ਨਿਖਲ ਗੁਪਤਾ ਦਾ ਕਬੂਲ-ਨਾਮਾ,ਬਦਲ ਰਹੇ ਸਮੀਕਰਨ
- ਸੰਪਾਦਕੀ
- 20 Feb, 2026 08:06 PM (Asia/Kolkata)
ਰਾਜਨੀਤ ਦੀ ਖੇਡ ਵੀ ਛੇਤੀ ਕੀਤਿਆਂ ਆਮ ਬੰਦੇ ਦੇ ਸਮਝ ਦੇ ਵਿੱਚ ਨਹੀ ਆਉਂਦੀ,ਪਰ ਜਿਹੜੇ ਮਾਮਲਿਆਂ ਵਿੱਚ ਰਾਜਨੀਤੀ ਅਤੇ ਕੂਟਨੀਤੀ ਇੱਕ ਜੁੱਟਤਾ ਨਾਲ ਅੱਗੇ ਵੱਧਦੀ ਹੈ,ਤਾਂ ਅਜਿਹੇ ਮਾਮਲੇ ਆਮ ਨਹੀ ਰਹਿੰਦੇ,ਬਲਕਿ ਬੇਹੱਦ ਗੰਭੀਰ ਅਤੇ ਚਿੰਤਾਜਨਕ ਹੋ ਜਾਂਦੇ ਹਨ। ਰਾਜਨੀਤੀ ਅੱਗ ਦਾ ਭਾਂਬੜ ਹੈ ਅਤੇ ਕੂਟਨੀਤੀ ਉਸ ਅੱਗ ਚੋਂ ਨਿਕਲਦਾ ਧੂੰਆ ਹੈ। ਕੂਟਨੀਤੀ ਮੈਦਾਨ ਦੀ ਜੰਗ ਨਹੀਂ ਹੁੰਦੀ ਬਲਕਿ ਮੇਜ਼ ਦੀ ਗੱਲ ਬਾਤ ਹੁੰਦੀ ਹੈ। ਇੱਥੇ ਤਲਵਾਰਾਂ ਨਹੀਂ ਖਿੱਚੀਆਂ ਜਾਂਦੀਆਂ, ਸਗੋਂ ਹੱਥ ਮਿਲਾਏ ਜਾਂਦੇ ਹਨ। ਪਰ ਉਹ ਹੱਥ ਕਈ ਵਾਰ ਮੁਸਕਾਨ ਦੇ ਅੰਦਰ ਲੁਕੇ ਨਾਪਾਕ ਇਰਾਦਿਆਂ ਦਾ ਹਿਸਾਬ ਵੀ ਰੱਖਦੇ ਹਨ।ਕੂਟਨੀਤੀ ਵਿੱਚ ਬੋਲਿਆ ਘੱਟ ਜਾਂਦਾ ਹੈ, ਸਮਝਿਆ ਵੱਧ ਜਾਂਦਾ ਹੈ। ਜੇ ਰਾਜਨੀਤੀ ਆਪਣੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ,ਤਾਂ ਕੂਟਨੀਤੀ ਬਾਹਰਲੇ ਸੰਸਾਰ ਨਾਲ ਸੰਤੁਲਨ ਬਣਾਉਣ ਦੀ ਕਲਾ ਹੈ। ਰਾਜਨੀਤੀ ਭਾਵਨਾਵਾਂ ਨਾਲ ਖੇਡਦੀ ਹੈ, ਕੂਟਨੀਤੀ ਭਾਵਨਾਵਾਂ ਨੂੰ ਲੁਕਾ ਕੇ ਰੱਖਦੀ ਹੈ। ਰਾਜਨੀਤੀ ਵਿੱਚ ਅੱਗ ਦੇ ਪਲੀਤੇ ਬਾਲ਼ ਕੇ ਭੀੜਾਂ ਨੂੰ ਗਰਮ ਕੀਤਾ ਜਾਂਦਾ ਹੈ। ਕੂਟਨੀਤੀ ਵਿੱਚ ਅੱਗ ਲੱਗੇ ਤਾਂ ਉਹਨੂੰ ਬੜੀ ਲੁਕਵੀਂ ਚਤੁਰਾਈ ਨਾਲ ਬਾਹਰੀ ਤੌਰ ਤੇ ਸ਼ਾਂਤ ਕੀਤਾ ਜਾਂਦਾ ਹੈ,ਜਦੋਕਿ ਅੰਦਰੂਨੀ ਤੌਰ ਤੇ ਉਹਦਾ ਛੇਕ ਪ੍ਰਚੰਡ ਰਹਿੰਦਾ ਹੈ। ਪਰ ਦੋਵੇਂ ਇੱਕ-ਦੂਜੇ ਤੋਂ ਅਲੱਗ ਨਹੀਂ,ਬਲਕਿ ਇੱਕ ਦੂਜੇ ਦੇ ਪੂਰਕ ਹਨ। ਰਾਜਨੀਤੀ ਰਸਤਾ ਤੈਅ ਕਰਦੀ ਹੈ, ਕੂਟਨੀਤੀ ਉਸ ਰਸਤੇ ਨੂੰ ਪੱਥਰਾਂ ਤੋਂ ਬਚਾਉਂਦੀ ਹੈ।ਰਾਜਨੀਤੀ ਨੀਤੀ ਬਣਾਉਂਦੀ ਹੈ, ਕੂਟਨੀਤੀ ਉਸ ਨੀਤੀ ਨੂੰ ਦੁਨੀਆ ਅੱਗੇ ਵੇਚਦੀ ਹੈ। ਰਾਜਨੀਤੀ ਅੱਗ ਨਾਲ ਖੇਡਦੀ ਹੈ ਅਤੇ ਕੂਟਨੀਤੀ ਉਸ ਅੱਗ ਨੂੰ ਭਾਂਬੜ ਬਣ ਜਾਣ ਤੋ ਬਾਅਦ ਕੰਟਰੋਲ ਕਰਨ ਵਾਲੀ ਹਵਾ ਹੈ,ਭਾਵ ਕਿ ਜੇਕਰ ਇੱਕ ਉਬਾਲ ਹੈ ਤਾਂ ਦੂਜਾ ਸੰਤੁਲਨ ਹੈ। ਕੂਟਨੀਤੀ ਉਹ ਹਿੰਮਤ ਹੈ ਜਿਸ ਨਾਲ ਬਿਨਾਂ ਗੋਲੀ ਚਲਾਏ ਆਪਣੇ ਮਕਸਦ ਹਾਸਲ ਕੀਤੇ ਜਾਂਦੇ ਹਨ, ਪਰ ਜਿਸ ਤਰਾਂ ਦਾ ਵਰਤਾਰਾ ਆਪਣੇ ਹੀ ਦੇਸ਼ ਦੇ ਵਿਰੋਧੀ ਵਿਚਾਰ ਰੱਖਣ ਵਾਲੇ,ਵਿਰੋਧੀ ਸੋਚ ਰੱਖਣ ਵਾਲੇ ਲੋਕਾਂ ਦੇ ਵਿਰੁੱਧ ਭਾਰਤੀ ਕੂਟਨੀਤੀ ਦਾ ਸਾਹਮਣੇ ਆਇਆਂ ਹੈ,ਇਹ ਬੇਹੱਦ ਮਾੜਾ,ਖ਼ਤਰਨਾਕ ਅਤੇ ਬੇਈਮਾਨੀ ਵਾਲਾ ਹੈ। ਇਸ ਨੇ ਕੂਟਨੀਤੀ ਨੂੰ ਸਿੱਧੇ ਰੂਪ ਵਿੱਚ ਅੰਤਰਰਾਸ਼ਟਰੀ ਕਾਤਲ ਗਰੋਹ ਬਣਾ ਦਿੱਤਾ ਹੈ। ਨਿਊਯਾਰਕ ਦੀ ਫੈਡਰਲ ਅਦਾਲਤ ਵਿੱਚ 13 ਫਰਵਰੀ 2026 ਨੂੰ ਜਦੋਂ ਨਿਖਿਲ ਗੁਪਤਾ ਨੇ ਤਿੰਨ ਗੰਭੀਰ ਅਪਰਾਧਿਕ ਦੋਸ਼ਾਂ ਨੂੰ ਮੰਨਣ ਦੀ ਗੱਲ ਕਬੂਲ ਕੀਤੀ, ਤਾਂ ਇਹ ਕੋਈ ਆਮ ਗੱਲ ਨਹੀ ਸੀ ਅਤੇ ਨ ਹੀ ਨਿਖਲ ਗੁਪਤਾ ਕੋਈ ਆਮ ਦੋਸ਼ੀ ਵਜੋਂ ਅਦਾਲਤ ਸਾਹਮਣੇ ਖੜਾ ਸੀ ਜਿਸ ਨੇ ਕੋਈ ਆਪਣਾ ਛੋਟਾ ਮੋਟਾ ਗੁਨਾਹ ਕਬੂਲ ਕੀਤਾ ਹੋਵੇ,ਬਲਕਿ ਨਿਖਲ ਗੁਪਤਾ ਭਾਰਤੀ ਕੂਟਨੀਤੀ ਦੀ ਪ੍ਰਤੀਨਿਧਤਾ ਦਾ ਪਰਤੀਕ ਹੈ। ਨਿਖਲ ਗੁਪਤਾ ਦੀ ਇਸ ਕਾਰਵਾਈ ਨੇ ਜਿੱਥੇ ਹੁਣ ਤੱਕ ਸਿੱਖ ਜਥੇਬੰਦੀਆਂ ਵੱਲੋਂ ਪਰਗਟ ਕੀਤੇ ਜਾ ਰਹੇ ਖਦਸ਼ਿਆਂ ਨੂੰ ਸੱਚ ਸਾਬਤ ਕਰ ਦਿੱਤਾ ਹੈ,ਓਥੇ ਉਹਦੀ ਇਸ ਕਾਰਵਾਈ ਨੇ ਭਾਰਤੀ ਤੰਤਰ ਨੂੰ ਕਟਹਿਰੇ ਵਿੱਚ ਖੜਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ।ਮਾਮਲਾ ਅਮਰੀਕਾ ਵਿੱਚ ਰਹਿੰਦੇ ਖ਼ਾਲਿਸਤਾਨ ਹਮਾਇਤੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੇ ਕਥਿਤ ਕਤਲ ਦੀ ਸਾਜ਼ਿਸ਼ ਦੇ ਕਬੂਲ ਨਾਮੇ ਦਾ ਹੈ।ਇਸ ਸਾਜ਼ਿਸ਼ੀ ਕਬੂਲ ਨਾਮੇ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਫ਼ਿਕਰ ਮੰਦ ਕੀਤਾ ਹੈ, ਕਿਉਂਕਿ ਇਸ ਸਿੱਖ ਵਿਰੋਧੀ ਵਰਤਾਰੇ ਵਿੱਚ ਭਾਰਤੀ ਕੂਟਨੀਤੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਕਿਰਾਏ ‘ਤੇ ਕਤਲ ਦੀ ਸਾਜ਼ਿਸ਼, ਕਿਰਾਏ ‘ਤੇ ਕਤਲ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਕਬੂਲ ਨਾਮਾ,ਅਮਰੀਕੀ ਅਟਾਰਨੀ ਦਫ਼ਤਰ ਦੇ ਮੁਤਾਬਕ ਇਨ੍ਹਾਂ ਦੋਸ਼ਾਂ ਲਈ 40 ਸਾਲ ਤੱਕ ਦੀ ਸੰਯੁਕਤ ਸਜ਼ਾ ਹੋ ਸਕਦੀ ਹੈ। ਪਰ ਇਸ ਮਾਮਲੇ ਦੀ ਗੂੰਜ ਸਿਰਫ਼ ਕਾਨੂੰਨੀ ਪੰਨਿਆਂ ਤੱਕ ਸੀਮਿਤ ਨਹੀਂ ਰਹੀ; ਇਹ ਕੂਟਨੀਤਿਕ ਦਫ਼ਤਰਾਂ, ਪ੍ਰਵਾਸੀ ਸਿੱਖਾਂ ਦੇ ਘਰਾਂ ਅਤੇ ਰਾਜਨੀਤਿਕ ਮੰਚਾਂ ਤੱਕ ਫੈਲ ਗਈ। ਅਮਰੀਕੀ ਪ੍ਰੋਸੀਕਿਊਟਰਾਂ ਨੇ ਦਲੀਲ ਦਿੱਤੀ ਕਿ ਨਿਖਿਲ ਗੁਪਤਾ ਨੇ ਭਾਰਤੀ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਨਿਊਯਾਰਕ ਸਿਟੀ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਦੀ ਯੋਜਨਾ ਘੜੀ ਸੀ। ਕਥਿਤ ਤੌਰ ‘ਤੇ ਇੱਕ ਕਿਰਾਏ ਦੇ ਕਾਤਲ ਦੀ ਭਰਤੀ, ਰਕਮ ਦੇ ਲੈਣ-ਦੇਣ ਅਤੇ ਇਲੈਕਟ੍ਰਾਨਿਕ ਸੰਚਾਰ ਇਸ ਯੋਜਨਾ ਦਾ ਹਿੱਸਾ ਸਨ। ਜ਼ਿਕਰ ਏ ਖਾਸ ਹੈ ਕਿ ਅਮਰੀਕਾ ਨਿਵਾਸੀ ਗੁਰਪਤਵੰਤ ਸਿੰਘ ਪੰਨੂ ਦੋਹਰੇ ਅਮਰੀਕੀ-ਕੈਨੇਡੀਅਨ ਨਾਗਰਿਕ ਹਨ ਅਤੇ ਉਹ ਲੰਮੇ ਸਮੇਂ ਤੋਂ ਭਾਰਤ ਸਰਕਾਰ ਦੇ ਨਿਸ਼ਾਨੇ ‘ਤੇ ਰਹੇ ਹਨ। ਉਨ੍ਹਾਂ ਉੱਤੇ ਭਾਰਤ ਵਿੱਚ ਗੰਭੀਰ ਦੋਸ਼ ਦਰਜ ਹਨ, ਜਦਕਿ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਰਾਜਨੀਤਿਕ ਅਧਿਕਾਰਾਂ ਦੀ ਆਵਾਜ਼ ਕਹਿੰਦੇ ਹਨ।ਇਸ ਮਾਮਲੇ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਹੈ,ਕਿ ਕੀ 21ਵੀਂ ਸਦੀ ਵਿੱਚ ਰਾਜਨੀਤਿਕ ਅਸਹਿਮਤੀ ਸਰਹੱਦਾਂ ਤੋਂ ਪਰੇ ਜਾ ਕੇ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ ਅਤੇ ਕੂਟਨੀਤੀ ਗੁਪਤ ਮਾਰੂ ਕਾਰਵਾਈਆਂ ਦੇ ਰੂਪ ਵਿੱਚ ਬਦਲ ਰਹੀ ਹੈ ? ਇਹ ਕੇਸ ਇਕੱਲਾ ਨਹੀਂ। ਕੈਨੇਡਾ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿਝਰ ਦੀ ਹੱਤਿਆ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਦੋਸ਼ ਲਗਾਇਆ ਸੀ ਕਿ ਇਸ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਭੂਮਿਕਾ ਬਾਰੇ ਭਰੋਸੇਯੋਗ ਜਾਣਕਾਰੀ ਹੈ,ਪਰੰਤੂ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ।