Nazrana Times

ਪੰਜਾਬੀ

ਜਥੇਦਾਰ ਦੇ ਸੇਵਾ-ਨਿਯਮ ਘੜਨ ਵਾਲੀ ਕਮੇਟੀ ਦੇ ਬਾਕੀ ਮੈਂਬਰਾਂ ਦੀ ਵੀ ਹੋਵੇ ਪੜਤਾਲ, ਕਰਮਜੀਤ ਸਿੰਘ ਨੂੰ ਯੂਨੀਵਰਸਿਟੀ ਦੇ ਅਹੁਦੇ ਤੋਂ ਵੀ ਹਟਾਓ : ਫੈਡਰੇਸ਼ਨ ਭਿੰਡਰਾਂਵਾਲਾ

03 Aug, 2025 12:57 AM

ਅੰਮ੍ਰਿਤਸਰ, 2 ਅਗਸਤ , ਨਜ਼ਰਾਨਾ ਟਾਈਮਜ ਬਿਊਰੋ

ਬੀਤੀ ਕੱਲ੍ਹ ਸਵੇਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਦੀ ਸ਼ਿਕਾਇਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚਿੱਠੀ ਲਿਖੀ ਗਈ ਸੀ, ਜਿਸ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਜੁਗਰਾਜ ਸਿੰਘ ਮਝੈਲ ਨੇ ਲਿਖਿਆ ਸੀ ਕਿ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਜੋ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਨਾਲ ਰਲ ਕੇ ਸਿੱਖੀ ਦਾ ਹਿੰਦੂਕਰਨ ਕਰਨਾ ਚਾਹੁੰਦੇ ਹਨ, ਉਹਨਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਦੀ ਮੋਹਨ ਭਾਗਵਤ ਨਾਲ ਵੀਡੀਓ ਵੇਖ ਕੇ ਅਤੇ ਉਸ ਦੇ ਸਿੱਖ ਵਿਰੋਧੀ ਵਿਚਾਰ ਸੁਣ ਕੇ ਤੇ ਜਥੇਬੰਦੀਆਂ ਵੱਲੋਂ ਆਈ ਸ਼ਿਕਾਇਤ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਡਾਕਟਰ ਕਰਮਜੀਤ ਸਿੰਘ ਨੂੰ ਉਸ ਕਮੇਟੀ ਵਿੱਚੋਂ ਤੁਰੰਤ ਹਟਾ ਦਿੱਤਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਬਾਰੇ ਵਿਧੀ ਵਿਧਾਨ ਘੜਨ ਲਈ ਬਣਾਈ ਗਈ ਸੀ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਡਾਕਟਰ ਕਰਮਜੀਤ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਡਾਕਟਰ ਕਰਮਜੀਤ ਸਿੰਘ ਨੂੰ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਹੁਦੇ ਤੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੂੰ ਮਜਬੂਰਨ ਸੰਘਰਸ਼ ਛੇੜਨਾ ਪਏਗਾ। ਉਹਨਾਂ ਕਿਹਾ ਕਿ ਆਰ ਐਸ ਐਸ ਦੇ ਪ੍ਰੋਗਰਾਮ ਵਿੱਚ ਵੇਖੇ ਜਾਣ ਕਰਕੇ ਕਰਮਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੇਵਾ ਨਿਯਮ ਬਣਾਉਣ ਵਾਲੀ ਕਮੇਟੀ 'ਚੋਂ ਬਾਹਰ ਕੱਢਿਆ ਗਿਆ, ਸੋ ਸਪਸ਼ਟ ਹੈ ਕਿ ਜੇ ਕਰਮਜੀਤ ਸਿੰਘ ਦੀ ਵੀਡੀਓ ਬਾਹਰ ਨਾ ਆਉਂਦੀ ਤਾਂ ਆਰ ਐਸ ਐਸ ਦਾ ਇਹ ਏਜੰਟ ਹੁਣ ਵੀ ਉਸ ਕਮੇਟੀ ਦਾ ਮੈਂਬਰ ਹੋਣਾ ਸੀ ਤੇ ਮੈਂਬਰ ਬਣ ਕੇ ਕੀ ਕਰਦਾ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ। ਦੂਜੀ ਗੱਲ ਇਹ ਕਿ ਆਰ ਐਸ ਐਸ ਦੇ ਇਸ ਬੰਦੇ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੀ ਸੇਵਾ ਨਿਯਮ ਘੜਨ ਵਾਲੀ ਕਮੇਟੀ ਦਾ ਮੈਂਬਰ ਬਣਵਾਇਆ ਕਿਸ ਨੇ ਹੈ ? ਤੇ ਹੁਣ ਬਾਕੀ ਮੈਂਬਰਾਂ ਬਾਰੇ ਵੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਜਿਵੇਂ ਕਰਮਜੀਤ ਸਿੰਘ ਨੂੰ ਮੈਂਬਰ ਬਣਾਉਣ ਲੱਗਿਆਂ ਕੋਈ ਪੜਤਾਲ ਨਹੀਂ ਸੀ ਕੀਤੀ ਗਈ ਉਵੇਂ ਬਾਕੀਆਂ ਦੀ ਕਿਹੜਾ ਕੀਤੀ ਗਈ ਹੈ। ਕੀ ਪਤਾ ਉਸ ਕਮੇਟੀ ਵਿੱਚ ਹੋਰ ਕਿੰਨੇ ਕੁ ਕਰਮਜੀਤ ਵਰਗੇ ਹੋਣ। ਇਸ ਤੋਂ ਇਲਾਵਾ ਸਿੱਖ ਕੌਮ ਨਾਲ ਸੰਬੰਧਤ ਕਮੇਟੀਆਂ ਅਤੇ ਅਦਾਰਿਆਂ ਵਿੱਚ ਪਤਾ ਨਹੀਂ ਕਿੰਨੇ ਕੁ ਕਰਮਜੀਤ ਬੈਠੇ ਹੋਣਗੇ। ਸੋ ਸਿੱਖ ਕੌਮ ਨੂੰ ਇਹਨਾਂ ਗ਼ੱਦਾਰਾਂ, ਕੈਟਾਂ, ਪੰਥ ਦੋਖੀਆਂ ਤੋਂ ਬਚਾਉਣ ਲਈ ਸਿੱਖ ਨੌਜਵਾਨ ਮੈਦਾਨ ਵਿੱਚ ਆਉਣ ਤੇ ਆਪਣਾ ਫਰਜ ਸੰਭਾਲਣ।

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #