Nazrana Times

ਪੰਜਾਬੀ

ਪੰਜਾਬ ਨੂੰ ਡੋਬਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨੇ ਹੜ੍ਹ : ਭਾਈ ਗੁਰਪ੍ਰੀਤ ਸਿੰਘ (ਮਾਨ ਦਲ)

02 Sep, 2025 10:53 PM

ਅੰਮ੍ਰਿਤਸਰ, 2 ਸਤੰਬਰ , ਨਜ਼ਰਾਨਾ ਟਾਈਮਜ ਬਿਊਰੋ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਿਛਲੇ ਦੋ ਸਾਲ ਪਹਿਲਾਂ ਸੰਨ 2023 ਵਿੱਚ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਸੀ ਤੇ ਹੁਣ ਵੀ ਅਗਸਤ 2025 ਵਿੱਚ ਫਿਰ ਓਹੀ ਸੰਤਾਪ ਭੋਗ ਰਹੇ ਹਨ। ਓਦੋਂ ਵੀ ਪੰਜਾਬ ਵਿੱਚ ਇਹ ਚਰਚਾ ਜ਼ੋਰਾਂ ਉੱਤੇ ਸੀ ਕਿ ਪੰਜਾਬ ਵਿੱਚ ਇਹ ਹੜ੍ਹ ਕੁਦਰਤੀ ਨਹੀਂ ਆਏ, ਬਲਕਿ ਸਰਕਾਰ ਵੱਲੋਂ ਲਿਆਂਦੇ ਗਏ ਹਨ ਤਾਂ ਜੋ ਸਿੱਖਾਂ, ਪੰਜਾਬੀਆਂ ਅਤੇ ਪੰਜਾਬ ਨੂੰ ਖ਼ਤਮ ਕੀਤਾ ਜਾ ਸਕੇ, ਖੇਤੀਬਾੜੀ ਦੇ ਧੰਦੇ ਨੂੰ ਤਬਾਹ ਕੀਤਾ ਜਾਵੇ, ਇਹਨਾਂ ਨੂੰ ਆਰਥਿਕ ਅਤੇ ਸਭ ਪਾਸਿਓਂ ਵੱਡੀ ਸੱਟ ਮਾਰੀ ਜਾਵੇ, ਸਬਕ ਸਿਖਾ ਕੇ , ਈਨ ਮੰਨਵਾ ਕੇ ਆਪਣੇ ਅਨੁਸਾਰ ਚਲਾਇਆ ਜਾਵੇ। ਇਹ ਗੱਲ ਹਰ ਸਿੱਖ ਅਤੇ ਪੰਜਾਬੀ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਹ ਕੁਦਰਤੀ ਨਹੀਂ, ਬਲਕਿ ਸਰਕਾਰੀ ਕਹਿਰ ਹੈ। ਜਦੋਂ ਮੌਸਮੀ ਵਿਭਾਗ ਰਾਹੀਂ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਵਾਰ ਜ਼ਿਆਦਾ ਮੀਂਹ ਪੈਣੇ ਹਨ ਤਾਂ ਡੈਮਾਂ ਦਾ ਕੰਟਰੋਲ ਪਹਿਲਾਂ ਹੀ ਸਹੀ ਕਿਉਂ ਨਹੀਂ ਰੱਖਿਆ ਗਿਆ। ਇਕਦਮ ਪਾਣੀ ਛੱਡਣ ਦੀ ਬਜਾਏ ਜੇਕਰ ਪਹਿਲਾਂ ਹੀ ਹੌਲੀ ਹੌਲੀ ਕੱਢਿਆ ਜਾਂਦਾ ਤਾਂ ਆਹ ਦਿਨ ਨਹੀਂ ਸੀ ਵੇਖਣੇ ਪੈਣੇ! ਕੀ ਸਰਕਾਰ ਵੀ ਡੈਮ ਭਰਨ ਦਾ ਇੰਤਜ਼ਾਰ ਅਤੇ ਇੰਤਜ਼ਾਮ ਕਰਦੀ ਰਹੀ ਹੈ ? ਅੱਜ ਜਦੋਂ ਪਾਣੀ ਨਾਲ ਪੰਜਾਬ ਦੇ ਕਈ ਇਲਾਕੇ ਡੁੱਬੇ ਹੋਏ ਹਨ ਤਾਂ ਇਸ ਸਮੇਂ ਨਾ ਤਾਂ ਸੂਬਾ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਸਾਰ ਲੈ ਰਹੀ ਹੈ। ਝਾੜੂ ਪਾਰਟੀ ਅਤੇ ਭਾਜਪਾ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ। ਇੱਥੇ ਤਾਂ ਦਰਿਆਵਾਂ ਦੇ ਬੰਨ੍ਹ ਵੀ ਪੱਕੇ ਨਹੀਂ ਕੀਤੇ ਗਏ। ਹੁਣ ਜਦੋਂ ਬੰਨ੍ਹ ਟੁੱਟੇ ਹਨ ਤਾਂ ਪੰਜਾਬ ਦੇ ਲੋਕ ਖੁਦ ਹੀ ਡਟੇ ਹੋਏ ਹਨ। ਪੁਲਿਸ ਅਤੇ ਫੌਜ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਸਭ ਘੂਕ ਸੁੱਤੇ ਪਏ ਹਨ। ਦੂਜੇ ਪਾਸੇ ਸਿੱਖ ਸੰਸਥਾਵਾਂ ਖ਼ਾਲਸਾ ਏਡ, ਸ਼੍ਰੋਮਣੀ ਕਮੇਟੀ, ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਸ਼, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਪਣਾ ਫ਼ਰਜ਼ ਬਾਖੂਬੀ ਨਿਭਾ ਰਹੇ ਹਨ। ਕੁਝ ਦਿਨ ਪਹਿਲਾਂ ਫ਼ਿਰਕੂ ਹਿੰਦੂਤਵੀਆਂ ਵੱਲੋਂ ਏ.ਆਈ. ਰਾਹੀਂ ਇੱਕ ਵੀਡੀਓ ਤਿਆਰ ਕੀਤੀ ਗਈ ਸੀ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਇਮਾਰਤ ਨੂੰ ਪਾਣੀ ਦੀ ਤਬਾਹੀ ਵਿੱਚ ਢਹਿ-ਢੇਰੀ ਅਤੇ ਸਿੱਖਾਂ ਨੂੰ ਡੁੱਬਦੇ ਵਿਖਾਇਆ ਗਿਆ ਸੀ। ਅਸੀਂ ਉਦੋਂ ਹੀ ਸਮਝ ਗਏ ਸੀ ਕਿ ਹੁਣ ਸਰਕਾਰ ਵੱਲੋਂ ਸਿੱਖਾਂ ਨੂੰ ਪਾਣੀ ਵਿੱਚ ਡੋਬਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਰਕਾਰ ਗੋਲੀਆਂ ਮਾਰ ਕੇ ਹੀ ਬੰਦੇ ਨਹੀਂ ਮਾਰਦੀ, ਸਗੋਂ ਗੈਰ ਕੁਦਰਤੀ ਹੜ੍ਹ ਲਿਆ ਕੇ ਵੀ ਪੰਥ ਅਤੇ ਪੰਜਾਬ ਦੀ ਨਸਲਕੁਸ਼ੀ ਕਰ ਦਿੰਦੀ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #