ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਝੂਠੀ ਖ਼ਬਰ ਫੈਲਾਉਣ ਵਾਲੇ ਸ਼ਰਾਰਤੀ ਅਨਸਰ ਬਾਜ ਆਉਣ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 25 ਸਤੰਬਰ ( ਨਜ਼ਰਾਨਾ ਟਾਈਮਜ ਬਿਊਰੋ )
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਪੋਸਟ ਪਾ ਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ। ਕਿਸੇ ਪੰਥ ਦੋਖੀ ਵੱਲੋਂ ਭਾਈ ਰਣਧੀਰ ਸਿੰਘ ਧਨੌਲਾ ਦੇ ਅਕਾਲ ਚਲਾਣਾ ਕੀਤੇ ਮਾਤਾ ਜੀ ਦੀ ਫ਼ੋਟੋ ਪੋਸਟ ਕਰਕੇ ਲਿਖ ਦਿੱਤਾ ਕਿ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਹਨ ਤੇ ਉਹ ਚੜ੍ਹਾਈ ਕਰ ਗਏ ਹਨ। ਇਸ ਫੇਕ ਖ਼ਬਰ ਨੂੰ ਵੇਖਦਿਆਂ ਸਾਰ ਹੀ ਬਿਨਾਂ ਕੋਈ ਤਸਦੀਕ-ਪੜਤਾਲ ਕੀਤੇ ਅਤੇ ਸੱਚ ਜਾਣੇ ਬਿਨਾਂ ਹੀ ਅਨੇਕਾਂ ਲੋਕਾਂ ਨੇ ਅਨਜਾਣੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀਆਂ ਪੋਸਟਾਂ ਲਿਖ-ਲਿਖ ਕੇ ਅਪਲੋਡ ਕਰ ਦਿੱਤੀਆਂ। ਇਸ ਅਫ਼ਵਾਹ ਨਾਲ ਸੰਗਤਾਂ ਵਿੱਚ ਦੁਚਿੱਤੀ ਫੈਲ ਗਈ। ਜਦੋਂ ਅਸੀਂ ਫੋਨ ਕਰਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਕਰੀਬੀਆਂ ਅਤੇ ਪਿੰਡ ਵਾਸੀਆਂ ਪਾਸੋਂ ਇਹ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮਾਤਾ ਜੀ ਠੀਕ-ਠਾਕ ਹਨ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮਾਤਾ ਜੀ ਵਿਦੇਸ਼ ਤੋਂ ਵਾਪਸ ਪਰਤੇ ਹਨ ਤੇ ਉਹ ਆਪਣੇ ਘਰ ਹਵਾਰਾ ਕਲਾਂ ਵਿੱਚ ਹਨ, ਵੈਸੇ ਮਾਤਾ ਜੀ ਦੀ ਸਿਹਤ ਢਿੱਲੀ ਹੈ ਤੇ ਉਹ ਕਾਫ਼ੀ ਬਜ਼ੁਰਗ ਹੋ ਚੁੱਕੇ ਹਨ ਤੇ ਉਹਨਾਂ ਦੀ ਇੱਛਾ ਹੈ ਕਿ ਉਹ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਆਪਣੇ ਪੁੱਤਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਖੁੱਲ੍ਹ ਕੇ ਮਿਲ ਸਕਣ ਤੇ ਗੱਲਾਂਬਾਤਾਂ ਕਰ ਸਕਣ। ਭਾਈ ਹਵਾਰਾ ਦੇ ਮਾਤਾ ਜੀ ਆਪਣੇ ਪੁੱਤਰ ਨੂੰ ਮਿਲਣ ਲਈ ਤੜਫ ਰਹੇ ਹਨ ਪਰ ਭਾਰਤ ਸਰਕਾਰ ਦੀ ਨੀਤੀ ਸਿੱਖਾਂ ਵਿਰੁੱਧ ਹੈ, ਜਿਸ ਕਰਕੇ ਆਪਣੇ ਪੁੱਤ ਨਾਲ ਇੱਕ ਮਾਂ ਦਾ ਮਿਲਾਪ ਨਹੀਂ ਹੋ ਰਿਹਾ। ਮਾਤਾ ਜੀ ਯੂ ਐਸ ਏ ਤੋਂ ਆਏ ਹਨ ਤੇ ਸਰੀਰਿਕ ਤੌਰ 'ਤੇ ਬਹੁਤ ਕਮਜ਼ੋਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜਥੇਦਾਰ ਹਵਾਰਾ ਨੂੰ ਥੋੜੇ ਦਿਨਾਂ ਦੀ ਤੁਰੰਤ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਮਾਤਾ ਜੀ ਨਾਲ ਸਮਾਂ ਬਿਤਾ ਸਕਣ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮਾਤਾ ਜੀ ਦੇ ਅਕਾਲ ਚਲਾਣੇ ਦੀ ਝੂਠੀ ਖਬਰ ਪਾ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਸਿੱਖ ਕੌਮ ਨੂੰ ਪੀੜ, ਸੰਤਾਪ ਅਤੇ ਦੁੱਖ ਦੇਣਾ ਚਾਹਿਆ ਹੈ। ਉਹਨਾਂ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਹਨ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਿਆ ਹੈ ਅਤੇ ਜ਼ਾਲਮ ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਨੂੰ ਸੋਧ ਕੇ ਕਾਂਗਰਸ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ ਤੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੋਣੋਂ ਰੋਕੀ ਸੀ। ਭਾਈ ਹਵਾਰਾ ਪਿਛਲੇ 30 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ, ਭਾਰਤੀ ਹਕੂਮਤ ਵੱਲੋਂ ਉਹਨਾਂ ਨੂੰ ਪੈਰੋਲ ਨਾ ਦੇਣਾ ਅਤੇ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਰਿਹਾਅ ਨਾ ਕਰਨਾ ਇਹ ਸਿੱਖਾਂ ਦੇ ਮਨੁੱਖੀ ਹੱਕਾਂ ਉੱਤੇ ਡਾਕਾ ਹੈ। ਭਾਈ ਹਵਾਰਾ ਦੀ ਕੁਰਬਾਨੀ, ਸੇਵਾ ਅਤੇ ਦ੍ਰਿੜਤਾ ਕਰਕੇ 10 ਨਵੰਬਰ 2015 ਨੂੰ ਸਰਬੱਤ ਖਾਲਸਾ ਦੌਰਾਨ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਗਿਆ ਸੀ। ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਅਰਦਾਸ ਕੀਤੀ ਜਾਵੇ, ਅਨੇਕਾਂ ਜਥੇਬੰਦੀਆਂ ਦੇ ਆਗੂ ਅਤੇ ਸੰਗਤਾਂ ਜੋ ਮਾਤਾ ਜੀ ਨੂੰ ਘਰ ਆ ਕੇ ਮਿਲ ਰਹੇ ਹਨ ਅਤੇ ਸਤਿਕਾਰ ਭੇਟ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਮਾਤਾ ਜੀ ਦੇ ਅਕਾਲ ਚਲਾਣੇ ਦੀਆਂ ਝੂਠੀਆਂ ਅਫ਼ਵਾਹਾਂ ਅਤੇ ਫੇਕ ਖਬਰਾਂ ਚਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਅਤੇ ਚੈਨਲ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਇਹਨਾਂ ਨੂੰ ਖਾਲਸਾ ਪੰਥ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ।
Posted By: GURBHEJ SINGH ANANDPURI