Alert: ਅੰਮ੍ਰਿਤਸਰ ਕੱਲ੍ਹ 4 ਵਜੇ ਵੱਜਣਗੇ ਖ਼ਤਰੇ ਦੇ ਘੁੱਗੂ, ਰਾਤ 10 ਵਜੇ ਹੋਵੇਗਾ Blackout
ਅੰਮ੍ਰਿਤਸਰ- 6 ਮਈ, ਨਜ਼ਰਾਨਾ ਟਾਈਮਜ ਬਿਊਰੋ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇ ਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੱਲ੍ਹ ਸ਼ਾਮ 4 ਵਜੇ ਸਾਇਰਨ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ 'ਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜ਼ਮੀਨ ਦੋਜ ਬੰਕਰ 'ਤੇ ਪਹੁੰਚ ਜਾਣ, ਜੇਕਰ ਉਨ੍ਹਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰਖ਼ਤ ਦੇ ਹੇਠਾਂ ਜਾਂ ਖੁੱਲੇ 'ਚ ਲੰਮੇ ਪੈ ਜਾਣ ।
ਉਨ੍ਹਾਂ ਕਿਹਾ ਲੋਕ ਇਮਾਰਤਾਂ 'ਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ। ਇਸੇ ਦੌਰਾਨ ਉਹ ਆਪਣੀ ਗੈਸ ਅਤੇ ਬਿਜਲੀ ਦੇ ਕਨੈਕਸ਼ਨ ਬੰਦ ਕਰਨ ਅਤੇ ਆਪਣੀ ਲੋੜ ਅਨੁਸਾਰ ਪੀਣ ਵਾਲਾ ਪਾਣੀ 'ਤੇ ਭੋਜਨ ਸਟੋਰ ਰੱਖਣ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਤੋਂ ਚਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ। ਉਨ੍ਹਾਂ ਨੇ ਦੱਸਿਆ ਕਿ ਇਹ ਸਾਇਰਨ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ।
Posted By: GURBHEJ SINGH ANANDPURI