ਬੀਬੀ ਸਤਵੰਤ ਕੌਰ ਸ਼ਹੀਦਾਂ ਦੀ ਧੀ ਹੈ ਉਹ ਅਕਾਲੀ ਦਲ, ਪੰਥ ਤੇ ਪੰਜਾਬ ਦਾ ਭਵਿੱਖ ਰੁਸ਼ਨਾਉਣਗੇ : ਜਥੇਦਾਰ ਬਲਵੰਤ ਸਿੰਘ ਗੋਪਾਲਾ
ਅੰਮ੍ਰਿਤਸਰ, 11 ਅਗਸਤ ,ਜੁਗਰਾਜ ਸਿੰਘ ਸਰਹਾਲੀ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ ਹੈ, ਸਾਡੇ ਕੌਮੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਅਤੇ ਬਾਦਲਕਿਆਂ ਨੂੰ ਲਾਹਣਤਾਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਪੋਤਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਜੀ ਨੂੰ ਨਵੇਂ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਕੌਂਸਲ ਦੇ ਚੇਅਰਪਰਸਨ ਵਜੋਂ ਸੇਵਾ ਮਿਲ਼ਣੀ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੌਮੀ ਪ੍ਰਧਾਨ ਚੁਣੇ ਜਾਣ ਨਾਲ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਇਸ ਨਾਲ ਪੰਥਕ ਰਾਜਨੀਤੀ ਦਾ ਮੁੜ ਆਗਾਜ਼ ਹੋਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵੇਖਣ ਨੂੰ ਮਿਲੇਗੀ। ਉਹਨਾਂ ਕਿਹਾ ਕਿ ਬੀਬੀ ਸਤਵੰਤ ਕੌਰ ਨੂੰ ਉਹਨਾਂ ਦੀ ਕਾਬਲੀਅਤ, ਪੰਥਪ੍ਰਸਤੀ, ਤਜ਼ਰਬੇਕਾਰ, ਸਿਦਕੀ ਅਤੇ ਸਿਰੜੀ ਆਗੂ ਅਤੇ ਕੌਮੀ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਹੋਣ ਕਰਕੇ ਪੰਥ ਨੇ ਉਹਨਾਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ, ਜੋ ਉਹ ਹਰ ਹੀਲੇ ਨਿਭਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ, ਪੰਥ ਅਤੇ ਪੰਜਾਬ ਦਾ ਭਵਿੱਖ ਰੁਸ਼ਨਾਉਣਗੇ।
ਭਾਈ ਬਲਵੰਤ ਸਿੰਘ ਗੋਪਾਲਾ ਨੇ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਬਾਦਲ ਦਲ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਨ ਤੋਂ ਬਾਜ਼ ਆਉਣ, ਨਹੀਂ ਤਾਂ ਉਹਨਾਂ ਨੂੰ ਸਬਕ ਸਿਖਾਇਆ ਜਾਏਗਾ। ਉਹਨਾਂ ਕਿਹਾ ਕਿ ਬੀਬੀ ਸਤਵੰਤ ਕੌਰ ਖ਼ਾਲਸਾ ਪੰਥ ਅਤੇ ਦੇਸ਼ ਪੰਜਾਬ ਦੀ ਧੀ ਹੈ, ਉਸ ਤੋਂ ਪੰਥ ਨੂੰ ਵੱਡੀਆਂ ਆਸਾਂ ਹਨ, ਅਸੀਂ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਅਰਦਾਸ ਕਰਦੇ ਹਾਂ ਕਿ ਉਹ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ।
ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਬਾਦਲਕਿਆਂ ਦੀ ਅੱਤ ਦਾ ਹੁਣ ਅੰਤ ਆ ਗਿਆ ਹੈ, ਉਹਨਾਂ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ, ਸਿਰਸੇ ਵਾਲੇ ਨੂੰ ਬਾਪ ਬਣਾਇਆ, ਬੁੱਚੜ ਪੁਲਿਸ ਅਫਸਰਾਂ ਨਾਲ ਯਾਰੀ ਪਾਈ ਅਤੇ ਸਿੰਘਾਂ ਨੂੰ ਸ਼ਹੀਦ ਤੇ ਪੰਥ ਅਤੇ ਪੰਜਾਬ ਦਾ ਰੱਜ ਕੇ ਘਾਣ ਕੀਤਾ। ਸੁਖਬੀਰ ਬਾਦਲ ਨੇ ਦੋ ਦਸੰਬਰ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਿਆ, ਉਹ ਪੰਥ ਅਤੇ ਪੰਜਾਬ ਦਾ ਭਗੌੜਾ ਅਤੇ ਗਦਾਰ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਹੰਕਾਰ ਅਤੇ ਗੁਨਾਹਾਂ ਕਰਕੇ ਹੀ ਵੱਖਰਾ ਅਕਾਲੀ ਦਲ ਹੋਂਦ ਵਿੱਚ ਆਇਆ ਹੈ।
Posted By: GURBHEJ SINGH ANANDPURI