ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਵੱਡੀ ਜਿੱਤ ਹੈ। ਜੇਕਰ ਅੰਦੋਲਨ ਦਾ ਦਬਾਅ ਨਾ ਹੁੰਦਾ ਤਾਂ ਨਾ ਪੰਜਾਬ ਸਰਕਾਰ ਕੇਂਦਰ ਨੂੰ ਚਿੱਠੀ ਲਿਖਦੀ ਅਤੇ ਨਾ ਹੀ ਕੇਂਦਰ ਸਰਕਾਰ ਛੋਟ ਦਿੰਦੀ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ‘ਤੇ ਅੱਜ ਅੰਮ੍ਰਿਤਸਰ (ਅਟਾਰੀ) ਵਿਖੇ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਆਪਣੇ ਸਵਾਲ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀ ਡੀਆਈਜੀ ਸੰਦੀਪ ਗੋਇਲ ਵੱਲੋਂ ਬੇਵਜ੍ਹਾ ਤਣਾਅ ਪੈਦਾ ਕੀਤਾ ਗਿਆ ਅਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨਾਲ ਧੱਕਾ ਮੁੱਕੀ ਕੀਤੀ ਗਈ। ਪਰ ਕਿਸਾਨ ਆਗੂਆਂ ਨੇ ਸੰਜਮ ਰੱਖਦਿਆਂ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੋਂ ਬਚਾਅ ਕੀਤਾ। ਕਿਸਾਨ ਆਗੂਆਂ ਨੇ ਅੱਜ ਦੇ ਇੱਕਠ ਵਿੱਚ ਪਹੁੰਚੇ ਹਜ਼ਾਰਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਨੇ ਕਣਕ ਦੀ ਰੁੱਤ ਦੇ ਬਾਵਜੂਦ ਸੰਘਰਸ਼ ਵਿੱਚ ਵੱਡੀ ਹਾਜ਼ਰੀ ਲਗਾ ਕੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਕੇਂਦਰ ਨਾਲ ਮਿਲ ਕੇ ਕਿਉਂ ਪੁੱਟਿਆ ਗਿਆ ਅਤੇ ਉਥੇ ਹੋਏ ਨੁਕਸਾਨ ਦੀ ਰਹਿੰਦੀ ਕਰੀਬ 77 ਲੱਖ ਰੁਪਏ ਦੀ ਭਰਪਾਈ ਤੁਰੰਤ ਕੀਤੀ ਜਾਵੇ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਕਿਸਾਨਾਂ-ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਕਰਦੀਆਂ ਤਾਂ ਕਣਕ ਦੀ ਵਾਢੀ ਤੋਂ ਬਾਅਦ ਪੰਜਾਬ ਵਿੱਚ ਵੱਡੇ ਅੰਦੋਲਨ ਕੀਤੇ ਜਾਣਗੇ। ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਸੰਦੀਪ ਗੋਇਲ ਵਰਗੇ ਅਫ਼ਸਰ ਆਪਣਾ ਆਚਾਰ ਵਿਹਾਰ ਦਰੁਸਤ ਨਹੀਂ ਕਰਦੇ ਤਾਂ ਇਸ ਬਾਬਤ ਵੀ ਸੰਘਰਸ਼ ਲਈ ਫੈਸਲਾ ਕੀਤਾ ਜਾਵੇਗਾ।

Posted By: GURBHEJ SINGH ANANDPURI

Latest News