Nazrana Times

ਪੰਜਾਬੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਤੋਂ ਸੀਬੀਆਈ ਨੇ ਕੀਤੀ ਪੂਰੇ 5 ਘੰਟੇ ਪੁੱਛਗਿੱਛ 22 ਅਕਤੂਬਰ ਨੂੰ ਮੁੜ ਹੋਣਾ ਪਵੇਗਾ ਸੀਬੀਆਈ ਅੱਗੇ ਪੇਸ਼ ...

19 Oct, 2026 08:33 PM

ਚੰਡੀਗੜ੍ਹ 19 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਦੀ ਸੀਬੀਆਈ. ਵੱਲੋਂ ਕੀਤੀ ਜਾਂਚ ਪੂਰੇ ਪੰਜ ਘੰਟੇ ਤੱਕ ਜਾਰੀ ਰਹੀ ਅਤੇ ਹੁਣ ਉਸ ਨੂੰ ਆਉਣ ਵਾਲੀ 22 ਅਕਤੂਬਰ ਨੂੰ ਦੁਬਾਰਾ ਸੀਬੀਆਈ. ਅੱਗੇ ਪੇਸ਼ ਹੋਣਾ ਪਵੇਗਾ। ਜਾਂਚ ਦੇ ਇਸ ਲੰਬੇ ਦੌਰ ਦੌਰਾਨ ਸਿਆਸੀ ਅਤੇ ਹੋਰ ਹਲਕਿਆਂ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਖਾਸ ਗੱਲ ਇਹ ਹੈ ਕਿ ਜਾਂਚ ਏਜੰਸੀ ਦੇ ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵੀਰ ਘੁੰਮਣ ਨੇ ਦਾਅਵਾ ਕੀਤਾ ਕਿ ਜੇਕਰ ਚੱਲ ਰਹੀ ਜਾਂਚ ਪੂਰੀ ਤਰ੍ਹਾਂ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਕੀਤੀ ਜਾਵੇ, ਤਾਂ ਅਸਲ ਸੱਚਾਈ ਆਪਣੇ ਆਪ ਸਾਰਿਆਂ ਸਾਹਮਣੇ ਆ ਜਾਵੇਗੀ। ਘੁੰਮਣ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਉਸਨੇ ਖ਼ੁਦ ਸੀ.ਬੀ.ਆਈ. ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ, ਤਾਂ ਜੋ ਕਿਸੇ ਵੀ ਬੇਕਸੂਰ ਨਾਲ ਧੱਕਾ ਨਾ ਹੋਵੇ।ਪੁੱਛਗਿੱਛ ਤੋਂ ਉਭਰਦੇ ਹੋਏ ਰਾਜਵੀਰ ਘੁੰਮਣ ਨੇ ਕੇਂਦਰੀ ਏਜੰਸੀ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕੀਤੇ। ਉਸਨੇ ਦੋਸ਼ ਲਾਇਆ ਕਿ ਸੀ.ਬੀ.ਆਈ. ਵੱਲੋਂ ਕਈ ਵਿਅਕਤੀਆਂ ਨੂੰ ਬੁਲਾ ਕੇ ਅਤੇ ਅਜੀਬ ਕਿਸਮ ਦੇ ਸਵਾਲ ਪੁੱਛ ਕੇ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਮਰਿਆਦਾ ਅਤੇ ਜਾਂਚ ਦੀ ਗੁਪਤਤਾ ਕਾਰਨ ਉਹ ਮੀਡੀਆ ਨਾਲ ਪੁੱਛੇ ਗਏ ਖਾਸ ਸਵਾਲਾਂ 'ਤੇ ਖੁੱਲ੍ਹ ਕੇ ਚਰਚਾ ਨਹੀਂ ਕਰ ਸਕਦਾ, ਪਰ ਉਸਨੇ ਭਰੋਸਾ ਦਿਵਾਇਆ ਕਿ ਅਸੀਂ ਸ਼ੁਰੂ ਤੋਂ ਹੀ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਾਂਗੇ।...ਇਸ ਦੌਰਾਨ ਘੁੰਮਣ ਨੇ ਜਾਂਚ ਏਜੰਸੀਆਂ ਵੱਲੋਂ ਮਾਮਲਿਆਂ ਨਾਲ ਜੁੜੇ ਦਸਤਾਵੇਜ਼ਾਂ ਅਤੇ ਪੱਤਰਾਂ ਦੇ ਪ੍ਰਸਾਰਣ ਨੂੰ ਲੈ ਕੇ ਵੀ ਗੁੱਸਾ ਜ਼ਾਹਰ ਕੀਤਾ। ਉਸਨੇ ਕਿਹਾ ਕਿ ਜਿਸ ਤਰੀਕੇ ਨਾਲ ਸੀ.ਬੀ.ਆਈ. ਅਤੇ ਹੋਰ ਜਾਂਚ ਏਜੰਸੀਆਂ ਦੇ ਅਧਿਕਾਰਤ ਪੱਤਰ ਜਾਂ ਜਾਣਕਾਰੀਆਂ ਮੀਡੀਆ ਵਿੱਚ ਜਨਤਕ ਜਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਉਹ ਤਰੀਕਾ ਬਹੁਤ ਜ਼ਿਆਦਾ ਗਲਤ ਹੈ ਅਤੇ ਇਸ ਨਾਲ ਨਿੱਜਤਾ ਅਤੇ ਕਾਨੂੰਨੀ ਪ੍ਰਕਿਰਿਆ ਦਾ ਨੁਕਸਾਨ ਹੁੰਦਾ ਹੈ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੀ 22 ਤਰੀਕ 'ਤੇ ਟਿਕੀਆਂ ਹੋਈਆਂ ਹਨ, ਜਦੋਂ ਰਾਜਵੀਰ ਘੁੰਮਣ ਨੂੰ ਦੁਬਾਰਾ ਸੀ.ਬੀ.ਆਈ. ਅੱਗੇ ਪੇਸ਼ ਹੋਣਾ ਪਵੇਗਾ। ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਅਗਲੇ ਗੇੜ ਦੀ ਪੁੱਛਗਿੱਛ ਵਿੱਚ ਕਿਹੜੇ ਨਵੇਂ ਖੁਲਾਸੇ ਹੁੰਦੇ ਹਨ ਅਤੇ ਜਾਂਚ ਕਿਹੜਾ ਨਵਾਂ ਮੋੜ ਲੈਂਦੀ ਹੈ.? ਇਸ ਸਬੰਧੀ ਤਾਂ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ ਪ੍ਰੰਤੂ ਜਾਂਚ ਦੇ ਲੰਬੇ ਸਮੇਂ ਦੌਰਾਨ ਸਿਆਸੀ ਅਤੇ ਹੋਰ ਹਲਕਿਆਂ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿ ਇੰਨੇ ਲੰਮੇ ਘੰਟੇ ਸੀਬੀਆਈ ਨੂੰ ਜਾਂਚ ਕਰਨ ਲਈ ਕਿਉਂ ਸਮਾਂ ਲੈਣਾ ਪਿਆ ਇਸ ਮੌਕੇ ਕਿਹੜੇ ਕਿਹੜੇ ਕੁਸਚਨ ਸਵਾਲ ਕੀਤੇ ਗਏ ਹਨ ਜਾਂ ਉਹਨਾਂ ਦੇ ਸੀਬੀਆਈ ਨੂੰ ਕੀ ਜਵਾਬ ਮਿਲੇ ਹਨ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News