ਇੰਗਲੈਂਡ ਵਿੱਚ ਅਵਤਾਰ ਸਿੰਘ ਖੰਡੇ ਦੀ ਮੌਤ ਅਤੇ ਪਾਕਿਸਤਾਨ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਕਤਲਾਂ ਨੇ ਵੀ ਪ੍ਰਵਾਸੀ ਭਾਈਚਾਰੇ ਵਿੱਚ ਬੇਚੈਨੀ ਪੈਦਾ ਕੀਤੀ। ਹਾਲਾਂਕਿ ਹਰ ਮਾਮਲੇ ਦੀ ਆਪਣੀ ਅਲੱਗ ਜਾਂਚ ਅਤੇ ਕਾਨੂੰਨੀ ਸਥਿਤੀ ਹੈ, ਪਰ ਦੁਨੀਆ ਪੱਧਰ ਤੇ ਸਿੱਖਾਂ ਦੇ ਮਾਮਲੇ ਵਿੱਚ ਸੁਰੱਖਿਆ ਦਾ ਸੰਕਟ ਦਰਪੇਸ ਹੈ। ਅਮਰੀਕੀ ਕਾਨੂੰਨ ਵਿੱਚ ਕਿਰਾਏ ‘ਤੇ ਕਤਲ ਦੀ ਸਾਜ਼ਿਸ਼ ਇੱਕ ਭਾਰੀ ਅਪਰਾਧ ਹੈ। ਜੇ ਦੋਸ਼ ਅੰਤਿਮ ਤੌਰ ‘ਤੇ ਕਾਇਮ ਰਹਿੰਦੇ ਹਨ, ਤਾਂ ਸਜ਼ਾ ਲੰਮੀ ਅਤੇ ਸਖ਼ਤ ਹੋ ਸਕਦੀ ਹੈ। ਇਸ ਮਾਮਲੇ ਨੇ ਅਮਰੀਕਾ ਅਤੇ ਭਾਰਤ ਸੰਬੰਧਾਂ ਨੂੰ ਇੱਕ ਨਵੀਂ ਪਰਖ ‘ਚ ਖੜਾ ਕਰ ਦਿੱਤਾ ਹੈ।ਇੱਕ ਪਾਸੇ ਦੋਵੇਂ ਦੇਸ਼ ਇੰਡੋ-ਪੈਸਿਫਿਕ ਰਣਨੀਤੀ, ਰੱਖਿਆ ਸਹਿਯੋਗ ਅਤੇ ਵਪਾਰ ਵਿੱਚ ਭਾਗੀਦਾਰ ਹਨ; ਦੂਜੇ ਪਾਸੇ ਅਜਿਹੇ ਗੰਭੀਰ ਦੋਸ਼ ਭਰੋਸੇ ਦੀ ਤੰਦ ਨੂੰ ਕਮਜ਼ੋਰ ਕਰ ਸਕਦੇ ਹਨ। ਜਦੋਂ ਦੋਸਤ ਦੇਸ਼ ਦੀ ਧਰਤੀ ‘ਤੇ ਕਿਸੇ ਪ੍ਰਵਾਸੀ ਆਗੂ ਦੇ ਕਥਿਤ ਕਤਲ ਦੀ ਯੋਜਨਾ ਦੀ ਗੱਲ ਉਠੇ, ਤਾਂ ਕੂਟਨੀਤੀ ਦੀ ਭਾਸ਼ਾ ਭਾਂਵੇਂ ਨਰਮ ਰਹਿੰਦੀ ਹੈ ਪਰ ਅੰਦਰੋਂ ਅੰਦਰ ਤਣਾਅ ਗਹਿਰਾ ਹੋ ਜਾਂਦਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਲਈ ਇਹ ਮਾਮਲੇ ਸਿਰਫ਼ ਖ਼ਬਰਾਂ ਨਹੀਂ,ਇਹ ਉਨ੍ਹਾਂ ਦੇ ਅਧਿਕਾਰਾਂ,ਵਿਚਾਰਾਂ ਦੀ ਆਜ਼ਾਦੀ ਅਤੇ ਜਾਨ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ। ਵੱਖ ਵੱਖ ਸਿੱਖ ਸੰਗਠਨਾਂ ਨੇ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਹ ਵੀ ਯਾਦ ਰੱਖਣਾ ਲਾਜ਼ਮੀ ਹੈ ਕਿ ਦੋਸ਼ ਸਾਬਤ ਹੋਣ ਤੱਕ ਹਰ ਵਿਅਕਤੀ ਨੂੰ ਬੇਦੋਸ਼ ਮੰਨਿਆ ਜਾਣਾ ਕਾਨੂੰਨ ਦਾ ਮੂਲ ਸਿਧਾਂਤ ਹੈ,ਜਿਸਦੀ ਪਾਲਣਾ ਭਾਰਤ ਵਰਗੇ ਮੁਲਕ ਵਿੱਚ ਤਾਂ ਭਾਵੇਂ ਨਹੀ ਕੀਤੀ ਜਾਂਦੀ ਪਰ ਕਨੇਡਾ ਅਮਰੀਕਾ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕ ਇਸ ਸਿਧਾਂਤ ਨੂੰ ਜਿਉਂਦਾ ਰੱਖਣ ਲਈ ਸੰਜੀਦਾ ਹਨ।ਨਿਖਿਲ ਗੁਪਤਾ ਦੀ ਕਬੂਲੀਅਤ ਦੇ ਬਾਵਜੂਦ ਸਜ਼ਾ ਸੁਣਾਉਣ ਅਤੇ ਹੋਰ ਕਾਨੂੰਨੀ ਕਾਰਵਾਈ ਅਜੇ ਬਾਕੀ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜਿਸ ਵਿੱਚ ਪਾਤਰ ਸਿਰਫ਼ ਆਮ ਮਨੁੱਖ ਜਾਂ ਆਮ ਮੁਲਜ਼ਮ ਨਹੀਂ ਰਹਿੰਦੇ ,ਸਗੋਂ ਉਹ ਰਾਜਨੀਤਿਕ ਵਿਚਾਰਧਾਰਾਵਾਂ ਦੇ ਪ੍ਰਤੀਕ ਬਣ ਜਾਂਦੇ ਹਨ। ਅਦਾਲਤ ਦੀ ਇੱਕ ਕਬੂਲੀਅਤ ਕਈ ਦੇਸ਼ਾਂ ਦੇ ਰਿਸ਼ਤਿਆਂ ਦੀ ਦਿਸ਼ਾ ਬਦਲ ਸਕਦੀ ਹੈ। ਹੁਣ ਸਾਰੀ ਨਜ਼ਰ ਅਦਾਲਤ ਦੇ ਅੰਤਿਮ ਫ਼ੈਸਲੇ ਅਤੇ ਸੰਭਾਵਿਤ ਕੂਟਨੀਤਿਕ ਪ੍ਰਭਾਵਾਂ ‘ਤੇ ਹੈ,ਕਿ ਕੀ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਕਬੂਲੀਅਤ ‘ਤੇ ਖਤਮ ਹੋਵੇਗਾ ਜਾਂ ਇਸ ਤੋਂ ਵੱਡੀਆਂ ਜਾਂਚਾਂ ਦਾ ਦਰਵਾਜ਼ਾ ਖੁੱਲੇਗਾ? ਇੱਕ ਗੱਲ ਨਿਸ਼ਚਿਤ ਹੈ,ਇਹ ਘਟਨਾ 21ਵੀਂ ਸਦੀ ਦੀ ਰਾਜਨੀਤੀ ਦਾ ਉਹ ਅਧਿਆਇ ਬਣ ਚੁੱਕੀ ਹੈ ਜਿਸ ਵਿੱਚ ਕਾਨੂੰਨ, ਜਾਸੂਸੀ, ਪ੍ਰਵਾਸੀ ਪਹਿਚਾਣ ਅਤੇ ਰਾਜਸੀ ਸੁਰੱਖਿਆ ਇੱਕ ਹੀ ਪੰਨੇ ‘ਤੇ ਲਿਖੇ ਜਾ ਰਹੇ ਹਨ।