ਕੌਮੀ ਯੋਧੇ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਅਤੇ ਸਾਥੀਆਂ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ 11 ਨੂੰ : ਪੰਥਕ ਆਗੂ
ਅੰਮ੍ਰਿਤਸਰ, 6 ਮਈ (ਚਰਨਜੀਤ ਸਿੰਘ): ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫ਼ਟੀਨੈਂਟ ਜਨਰਲ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਅਤੇ ਉਹਨਾਂ ਦੇ ਸਾਥੀਆਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਧੂੜਕੋਟ, ਸ਼ਹੀਦ ਭਾਈ ਮਨੋਹਰ ਸਿੰਘ ਧੀਰਾ, ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ, ਸ਼ਹੀਦ ਭਾਈ ਅਜਮੇਰ ਸਿੰਘ ਲੋਧੀਵਾਲ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਬੰਤ ਦਾ ਸ਼ਹੀਦੀ ਦਿਹਾੜਾ ਗੁ. ਬੁੱਢਾ ਪੱਤੀ, ਪਿੰਡ ਤਖਾਣਵੱਧ, ਜ਼ਿਲ੍ਹਾ ਮੋਗਾ ਵਿਖੇ 11 ਮਈ ਨੂੰ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਦੇ ਭਰਾ ਭਾਈ ਅਮਰਜੀਤ ਸਿੰਘ, ਸ਼ਹੀਦ ਭਾਈ ਬਲਦੇਵ ਸਿੰਘ ਧੂੜਕੋਟ ਦੇ ਸਪੁੱਤਰ ਭਾਈ ਨਵਦੀਪ ਸਿੰਘ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਦੱਸਿਆ ਕਿ ਭੋਗ ਤੋਂ ਬਾਅਦ ਰਾਗੀ, ਢਾਡੀ ਅਤੇ ਕਵੀਸ਼ਰ ਜੱਥਿਆਂ ਵੱਲੋਂ ਸੰਗਤਾਂ ਨੂੰ ਹਰ ਜੱਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਏਗਾ। ਫਿਰ ਪੰਥਕ ਜਥੇਬੰਦੀਆਂ ਦੇ ਆਗੂ ਸਿੱਖ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਹੋਵੇਗਾ। ਗਿਆਨੀ ਹਰਜਿੰਦਰ ਸਿੰਘ ਕਥਾਵਾਚਕ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਦਾ ਕਵੀਸ਼ਰੀ ਜਥਾ ਵਿਸ਼ੇਸ਼ ਤੌਰ 'ਤੇ ਹਾਜਰੀ ਭਰੇਗਾ। ਪੰਥਕ ਆਗੂਆਂ ਨੇ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।
ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਭਾਈ ਦਰਸ਼ਨ ਸਿੰਘ ਤਖਾਣਵੱਧ ਜੋ ਕੌਮੀ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਸਾਥੀ ਸਨ, ਉਹਨਾਂ ਨੇ ਬੁੱਚੜ ਮਿੱਤੂ ਥਾਣੇਦਾਰ ਨੂੰ ਸੋਧਿਆ, ਪਟਿਆਲੇ ਵਿੱਚ ਦੋ ਵੱਡੇ ਪੁਲਿਸ ਅਫ਼ਸਰਾਂ ਨੂੰ ਸੋਧਿਆ ਜੋ ਐਕਸ਼ਨ ਮਿਸ਼ਨ ਟਰੈਕਸੂਟ ਦੇ ਨਾਲ ਮਸ਼ਹੂਰ ਹੋਇਆ, ਇਸੇ ਤਰ੍ਹਾਂ ਆਰ ਐਸ ਐਸ ਦੇ ਕਈ ਵਰਕਰਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਭਾਈ ਦਰਸ਼ਨ ਸਿੰਘ ਨੇ ਕਈ ਹੋਰ ਵੀ ਜੁਝਾਰੂ ਕਾਰਨਾਮੇ ਕੀਤੇ। ਉਹਨਾਂ ਦੱਸਿਆ ਕਿ 11 ਮਈ 1989 ਨੂੰ ਪਿੰਡ ਕਾਉਂਕੇ ਕਲਾ ਵਿਖੇ ਭਾਈ ਦਰਸ਼ਨ ਸਿੰਘ ਤਖਾਣਵੱਧ ਜੋ ਭਾਰਤੀ ਫੋਰਸਾਂ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ।
Posted By: GURBHEJ SINGH ANANDPURI