Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ

20 Jan, 2025 05:30 AM

ਅੰਮ੍ਰਿਤਸਰ, 12 ਅਕਤੂਬਰ-(ਨਜ਼ਰਾਨਾ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕ ਸਾਥੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਿੱਖ ਧਰਮ ਦੀਆਂ ਪ੍ਰਚਾਰ ਸੇਵਾਵਾਂ ਲਈ ਰਵਾਨਾ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹੜੇ ਜਥਿਆਂ ਦੇ ਮੈਂਬਰ ਬੀਤੇ ਸਮੇਂ ਵਿਚ ਸੇਵਾਮੁਕਤ ਹੋ ਚੁੱਕੇ ਸਨ, ਉਨ੍ਹਾਂ ਦੀ ਥਾਂ ਸਹਾਇਕ ਢਾਡੀ ਤੇ ਕਵੀਸ਼ਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਨੂੰ ਪ੍ਰਚਾਰਨ ਲਈ ਅਹਿਮ ਕੜੀ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਵਿਚ ਇਨ੍ਹਾਂ ਦਾ ਖਾਸ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਚੱਲ ਰਹੀ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਵਿਚ ਵੀ ਪ੍ਰਚਾਰਕਾਂ ਦੇ ਨਾਲ-ਨਾਲ ਢਾਡੀ ਤੇ ਕਵੀਸ਼ਰ ਵੀ ਅਹਿਮ ਸੇਵਾਵਾਂ ਦੇ ਰਹੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬਧ ਹੈ ਅਤੇ ਮੌਜੂਦਾ ਧਰਮ ਪ੍ਰਚਾਰ ਲਹਿਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਘਰਿ ਘਰਿ ਅੰਦਰਿ ਧਰਮਸਾਲ’ ਤਹਿਤ 150 ਪ੍ਰਚਾਰਕ ਜਥੇ ਪਿੰਡਾਂ ਵਿਚ ਕਾਰਜਸ਼ੀਲ ਹਨ। ਹਰ ਜਥਾ ਇਕ ਪਿੰਡ ਵਿਚ ਇੱਕ ਹਫ਼ਤਾ ਸਿੱਖੀ ਦਾ ਪ੍ਰਚਾਰ ਕਰਦਾ ਹੈ। ਇਸ ਦੌਰਾਨ ਘਰਾਂ ਅੰਦਰ ਸੰਗਤਾਂ ਨੂੰ ਸੰਵਾਦ ਵਿਧੀ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਕੂਲਾਂ ਕਾਲਜਾਂ ਵਿਚ ਵੀ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਖ਼ਾਸ ਤੌਰ ’ਤੇ ਗੁਰਬਾਣੀ ਕੰਠ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਧਰਮ ਪ੍ਰਚਾਰ ਲਹਿਰ ਦੇ ਕਾਰਜਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤਕ ਪੰਜ ਹਜ਼ਾਰ ਤੋਂ ਵੱਧ ਬੱਚੇ ਜਪੁਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਮਾਝਾ, ਮਾਲਵਾ ਤੇ ਦੁਆਬਾ ਜੋਨਾਂ ਵਿਚ ਇਕ-ਇਕ ਮੁੱਖ ਸਮਾਗਮ ਕਰਕੇ ਗੁਰਬਾਣੀ ਕੰਠ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਦੌਰਾਨ ਬੀਬੀ ਜਗੀਰ ਕੌਰ ਨੇ ਰੱਖੇ ਗਏ ਢਾਡੀ ਤੇ ਕਵੀਸ਼ਰਾਂ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦਾ ਦਾਇਰੇ ਵਿਚ ਰਹਿ ਕੇ ਸਿੱਖੀ ਪ੍ਰਚਾਰ ਕਰਨ ਦੀ ਪ੍ਰੇਰਣਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਕੰਗ, ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਕਰਤਾਰ ਸਿੰਘ ਇੰਚਾਰਜ ਆਦਿ ਮੌਜੂਦ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #