Nazrana Times

ਪੰਜਾਬੀ

ਵਲਟੋਹਾ ਵਿਖੇ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਜੋੜ ਮੇਲੇ ਨਾਲ ਸੰਬੰਧਿਤ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ

07 Jun, 2025 06:25 PM

ਸਰਪੰਚ ਦਲਜੀਤ ਸਿੰਘ ਮੰਡ ਵੱਲੋਂ ਪ੍ਰਬੰਧਕ ਕਮੇਟੀ ਨੂੰ ਨਗਦ ਰਾਸ਼ੀ ਭੇਂਟ

ਤਰਨਤਾਰਨ ਗੁਰਮੀਤ ਸਿੰਘ ਵਲਟੋਹਾ 

 ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਇਤਿਹਾਸਕ ਪਿੰਡ ਵਲਟੋਹਾ ਵਿਖੇ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 9 ਅਤੇ 10 ਜੂਨ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਵਲਟੋਹਾ ਦੇ ਖੇਡ ਮੈਦਾਨ ਵਿਖੇ 5 ਤੋਂ 8 ਜੂਨ ਤੱਕ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਇਲਾਕੇ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।ਇਸ ਟੂਰਨਾਮੈਂਟ ਦੇ ਸੰਬੰਧ ਵਿੱਚ ਪਿੰਡ ਵਲਟੋਹਾ ਖੁਰਦ ਦੇ ਸਰਪੰਚ ਸ. ਦਲਜੀਤ ਸਿੰਘ ਮੰਡ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਪ੍ਰਬੰਧਕ ਕਮੇਟੀ ਨੂੰ ਨਗਦ ਰਾਸ਼ੀ ਭੇਟ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਦਲਜੀਤ ਸਿੰਘ ਮੰਡ ਨੇ ਕਿਹਾ ਕਿ ਪਿੰਡ ਵਲਟੋਹਾ, ਜੋ ਬਾਬਾ ਭਾਈ ਝਾੜੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਹੈ, ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਨੇ ਇਸ ਕ੍ਰਿਕਟ ਟੂਰਨਾਮੈਂਟ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ।ਇਸ ਮੌਕੇ ਸ. ਤਲਵਿੰਦਰ ਸਿੰਘ, ਡਾਕਟਰ ਗੁਰਭੇਜ ਸਿੰਘ, ਹਰਮਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਹ ਟੂਰਨਾਮੈਂਟ ਨਾ ਸਿਰਫ਼ ਖੇਡ ਪ੍ਰੇਮੀਆਂ ਲਈ ਇੱਕ ਵੱਡਾ ਮੌਕਾ ਹੈ, ਸਗੋਂ ਇਲਾਕੇ ਦੇ ਨੌਜਵਾਨਾਂ ਵਿੱਚ ਖੇਡ ਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਵੀ ਸਾਧਨ ਬਣੇਗਾ।


Posted By: Gurmeet Singh Valtoha

Latest News

Loading…
Loading the web debug toolbar…
Attempt #