ਇਹ ਕਹਾਣੀ ਅਜੇ ਅਧੂਰੀ ਹੈ। ਪਰ ਇਸ ਦੀ ਗੂੰਜ ਦੁਨੀਆ ਦੀਆਂ ਕਈ ਰਾਜਧਾਨੀਆਂ ਵਿੱਚ ਸੁਣੀ ਜਾ ਰਹੀ ਹੈ।ਕੁੱਝ ਵੀ ਹੋਵੇ ਅਮਰੀਕਾ ਦੀਆਂ ਖੁਫ਼ੀਆਂ ਜਾਂਚ ਏਜੰਸੀਆਂ ਦੀ ਬਦੌਲਤ ਨਿਖ਼ਿਲ ਗੁਪਤਾ ਦੇ ਕਬੂਲ-ਨਾਮੇ ਨੇ ਭਾਰਤ ਦੇ ਸਿੱਖ ਘੱਟ ਗਿਣਤੀ ਪ੍ਰਤੀ ਨਜ਼ਰੀਏ ਅਤੇ ਸਿੱਖ ਹਿਤਾਂ ਦੀ ਗੱਲ ਨੂੰ ਬਾ ਦਲੀਲ਼ ਦੁਨੀਆ ਸਾਹਮਣੇ ਰੱਖ ਸਕਣ ਦੀ ਯੋਗਤਾ ਰੱਖਣ ਵਾਲੇ ਸਿੱਖਾਂ ਪ੍ਰਤੀ ਵਰਤੇ ਜਾਂਦੇ ਮਾਰੂ ਵਰਤਾਰੇ ਨੂੰ ਜੱਗ ਜ਼ਾਹਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਇਸ ਨੈਰੇਟਿਵ ਨੂੰ ਤੋੜ ਦੇਣ ਦੀ ਕਾਬਲੀਅਤ ਅਤੇ ਹਿੰਮਤ ਰੱਖਣ ਵਾਲੇ ਅਮਰੀਕਨ ਸਟੇਟ ਦੀ ਸ਼ਲਾਘਾ ਵੀ ਕਰਨੀ ਬਣਦੀ ਹੈ,ਜਿਸ ਨੇ ਭਾਰਤ ਵਰਗੀ ਮੰਡੀ ਦੇ ਖੁੱਸ ਜਾਣ ਦੀ ਬਗੈਰ ਪ੍ਰਵਾਹ ਕੀਤਿਆਂ ਨਿਖ਼ਿਲ ਗੁਪਤਾ ਤੇ ਸਿਕੰਜਾ ਕੱਸ ਕੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਦਾ ਦਾਮਨ ਭਰਿਆ ਹੈ,ਓਥੇ ਭਾਰਤੀ ਕੂਟਨੀਤੀ ਨੂੰ ਸਿੱਧੇ ਰੂਪ ਵਿੱਚ ਚਿਤਾਵਨੀ ਵੀ ਦੇ ਦਿੱਤੀ ਹੈ।ਸੋ ਕਨੇਡਾ ਅਤੇ ਅਮਰੀਕਾ ਦੇ ਸਿੱਖਾਂ ਪ੍ਰਤੀ ਹਾਂ ਪੱਖੀ ਨਜ਼ਰੀਏ ਤੋ ਬਾਅਦ ਸਿੱਖਾਂ ਦੇ ਕਤਲਾਂ ਵਿੱਚ ਖੜੋਤ ਆਈ ਹੈ,ਇਸ ਲਈ ਇਹ ਆਸ ਕੀਤੀ ਜਾ ਰਹੀ ਹੈ ਕਿ ਭਵਿੱਖ ਵਿੱਚ ਵੀ ਇਸ ਸਿੱਖ ਵਿਰੋਧੀ ਬਿਰਤਾਂਤ ਨੂੰ ਬਲ ਨਹੀ ਮਿਲੇਗਾ।

Leave a Reply