Nazrana Times

ਪੰਜਾਬੀ

ਭਿੰਦੇ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਮੈਦਾਨ ਵਿੱਚ,ਪਰਿਵਾਰ ਨੂੰ ਦਿੱਤਾ ਭਰੋਸਾ

04 Jun, 2026 04:24 PM

ਕਪੂਰਥਲਾ 4 ਜੂਨ ਗੌਰਵ ਮੜੀਆ 
ਅੱਜ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾਂ ਵਿਖੇ ਅੰਗਰੇਜ਼ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਕੌਮੀ ਜਨਰਲ ਸਕੱਤਰ ਦਲਜੀਤ ਸਿੰਘ ਦਾਨੇਵਾਲ,ਜਨਰਲ ਸਕੱਤਰ ਸੁੱਖ ਮੱਲ੍ਹੀ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕਾਲਾ ਬੀਬੜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਰਿਵਾਰ ਵੱਲੋਂ ਆਪਣੇ ਭਰਾ ਭਿੰਦਾ ਨਾਲ ਵਾਪਰੀ ਘਟਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਤਪੁਰ ਦੇ ਇੱਕ ਕਥਿਤ ਇਮੀਗ੍ਰੇਸ਼ਨ ਏਜੰਟ ਅਵਤਾਰ ਸਿੰਘ ਹੈਪੀ ਨੇ ਕੈਨੇਡਾ ਭੇਜਣ ਦੇ ਨਾਮ 'ਤੇ ਉਨ੍ਹਾਂ ਤੋਂ ਕਰੀਬ 25 ਲੱਖ ਰੁਪਏ ਲਏ ਅਤੇ ਕਥਿਤ ਤੌਰ 'ਤੇ ਕੈਨੇਡਾ ਦਾ ਜਾਹਲੀ ਵੀਜ਼ਾ ਮੁਹੱਈਆ ਕਰਵਾਇਆ। ਜਦੋਂ ਭਿੰਦਾ ਦਿੱਲੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਫਲਾਈਟ ਫੜਨ ਲੱਗਾ ਤਾਂ ਦਿੱਲੀ ਸਪੈਸ਼ਲ ਸੈੱਲ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਤਿਹਾੜ ਜੇਲ ਭੇਜ ਦਿੱਤਾ।
ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਕਥਿਤ ਏਜੰਟ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਨਾ ਹੀ ਪਰਿਵਾਰ ਨੂੰ ਇਨਸਾਫ ਮਿਲ ਸਕਿਆ ਹੈ। ਇਸ ਕਾਰਨ ਪਰਿਵਾਰ ਭਾਰੀ ਮਾਨਸਿਕ ਅਤੇ ਆਰਥਿਕ ਤਣਾਅ ਦਾ ਸਾਹਮਣਾ ਕਰ ਰਿਹਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਆਗੂਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਥੇਬੰਦੀ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੜੇਗੀ। ਆਗੂਆਂ ਨੇ ਕਿਹਾ ਕਿ ਭਿੰਦੇ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਕੇ ਜਲਦ ਤੋਂ ਜਲਦ ਰਿਹਾਈ ਦਿਵਾਉਣ ਲਈ ਯਤਨ ਕੀਤੇ ਜਾਣਗੇ। ਇਸ ਦੇ ਨਾਲ ਹੀ ਕਥਿਤ ਦੋਸ਼ੀ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਅਤੇ ਪਰਿਵਾਰ ਦੇ 25 ਲੱਖ ਰੁਪਏ ਵਾਪਸ ਦਿਵਾਉਣ ਲਈ ਵੀ ਸੰਘਰਸ਼ ਕੀਤਾ ਜਾਵੇਗਾ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀਆਂ ਕਰਨ ਵਾਲੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਅਜਿਹੇ ਮਾਮਲਿਆਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਪਰਿਵਾਰ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਨਾ ਬਣਨ।

Posted By: GURBHEJ SINGH ANANDPURI

Latest News