ਸਿੱਖਸ ਆਫ਼ ਅਮੈਰਿਕਾ ਨੇ ਸੰਗਰੂਰ ਦੇ ਪਿੰਡ ਰੂਪਾਹੇੜੀ ਤੋਂ ਸ਼ੁਰੂ ਕੀਤੀ ਜ਼ਰੂਰਤਮੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਭੇਂਟ ਕਰਨ ਦੀ ਮੁਹਿੰਮ
ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣਾ ਸਾਡਾ ਮੁੱਖ ਮਕਸਦ- ਚੇਅਰਮੈਨ ‘ਜੱਸੀ
ਨਿਊਯਾਰਕ, 6 ਜੂਨ ਗੌਰਵ ਮੜੀਆ
ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਸਿੱਖਸ ਆਫ਼ ਅਮੈਰਿਕਾ ਵਲੋਂ ਚੇਅਰਮੈਨ ਸ: ਜਸਦੀਪ ਸਿੰਘ ਜੱਸੀ’ ਦੀ ਅਗਵਾਈ ’ਚ ਸਮੇਂ ਸਮੇਂ ’ਤੇ ਸਮਾਜ ਸੇਵੀ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਰਹਿੰਦਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਿੱਖ ਆਫ ਅਮੈਰਿਕਾ ਵਲੋਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੂਪਾਹੇੜੀ ’ਚ ਇਕ ਸਮਾਗਮ ਅਯੋਜਿਤ ਕੀਤਾ ਗਿਆ ਜਿਸ ਵਿਚ ਵਿਧਵਾ ਅਤੇ ਬੇਰੁਜ਼ਗਾਰ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਸਿਲਾਈ ਮਸ਼ੀਨਾਂ ਤਕਸੀਮ ਕਰਨ ਦੀ ਜ਼ਿੰਮੇਵਾਰੀ ਮਨਜੀਤ ਕੌਰ, ਮਹਿੰਦਰ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ, ਮੁਹੰਮਦ ਸੁਲੇਮਾਨ, ਸ਼ਨੀ ਕੁਮਾਰ, ਅਭਿਸ਼ੇਕ ਅਤੇ ਮੇਜਰ ਸਿੰਘ ਵਲੋਂ ਨਿਭਾਈ ਗਈ। ਦੱਸਣਯੋਗ ਹੈ ਕਿ ਸਮਾਗਮ ਦੇ ਅਯੋਜਨ ’ਚ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਇੰਟਰਨੈਸ਼ਨਲ ਕੋਆਰਡੀਨੇਟਰ ਵਰਿੰਦਰ ਸਿੰਘ ਸਮੇਤ ਸਮੂਹ ਬੋਰਡ ਆਫ ਡਾਇਰੈਕਟਰਸ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ’ਚ ਸਿਲਾਈ ਮਸ਼ੀਨਾਂ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੇ ਚਿਹਰੇ ’ਤੇ ਖੁਸ਼ੀ ਸੀ ਅਤੇ ਉਹਨਾਂ ਸਿੱਖ ਆਫ ਅਮੈਰਿਕਾ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਭਰਪੂਰ ਸ਼ਲਾਘਾ ਕੀਤੀ।
ਸ: ਜਸਦੀਪ ਸਿੰਘ ਜੱਸੀ’ ਚੇਅਰਮੈਨ ਸਿੱਖਸ ਆਫ ਅਮੈਰਿਕਾ ਨੇ ਦੱਸਿਆ ਕਿ ਸਾਡਾ ਮਕਸਦ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣਾ ਹੈ। ਜਿਸ ਸਮਾਜ ਦੀਆਂ ਮਹਿਲਾਵਾਂ ਖੁਸ਼ਹਾਲ ਹੁੰਦੀਆਂ ਹਨ ਉਹ ਸਮਾਜ ਹਮੇਸ਼ਾ ਬੁਲੰਦੀਆਂ ਛੂੰਹਦਾ ਹੈ। ਉਹਨਾਂ ਕਿਹਾ ਕਿ ਉਹ ਅਜਿਹੀ ਸੇਵਾ ਅੱਗੋਂ ਤੋਂ ਵੀ ਕਰਦੇ ਰਹਿਣਗੇ| ਉਹਨਾਂ ਕਿਹਾ ਕਿ ਸਿੱਖਸ ਆਫ ਅਮੈਰਿਕਾ ਨੇ ਪਿੰਡ ਰੂਪਾਹੇੜੀ ਤੋਂ ਸਿਲਾਈ ਮਸ਼ੀਨਾਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਕਿ ਪੰਜਾਬ ਦੇ ਹੋਰ ਪਿੰਡਾਂ ’ਚ ਵੀ ਪੁੱਜੇਗੀ। ਇੱਥੇ ਵਰਣਨਯੋਗ ਹੈ ਕਿ ਸਿੱਖ ਆਫ ਅਮੈਰਿਕਾ ਵਲੋਂ ਸਮਾਜ ਸੇਵੀ ਕਾਰਜਾਂ ਦੇ ਨਾਲ ਨਾਲ ਕੁਦਰਤੀ ਆਫਤਾਂ ਦੌਰਾਨ ਪੀੜਤਾਂ ਦੀ ਸਹਾਇਤਾ ਵੀ ਹਮੇਸ਼ਾ ਕੀਤੀ ਜਾਂਦੀ ਰਹੀ ਹੈ।
Posted By: GURBHEJ SINGH ANANDPURI